ਅਫੀਮ ਭੁੱਕੀ ਵਰਗੇ ਕੁਦਰਤੀ ਨਸ਼ਿਆਂ ਬਾਰੇ ਵਧੇਰੇ ਉਦਾਰਵਾਦੀ ਤੇ ਵਿਗਿਆਨਕ ਪਹੁੰਚ ਅਪਣਾਕੇ ਅਮਲੀਆਂ ਦੀ ਲੋੜ ਦੀ ਪੂਰਤੀ ਲਈ ਉਪਰਾਲੇ ਕਰੇ ਸਰਕਾਰ : ਡਾ. ਗਾਂਧੀ

ਨਸ਼ਿਆਂ ਦੀ ਸਮੱਸਿਆ ਬਾਰੇ ਡਾ. ਗਾਂਧੀ ਦੀ ਅਗਵਾਈ ਵਿੱਚ ਵਫਦ ਮੁੱਖ ਮੰਤਰੀ ਨੂੰ ਮਿਲਿਆ
ਚੰਡੀਗੜ੍ਹ, 6 ਅਪ੍ਰੈਲ (ਸ.ਬ.) ਪੰਜਾਬ ਵਿੱਚ  ਨਸ਼ਿਆਂ ਦੀ ਵਿਕਰਾਲ ਸਮੱਸਿਆ ਨੂੰ ਵਿਗਿਆਨਕ ਢੰਗ ਨਾਲ ਹੱਲ ਕਰਨ ਤੇ ਜੋਰ ਦੇਣ ਲਈ  ਡਾ. ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਦੀ ਅਗਵਾਈ ਵਿੱਚ ਵੱਖ ਵੱਖ ਖੇਤਰਾਂ ਦੇ ਮਾਹਿਰਾਂ ਅਤੇ ਪੰਜਾਬ ਫਰੰਟ ਦੇ ਆਗੂਆਂ ਦਾ ਇੱਕ ਵਫਦ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦੀ ਰਿਹਾਇਸ਼ ਤੇ ਮਿਲਿਆ ਅਤੇ ਮੰਗ ਕੀਤੀ ਕਿ ਸਰਕਾਰ ਨਸ਼ਿਆਂ ਦੀ ਸਮੱਸਿਆ ਦੀ ਸਿਰਫ ਸਪਲਾਈ ਪੱਖ ਤੇ ਹੀ ਜੋਰ ਦੇਣ ਦੀ ਬਜਾਏ ਨਸ਼ਿਆਂ ਦੀ ਮੰਗ ਦੀ ਪੂਰਤੀ ਵੱਲ ਵੀ ਬਰਾਬਰ ਧਿਆਨ ਦੇਵੇ|
ਡਾ. ਗਾਂਧੀ ਨੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਸਰਕਾਰ ਵਲੋਂ ਕੀਤੀ ਜਾ ਰਹੀ  ਸਖਤੀ ਕਾਰਨ ਅਮਲੀਆਂ ਵਿੱਚ ਭੈਅ ਪੈਦਾ ਹੋ ਗਿਆ ਤੇ ਅਫੀਮ ਭੁੱਕੀ ਦੇ ਰੇਟ ਦੁੱਗਣੇ ਹੋ ਗਏ ਹਨ, ਸਿੱਟੇ ਵਜੋਂ ਅਮਲੀਆਂ ਨੇ ਆਪਣੀ ਲੋੜ ਦੀ ਪੂਰਤੀ ਲਈ ਗੁਆਂਢੀ ਸੂਬਿਆਂ ਵੱਲ ਵਹੀਰਾਂ ਘੱਤ ਦਿੱਤੀਆਂ ਹਨ| ਨਸ਼ਿਆਂ ਦੀ ਤੋਟ ਕਾਰਨ ਅਮਲੀਆਂ ਵਿੱਚ ਹਾਹਾਕਾਰ ਮੱਚੀ ਪਈ ਹੈ| ਉਹਨਾਂ ਕਿਹਾ ਕਿ ਰਾਤੋ ਰਾਤ ਨਸ਼ੇ ਛੱਡੇ ਨਹੀਂ ਜਾ ਸਕਦੇ ਹਨ ਅਤੇ ਨਸ਼ਿਆਂ ਦੀ ਜਦੋਂ ਤੱਕ ਮੰਗ ਮੌਜੂਦ ਹੈ ਉਦੋਂ ਤੱਕ ਬਦਲਵੇਂ ਇੰਤਜਾਮ ਕਰਨ ਤੋਂ ਬਗੈਰ ਇੰਝ ਬੰਦ ਕਰਨ ਨਾਲ ਸਗੋਂ ਗੰਭੀਰ ਮਨੁੱਖੀ ਤੇ ਆਰਥਿਕ ਸੰਕਟ ਪੈਦਾ ਹੁੰਦਾ ਹੈ|
ਉਹਨਾਂ ਕਿਹਾ ਕਿ ਅਫੀਮ, ਭੁੱਕੀ ਤੇ ਭੰਗ ਵਰਗੇ ਮੁਕਾਬਲਤਨ ਘੱਟ ਨੁਕਸਾਨਦੇਹ ਕੁਦਰਤੀ ਨਸ਼ਿਆਂ ਅਤੇ ਵਧੇਰੇ ਨੁਕਸਾਨਦੇਹ ਅਤੇ ਮਾਰੂ  ਮੈਡੀਕਲ ਤੇ ਸਿੰਥੈਟਿਕ ਨਸ਼ਿਆਂ ਵਿੱਚ ਵਖਰੇਵਾਂ ਕਰਨ ਦੀ ਲੋੜ ਹੈ| ਜਿਥੇ ਵੱਧ ਨੁਕਸਾਨਦੇਹ ਮੈਡੀਕਲ ਤੇ ਚਿੱਟੇ ਵਰਗੇ ਸਿੰਥੈਟਿਕ ਨਸ਼ਿਆਂ ਨੂੰ ਸਖਤੀ ਨਾਲ ਦਬਾਉਣਾ ਚਾਹੀਦਾ ਹੈ, ਉਥੇ ਅਫੀਮ ਭੁੱਕੀ ਵਰਗੇ ਕੁਦਰਤੀ ਨਸ਼ਿਆਂ ਬਾਰੇ ਵਧੇਰੇ ਉਦਾਰਵਾਦੀ ਤੇ ਵਿਗਿਆਨਕ ਪਹੁੰਚ ਅਪਣਾਕੇ ਅਮਲੀਆਂ ਦੀ ਲੋੜ ਦੀ ਪੂਰਤੀ ਲਈ ਸਰਕਾਰੀ ਤੌਰ ਤੇ ਉਪਰਾਲੇ ਕਰਨੇ ਚਾਹੀਦੇ ਹਨ| ਵਫਦ ਨੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਸਦੀਆਂ ਤੋਂ ਦੁਨੀਆਂ ਭਰ ਵਿੱਚ ਲੋਕ ਆਪਣੇ ਮਨ ਦੀ ਮੌਜ ਮਸਤੀ ਲਈ ਅਫੀਮ ਭੁੱਕੀ ਦੀ ਵਰਤੋਂ ਕਰਦੇ ਆਏ ਹਨ ਅਤੇ ਅਨੇਕਾਂ ਦਵਾਈਆਂ ਵਿਚ ਵੀ ਇਹਨਾਂ ਦੀ ਵਰਤੋਂ ਹੁੰਦੀ ਹੈ| ਸਰਕਾਰ ਚਾਹੇ ਤਾਂ ਐਨ.ਡੀ.ਪੀ.