ਅਫਗਾਨ ਸਮੱਸਿਆ ਤੇ ਹੱਲ ਲਈ ਚੀਨ, ਰੂਸ ਅਤੇ ਪਾਕਿਸਤਾਨ ਨੇ ਸਾਂਝੀ ਰਣਨੀਤੀ ਬਣਾਈ

ਇਸਲਾਮਾਬਾਦ, 3 ਅਪ੍ਰੈਲ (ਸ.ਬ.) ਜੰਗ ਪ੍ਰਭਾਵਿਤ ਅਫਗਾਨਿਸਤਾਨ ਵਿੱਚ ਸਥਿਰਤਾ ਲਿਆਉਣ ਦੇ ਉਦੇਸ਼ ਨਾਲ ਚੀਨ, ਪਾਕਿਸਤਾਨ ਅਤੇ ਰੂਸ ਇਕ ਗਠਜੋੜ ਬਣਾਉਣ ਲਈ ਨੇੜੇ ਆ ਰਹੇ ਹਨ| ਇਹ ਤਿੰਨੋਂ ਦੇਸ਼ ਅੱਤਵਾਦੀ ਸਮੂਹ ਇਸਲਾਮਿਕ ਸਟੇਟ (ਆਈ. ਐਸ.) ਨੂੰ ਇਕ ਸਾਂਝੇ ਖਤਰੇ ਦੇ ਰੂਪ ਵਿਚ ਦੇਖਦੇ ਹਨ| ਇਹ ਗੱਲ ਅੱਜ ਇਕ ਮੀਡੀਆ ਰਿਪੋਰਟ ਵਿੱਚ ਕਹੀ ਗਈ| ਦੋ ਦਹਾਕਿਆਂ ਤੋਂ ਵਧ ਸਮੇਂ ਦੇ ਮੁਕਾਬਲੇ ਤੋਂ ਬਾਅਦ ਰਣਨੀਤਕ ਗੁਣਾ-ਭਾਗ ਬਦਲ ਰਿਹਾ ਹੈ| ਇਸਲਾਮਾਬਾਦ ਅਤੇ ਮਾਸਕੋ ਦਹਾਕਿਆਂ ਤੋਂ ਆਪਣੇ ਵਿੱਚ ਰਿਸ਼ਤਿਆਂ ਦੇ ਠੰਡਾ ਰਹਿਣ ਤੋਂ ਬਾਅਦ ਇਕ ਸੰਭਾਵਿਤ ਗਠਜੋੜ ਦਾ ਹਿੱਸਾ ਬਣਨ ਵੱਲ ਵਧ ਰਹੇ ਹਨ| ਇਕ ਪਾਕਿਸਤਾਨੀ ਅਖਬਾਰ ਨੇ ਲਿਖਿਆ ਹੈ ਕਿ ਪਾਕਿਸਤਾਨ ਅਤੇ ਰੂਸ ਨੂੰ ਹੱਥ ਮਿਲਾਉਣ ਨੂੰ ਇਸ ਲਈ ਲਾਚਾਰ ਹੋਣਾ ਪਿਆ ਕਿ ਹੋ ਸਕਦਾ ਹੈ ਅਮਰੀਕਾ ਆਪਣੇ ਰਣਨੀਤਕ ਹਿੱਤਾਂ ਦੇ ਚੱਲਦੇ ਅਫਗਾਨਿਸਤਾਨ ਵਿੱਚ ਸਥਿਰਤਾ ਲਿਆਉਣ ਵਿੱਚ ਦਿਲਚਸਪੀ ਨਾ ਰੱਖਦਾ ਹੋਵੇ|
ਤਿੰਨੋਂ ਦੇਸ਼ ਖੇਤਰੀ ਸਥਿਰਤਾ ਲਿਆਉਣ, ਖਾਸ ਕਰ ਕੇ ਅਫਗਾਨ ਯੁੱਧ ਦਾ ਰਾਜਨੀਤਕ ਹੱਲ ਲੱਭਣ ਦੇ ਉਦੇਸ਼ ਨਾਲ ਗਠਜੋੜ ਬਣਾਉਣ ਦੀ ਦਿਸ਼ਾ ਵੱਲ ਅੱਗੇ ਵਧ ਰਹੇ ਹਨ| ਸੂਤਰਾਂ ਨੇ ਕਿਹਾ ਕਿ ਚੀਨ ਅਤੇ ਰੂਸ ਵੀ ਇਸ ਸਿੱਟੇ ਤੇ ਪਹੁੰਚੇ ਹਨ ਕਿ ਅਮਰੀਕਾ, ਅਫਗਾਨਿਸਤਾਨ ਵਿੱਚ ਸੰਘਰਸ਼ ਨੂੰ ਲੰਬਾ ਖਿੱਚਣਾ ਚਾਹੁੰਦਾ ਹੈ| ਅਧਿਕਾਰੀਆਂ ਨੇ ਰੇਖਾਂਕਿਤ ਕੀਤਾ ਕਿ ਇਸ ਸਥਿਤੀ ਨੇ ਪਾਕਿਸਤਾਨ ਦੇ ਸਾਹਮਣੇ ਇਸ ਬਦਲ ਦੇ ਸਿਵਾਏ ਕੋਈ ਹੋਰ ਬਦਲ ਨਹੀਂ ਛੱਡਿਆ ਹੈ ਕਿ ਰੂਸ, ਚੀਨ ਅਤੇ ਈਰਾਨ ਨਾਲ ਮਿਲ ਕੇ ਖੇਤਰੀ ਹੱਲ ਕੀਤਾ ਜਾਵੇ| ਮਾਸਕੋ, ਅਫਗਾਨ ਸਮੱਸਿਆ ਤੇ ਚਰਚਾ ਲਈ ਪਹਿਲਾਂ ਹੀ ਪਾਕਿਸਤਾਨੀ ਅਤੇ ਚੀਨੀ ਅਧਿਕਾਰੀਆਂ ਨਾਲ ਦੋ ਮੀਟਿੰਗਾਂ ਕਰ ਚੁੱਕਾ ਹੈ| ਇਕ ਹੋਰ ਮੀਟਿੰਗ ਇਸ ਮਹੀਨੇ ਦੇ ਅਖੀਰ ਵਿੱਚ ਹੋਣੀ ਹੈ| ਇਨ੍ਹਾਂ ਮੀਟਿੰਗਾਂ ਦਾ ਉਦੇਸ਼ ਅਫਗਾਨ ਸੰਘਰਸ਼ ਨੂੰ ਲੈ ਕੇ ਇਕ ਖੇਤਰੀ ਸਹਿਮਤੀ ਬਣਾਉਣ ਦਾ ਹੈ|

Leave a Reply

Your email address will not be published. Required fields are marked *