ਅਮਨਦੀਪ ਸਿੰਘ ਸਿੱਧੂ ਤੀਜੀ ਵਾਰ ਚੁਣੇ ਗਏ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਪ੍ਰਧਾਨ

ਮੈਲਬੌਰਨ, 25 ਅਪ੍ਰੈਲ , (ਸ.ਬ.) ਬੀਤੇ ਦਿਨੀਂ ਵਿਸ਼ਵ ਪ੍ਰਸਿੱਧ  ਆਸਟ੍ਰੇਲੀਅਨ ਸਿੱਖ ਖੇਡਾਂ ਦੀ ਸਲਾਨਾ ਮੀਟਿੰਗ ਹੋਈ, ਜਿਸ ਵਿੱਚ ਸੰਸਥਾ ਦੇ 50 ਦੇ ਕਰੀਬ ਕਲੱਬਾਂ ਨੇ ਭਾਗ ਲਿਆ| ਇਸ ਦੌਰਾਨ ਪਿਛਲੇ ਸਾਲ ਦਾ ਲੇਖਾ-ਜੋਖਾ ਸੰਸਥਾ ਦੇ ਖ਼ਜ਼ਾਨਚੀ ਮਾਈਕਲ ਸਿੰਘ ਵਲੋਂ ਦਿੱਤਾ ਗਿਆ| ਪ੍ਰਧਾਨ ਅਮਨਦੀਪ ਸਿੰਘ ਸਿੱਧੂ ਨੇ ਸੰਸਥਾ ਵਲੋਂ ਬੀਤੇ ਸਾਲ ਕੀਤੇ ਕੰਮ ਅਤੇ ਆਉਣ ਵਾਲੇ ਯੋਜਨਾਵਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ| ਸੰਸਥਾ ਦੇ ਸਕੱਤਰ ਮਨਜੀਤ ਸਿੰਘ ਬੋਪਾਰਾਏ ਅਤੇ ਔਰਤਾਂ ਦੀ ਨੁਮਾਇੰਦਗੀ ਕਰ ਰਹੀ ਰਿੰਮੀ ਗੁਰਮ ਵਲੋਂ ਸਵੈ-ਇੱਛਾ ਨਾਲ ਆਪਣੇ ਅਹੁਦੇ ਤੋਂ ਫ਼ਾਰਗ ਹੋਣ ਕਾਰਨ ਆਉਣ ਵਾਲੇ ਸਾਲ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਹੋਈ, ਜਿਸ ਵਿੱਚ ਚੋਣ ਅਫ਼ਸਰ ਦੀ ਭੂਮਿਕਾ ਹਰਜਿੰਦਰ ਸਿੰਘ ਢੀਂਡਸਾ ਕੈਨਬਰਾ ਨੇ ਨਿਭਾਈ| ਪ੍ਰਧਾਨ ਦੇ ਅਹੁਦੇ ਲਈ ਸਿੰਘ ਸਭਾ ਸਪੋਰਟਸ ਕਲੱਬ ਦੇ ਬਹਾਦਰ ਸਿੰਘ ਢਿੱਲੋਂ ਅਤੇ ਅਮਨਦੀਪ ਸਿੰਘ ਸਿੱਧੂ ਵਿਚਾਲੇ ਮੁਕਾਬਲਾ ਸੀ| ਇਸ ਵਿੱਚ ਅਮਨਦੀਪ ਸਿੰਘ ਸਿੱਧੂ 11 ਦੇ ਮੁਕਾਬਲੇ 18 ਵੋਟਾਂ ਨਾਲ ਜੇਤੂ ਰਹੇ| ਉਥੇ ਹੀ ਸਕੱਤਰ ਦੇ ਅਹੁਦੇ ਲਈ ਪ੍ਰਦੀਪ ਸਿੰਘ ਪਾਂਗਲੀ ਨੇ ਤਰਨਦੀਪ ਸਿੰਘ ਨੂੰ ਇਕ ਪਾਸੜ ਮੁਕਾਬਲੇ ਵਿੱਚ 7 ਵੋਟਾਂ ਦੇ ਮੁਕਾਬਲੇ 22 ਵੋਟਾਂ ਨਾਲ ਹਰਾ ਦਿੱਤਾ| ਸੱਭਿਆਚਾਰਕ ਅਤੇ ਤਕਨੀਕੀ ਥਾਂ ਲਈ ਮਿੰਟੂ ਬਰਾੜ ਅਤੇ ਨਵਦੀਪ ਸਿੰਘ ਪਾਂਗਲੀ ਬਿਨਾਂ ਮੁਕਾਬਲਾ ਜੇਤੂ ਰਹੇ| ਔਰਤਾਂ ਦੀ ਨੁਮਾਇੰਦਗੀ ਇਸ ਸਾਲ ਪਰਮਬੀਰ ਕੌਰ ਸੰਘਾ ਦੇ ਹਿੱਸੇ ਆਈ ਹੈ|
ਇੱਥੇ ਦੱਸਣਯੋਗ ਹੈ ਕਿ  ਆਸਟਰੇਲੀਆ ਵਿੱਚ ਖੇਡਾਂ ਦੇ ਖੇਤਰ ਇਹ ਸਭ ਤੋਂ ਵੱਡੀ ਸੰਸਥਾ ਹੈ ਅਤੇ ਇਸ ਦੇ ਤਹਿਤ 50 ਤੋਂ ਉਪਰ ਕਲੱਬ ਇਹ ਖੇਡਾਂ ਪਿਛਲੇ 30 ਸਾਲਾਂ ਤੋਂ ਕਰਾ ਰਹੇ ਹਨ| ਚੋਣ ਜਿੱਤਣ ਤੋਂ ਉਪਰੰਤ ਅਮਨਦੀਪ ਸਿੰਘ ਸਿੱਧੂ ਨੇ ਸਾਰੇ ਕਲੱਬਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਸੀਂ ਸਾਡੇ ਕੰਮ ਵਿੱਚ ਵਿਸ਼ਵਾਸ ਕਰਕੇ ਇੱਕ ਵਾਰ ਹੋਰ ਮੌਕਾ ਦਿੱਤਾ ਹੈ| ਸੋ ਤੁਹਾਡੀਆਂ ਇੱਛਾਵਾਂ ਤੇ ਠੀਕ ਉਤਰਨ ਲਈ ਅਸੀਂ ਦੁੱਗਣੀ ਮਿਹਨਤ ਅਤੇ ਨਵੇਂ-ਨਵੇਂ ਤਜ਼ਰਬੇ ਲੈ ਕੇ ਹਾਜ਼ਰ ਹੋਵਾਂਗੇ| ਉਨ੍ਹਾਂ ਦੱਸਿਆ ਕਿ ਇਸ ਸਾਲ ਸਿੱਖੀ ਪ੍ਰੰਪਰਾਵਾਂ ਦੀ ਤਰਜ਼ਮਾਨੀ ਕਰਦੇ ਸਿੱਖਾਂ ਦੇ ਮਾਰਸ਼ਲ ਆਰਟ ‘ਗੱਤਕੇ’ ਨੂੰ ਇਕ ਖੇਡ ਦੇ ਰੂਪ ਵਿਚ ਲਿਆਂਦਾ ਜਾਵੇਗਾ ਅਤੇ ਇਸ ਦੇ ਨਾਲ ਨਾਲ ਤੀਰ ਅੰਦਾਜ਼ੀ ਅਤੇ ਤੰਤੀ ਸਾਜ਼ਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਜਥੇ ਵੀ ਖੇਡਾਂ ਦੌਰਾਨ ਪ੍ਰਮੋਟ ਕੀਤੇ ਜਾਣਗੇ|

Leave a Reply

Your email address will not be published. Required fields are marked *