ਐਸ. ਐਕਟ ਅਧੀਨ ਆਪਣੇ ਨਿਯੰਤਰਨ ਹੇਠ ਅਫੀਮ ਭੁੱਕੀ ਦੀ ਖੇਤੀ ਕਰਵਾ ਸਕਦੀ ਹੈ ਅਤੇ ਅਮਲੀਆਂ ਦੀ ਮੰਗ ਪੂਰੀ ਕਰਕੇ ਉਹਨਾਂ ਨੂੰ ਪੜਾਅਵਾਰ ਪ੍ਰੇਰਨਾ, ਇਲਾਜ, ਕੌਂਸਲਿੰਗ ਅਤੇ ਮੁੜ ਵਸੇਬੇ ਰਾਹੀਂ ਇਹਨਾਂ ਨਸ਼ਿਆਂ ਤੋਂ ਮੁਕਤ ਕਰਵਾ ਸਕਦੀ ਹੈ| ਇਸ ਨਾਲ ਨਾ ਸਿਰਫ਼ ਅਮਲੀਆਂ ਅਤੇ ਦਵਾਈ ਸਅਨਤ ਦੀਆਂ ਲੋੜਾਂ ਦੀ ਪੂਰਤੀ ਹੋ ਸਕੇਗੀ ਸਗੋਂ ਡਰੱਗ ਮਾਫੀਏ ਦਾ ਮੁਨਾਫਾ ਖਤਮ ਕਰਕੇ ਲੱਕ ਤੋੜਿਆ ਜਾ ਸਕਦਾ ਹੈ ਤੇ ਸਰਕਾਰ ਵਾਧੂ ਮਾਲੀਆ ਵੀ ਕਮਾ ਸਕਦੀ ਹੈ|
ਵਫਦ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਨਸ਼ਿਆਂ ਦੀ ਸਮੱਸਿਆ ਨੂੰ ਵਿਗਿਆਨਕ ਢੰਗ ਨਾਲ ਹੱਲ ਕਰਨ ਲਈ ਸਰਕਾਰ ਸਭ ਤੋਂ ਪਹਿਲਾਂ ਨਸ਼ਿਆਂ ਦੇ ਆਦੀ ਹੋ ਚੁੱਕੇ ਵਿਅਕਤੀਆਂ ਦੀ ਰਜਿਸਟਰੀ ਤਿਆਰ ਕਰੇ ਅਤੇ ਵੱਖ ਵੱਖ ਕਿਸਮ ਦੇ ਨਸ਼ਿਆਂ ਦੀ ਮੰਗ ਦਾ ਅਨੁਮਾਨ ਲਗਾਏ| ਵਿਗਿਆਨਕ ਢੰਗ ਨਾਲ ਇਕੱਠੇ ਕੀਤੇ ਅੰਕੜਿਆਂ ਤੋਂ ਬਗੈਰ ਕਿਸੇ ਸਮਾਜਿਕ, ਵਿਅਕਤੀਗਤ ਜਾਂ ਸਿਹਤ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਸਕਦਾ| ਡਾ. ਗਾਂਧੀ ਨੇ ਕਿਹਾ ਕਿ ਉਹਨਾਂ ਦੀ ਟੀਮ ਇਸ ਕੰਮ ਵਿੱਚ ਸਰਕਾਰ ਦੀ ਹਰ ਤਰਾਂ ਨਾਲ ਮਦਦ ਕਰਨ ਲਈ ਤਿਆਰ ਹੈ|
ਡਾ. ਗਾਂਧੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਸ ਸਬੰਧੀ ਐਨ. ਡੀ. ਪੀ. ਐਸ. ਐਕਟ ਵਿੱਚ ਸੋਧ ਲਈ ਉਹਨਾਂ ਵਲੋਂ ਪਹਿਲਾਂ ਹੀ ਇਕ ਬਿੱਲ ਲੋਕ ਸਭਾ ਵਿੱਚ ਪੇਸ਼ ਕੀਤਾ ਹੈ| ਵਫ਼ਦ ਵਿੱਚ ਡਾ. ਗਾਂਧੀ ਦੇ ਨਾਲ ਨਸ਼ਿਆਂ ਦੇ ਮੁੱਦੇ ਬਾਰੇ ਗੰਭੀਰਤਾ ਨਾਲ ਖੋਜ ਕਰਨ ਵਾਲੇ ਸਾਬਕਾ ਸਯੁੰਕਤ ਡਾਇਰੈਕਟਰ ਸਿਹਤ ਸੇਵਾਵਾਂ ਡਾ. ਜਗਜੀਤ ਚੀਮਾ, ਪ੍ਰੋ. ਸੰਤੋਖ ਸਿੰਘ, ਪ੍ਰੋ. ਨਰਿੰਦਰ ਸਿੰਘ ਸੰਧੂ, ਲੈਫਟੀਨੈਂਟ ਕਰਨਲ ਜਸਜੀਤ ਸਿੰਘ, ਡਾ. ਹਰਿੰਦਰ ਸਿੰਘ ਜੀਰਾ, ਸ਼੍ਰੀ ਦਿਲਪ੍ਰੀਤ ਸਿੰਘ ਗਿੱਲ ਤੇ ਸ਼੍ਰੀ ਸੁਮੀਤ ਸਿੰਘ ਭੁੱਲਰ ਤੋਂ ਇਲਾਵਾ ਮੌਕੇ ਤੇ ਮੁੱਖ ਮੰਤਰੀ ਨਿਵਾਸ ਤੇ ਮੌਜੂਦ ਕਾਂਗਰਸ ਪਾਰਟੀ ਦੇ ਸਕੱਤਰ ਸ਼੍ਰੀ ਪੀ.ਕੇ. ਭਾਰਦਵਾਜ ਵੀ ਸ਼ਾਮਲ ਹੋਏ| ਮੁੱਖ ਮੰਤਰੀ ਤੋਂ ਇਲਾਵਾ ਚਰਚਾ ਵਿੱਚ ਨਸ਼ਿਆਂ ਬਾਰੇ ਵਿਸ਼ੇਸ਼ ਟਾਸਕ ਫੋਰਸ ਦੇ ਮੁੱਖੀ ਏ.ਡੀ.ਜੀ.ਪੀ. ਸ਼੍ਰੀ ਹਰਪਰੀਤ ਸਿੰਘ ਸਿੱਧੂ ਅਤੇ ਉਹਨਾਂ ਦੀ ਟੀਮ ਦੇ ਮੈਂਬਰ ਦੋ ਆਈ. ਜੀ. ਸ੍ਰ. ਬਲਕਾਰ ਸਿੰਘ ਤੇ ਸ਼੍ਰੀ ਚੰਦਰ ਸ਼ੇਖਰ ਵੀ ਮੌਜੂਦ ਸਨ| ਮੁੱਖ ਮੰਤਰੀ ਨਾਲ ਲੰਬੀ ਚਰਚਾ ਤੋਂ ਬਾਅਦ ਵਿਸ਼ੇਸ਼ ਟਾਸਕ ਫੋਰਸ ਦੇ ਅਧਿਕਾਰੀਆਂ ਨੇ ਵੱਖਰੇ ਤੌਰ ਤੇ ਵਫਦ ਨਾਲ ਲੰਬੀ ਚਰਚਾ ਕੀਤੀ| ਵਫਦ ਨੇ ਟਾਸਕ ਫੋਰਸ ਦੇ ਮੁੱਖੀ ਨੂੰ ਵੱਖ-ਵੱਖ ਦੇਸ਼ਾਂ ਦੇ ਤਜਰਬਿਆਂ ਸਬੰਧੀ ਖੋਜਾਂ, ਰਿਪੋਰਟਾਂ ਅਤੇ ਕਈ ਅਹਿਮ ਦਸਤਾਵੇਜ ਵੀ ਸੌਂਪੇ|

Leave a Reply

Your email address will not be published. Required fields are marked *