ਅਫਗਾਨ ਜ਼ਿਲ੍ਹਾ ਕਾਂਪਲੈਕਸ ਉਪਰ ਤਾਲਿਬਾਨੀ ਹਮਲੇ ਵਿੱਚ 18 ਵਿਅਕਤੀ ਹਲਾਕ

ਕਾਬੁਲ, 12 ਅਪ੍ਰੈਲ (ਸ.ਬ.) ਅਫਗਾਨਿਸਤਾਨ ਇਕ ਵਾਰੀ ਫਿਰ ਤਾਲਿਬਾਨ ਹਮਲੇ ਨਾਲ ਹਿੱਲ ਗਿਆ ਹੈ| ਸੂਤਰਾਂ ਮੁਤਾਬਕ ਅਫਗਾਨ ਜ਼ਿਲਾ ਕੰਪਲੈਕਸ ਤੇ ਹੋਏ ਤਾਲਿਬਾਨੀ ਹਮਲੇ ਵਿਚ 18 ਵਿਅਕਤੀਆਂ ਦੀ ਮੌਤ ਹੋ ਗਈ| ਅਧਿਕਾਰੀਆਂ ਨੇ ਦੱਸਿਆ ਕਿ ਤਾਲਿਬਾਨੀ ਅੱਤਵਾਦੀਆਂ ਨੇ ਮੱਧ ਅਫਗਾਨਿਸਤਾਨ ਵਿਚ ਸਥਿਤ ਇਕ ਸਰਕਾਰੀ ਕੰਪਲੈਕਸ ਨੂੰ ਨਿਸ਼ਾਨਾ ਬਣਾਇਆ| ਇਸ ਹਮਲੇ ਵਿਚ ਤਿੰਨ ਜ਼ਿਲਾ ਅਧਿਕਾਰੀ ਅਤੇ 15 ਸੁਰੱਖਿਆ ਬਲਾਂ ਦੀ ਮੌਤ ਹੋ ਗਈ ਹੈ| ਗਜਨੀ ਸੂਬੇ ਵਿਚ ਡਿਪਟੀ ਚੀਫ ਪੁਲੀਸ ਅਫਸਰ ਰਮਜ਼ਾਨ ਅਲੀ ਮੋਸੇਨੀ ਨੇ ਕਿਹਾ ਕਿ ਅੱਤਵਾਦੀਆਂ ਨੇ ਕੱਲ ਰਾਤ ਖੁਜਾ ਓਮਰੀ ਜ਼ਿਲਾ ਕੰਪਲੈਕਸ ਤੇ ਹਮਲਾ ਕੀਤਾ ਅਤੇ ਸੁਰੱਖਿਆ ਬਲਾਂ ਨਾਲ ਉਨ੍ਹਾਂ ਵਿਚਕਾਰ ਮੁਕਾਬਲਾ ਹੋਇਆ| ਉਨ੍ਹਾਂ ਨੇ ਦੱਸਿਆ ਕਿ ਇਸ ਹਮਲੇ ਵਿਚ 25 ਤਾਲਿਬਾਨੀ ਅੱਤਵਾਦੀ ਵੀ ਮਾਰੇ ਗਏ| ਜਿਸ ਜਗ੍ਹਾ ਤੇ ਇਹ ਹਮਲਾ ਹੋਇਆ ਹੈ ਉਹ ਸੂਬਾਈ ਰਾਜਧਾਨੀ ਗਜਨੀ ਦੇ ਕਰੀਬ ਹੈ| ਅਫਗਾਨ ਦੇ ਸੰਸਦੀ ਮੈਂਬਰ ਮੁਹੰਮਦ ਆਰਿਫ ਰਹਿਮਾਨੀ ਨੇ ਕਿਹਾ ਕਿ ਹਮਲੇ ਵਿਚ ਜ਼ਿਲਾ ਗਵਰਨਰ, ਖੁਫੀਆ ਸੇਵਾ ਡਾਇਰੈਕਟਰ ਅਤੇ ਇਕ ਡਿਪਟੀ ਪੁਲੀਸ ਅਧਿਕਾਰੀ ਅਤੇ 15 ਸੁਰੱਖਿਆ ਬਲਾਂ ਦੀ ਮੌਤ ਹੋ ਗਈ ਹੈ| ਰਹਿਮਾਨੀ ਨੇ ਕਿਹਾ ਕਿ ਅੱਤਵਾਦੀਆਂ ਨੇ ਰਸਤੇ ਵਿਚ ਮਾਈਨਜ਼ ਵਿਛਾਈਆਂ ਹੋਈਆਂ ਸਨ ਤਾਂ ਜੋ ਫੌਜ ਸਰਕਾਰੀ ਕਰਮਚਾਰੀਆਂ ਦੀ ਮਦਦ ਲਈ ਅੱਗੇ ਨਾ ਆ ਸਕੇ| ਪੁਲੀਸ ਅਧਿਕਾਰੀ ਰਮਜ਼ਾਨ ਅਲੀ ਨੇ ਦੱਸਿਆ ਕਿ ਇਸ ਹਮਲੇ ਵਿਚ ਅੱਠ ਸਰਕਾਰੀ ਸੁਰੱਖਿਆ ਬਲ ਜ਼ਖਮੀ ਹੋ ਗਏ|

Leave a Reply

Your email address will not be published. Required fields are marked *