ਅਫਗਾਨ ਤਾਲਿਬਾਨ ਨੇ ਹੱਕਾਨੀ ਨੈਟਵਰਕ ਦੇ ਨੇਤਾ ਦੀ ਮੌਤ ਦਾ ਕੀਤਾ ਐਲਾਨ

ਕਾਬੁਲ, 4 ਸਤੰਬਰ (ਸ.ਬ.) ਅਫਗਾਨਿਸਤਾਨ ਦੇ ਸਭ ਤੋਂ ਖਤਰਨਾਕ ਅੱਤਵਾਦੀ ਸਮੂਹਾਂ ਵਿਚ ਸ਼ਾਮਲ ਹੱਕਾਨੀ ਨੈਟਵਰਕ ਦੇ ਸੰਸਥਾਪਕ ਜਲਾਲੁਉਦੀਨ ਹੱਕਾਨੀ ਦੀ ਲੰਬੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਹੈ| ਇਹ ਐਲਾਨ ਹੱਕਾਨੀ ਨੈਟਵਰਕ ਦੇ ਸਹਿਯੋਗੀ ਸੰਗਠਨ ਅਫਗਾਨ ਤਾਲਿਬਾਨ ਨੇ ਅੱਜ ਕੀਤਾ| ਤਾਲਿਬਾਨ ਨੇ ਇਕ ਬਿਆਨ ਵਿਚ ਦੱਸਿਆ ਕਿ ਜਲਾਲੁਉਦੀਨ ਹੱਕਾਨੀ ਦਾ ਬੇਟਾ ਸਿਰਾਜੁਉਦੀਨ ਹੱਕਾਨੀ ਹੁਣ ਇਸ ਅੱਤਵਾਦੀ ਸਮੂਹ ਦਾ ਮੁਖੀ ਹੋਵੇਗਾ ਅਤੇ ਉਹ ਤਾਲਿਬਾਨ ਦਾ ਉਪ ਨੇਤਾ ਵੀ ਹੈ| ਤਾਲਿਬਾਨ ਨੈਟਵਰਕ ਨੇ ਟਵਿੱਟਰ ਉਤੇ ਅੰਗਰੇਜ਼ੀ ਵਿਚ ਜਾਰੀ ਆਪਣੇ ਬਿਆਨ ਵਿਚ ਕਿਹਾ ਕਿ ਜਲਾਲੁਉਦੀਨ ਮੌਜੂਦਾ ਦੌਰ ਦੇ ਮੁੱਖ ਜੇਹਾਦੀਆਂ ਵਿੱਚੋਂ ਇਕ ਸੀ| ਉਹ ਇਕ ਅਫਗਾਨ ਮੁਜਾਹਿਦੀਨ ਦਾ ਕਮਾਂਡਰ ਵੀ ਰਿਹਾ ਸੀ, ਜਿਸ ਨੇ 1980 ਦੇ ਦਹਾਕੇ ਵਿਚ ਅਮਰੀਕਾ ਅਤੇ ਪਾਕਿਸਤਾਨ ਦੀ ਮਦਦ ਨਾਲ ਅਫਗਾਨਿਸਤਾਨ ਵਿਚ ਸੋਵੀਅਤ ਸੰਘ ਦੇ ਕਬਜ਼ੇ ਵਿਰੁੱਧ ਲੜਾਈ ਲੜੀ| ਜਲਾਲੁਉਦੀਨ ਅਰਬੀ ਭਾਸ਼ਾ ਜਾਣਦਾ ਸੀ ਅਤੇ ਬੋਲਦਾ ਸੀ| ਉਸ ਦੇ ਓਸਾਮਾ ਬਿਨ ਲਾਦੇਨ ਸਮੇਤ ਅਰਬ ਜੇਹਾਦੀਆਂ ਨਾਲ ਨੇੜਲੇ ਸਬੰਧ ਰਹੇ| ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਸ ਦੀ ਮੌਤ ਕਦੋਂ ਅਤੇ ਕਿੱਥੇ ਹੋਈ| ਪਿਛਲੇ ਕੁਝ ਸਾਲਾਂ ਵਿੱਚ ਕਈ ਵਾਰ ਉਸ ਦੀ ਮੌਤ ਨੂੰ ਲੈ ਕੇ ਅਫਵਾਹਾਂ ਫੈਲਦੀਆਂ ਰਹੀਆਂ ਹਨ|
!

Leave a Reply

Your email address will not be published. Required fields are marked *