ਅਮਨ ਅਮਾਨ ਨਾਲ ਲੰਘ ਗਿਆ ਹੋਲੀ ਦਾ ਤਿਉਹਾਰ
ਅਮਨ ਅਮਾਨ ਨਾਲ ਲੰਘ ਗਿਆ ਹੋਲੀ ਦਾ ਤਿਉਹਾਰ
ਮਾਰਕੀਟਾਂ ਵਿੱਚ ਹੁਲੱੜਬਾਜਾਂ ਤੇ ਕਾਬੂ ਕਰਨ ਵਿੱਚ ਰੁਝੀ ਰਹੀ ਪੁਲੀਸ
ਐਸ ਏ ਐਸ ਨਗਰ, 3 ਮਾਰਚ (ਸ਼ਬ ਹੋਲੀ ਦੇ ਤਿਓਹਾਰ ਮੌਕੇ ਸ਼ਹਿਰ ਵਿੱਚ ਜਿੱਥੇ ਅਮਨ ਅਮਾਨ ਰਿਹਾ ਉੱਥੇ ਸ਼ਹਿਰ ਦੇ ਬਾਜਾਰਾਂ ਖਾਸ ਕਰਕੇ ਫੇਜ਼ 3 ਬੀ 2 ਅਤੇ ਫੇਜ਼ 7 ਦੀ ਮਾਰਕੀਟ ਵਿੱਚ ਹੋਲੀ ਦੇ ਹੁੜਦੰਗ ਵਿੱਚ ਮਸਤ ਮੁੰਡੇ ਕੁੜੀਆਂ ਉੱਪਰ ਕਾਬੂ ਰੱਖਣ ਲਈ ਪੁਲੀਸ ਨੂੰ ਕਾਫੀ ਮਿਹਨਤ ਕਰਨੀ ਪਈ। ਇਸ ਦੌਰਾਨ ਜਿੱਥੇ ਨੌਜਵਾਨ ਮੁੰਡੇ ਕੁੜੀਆਂ ਖੁੱਲੀਆਂ ਜੀਪਾਂ ਅਤੇ ਕਾਰਾਂ ਦੀਆਂ ਖਿੜਕੀਆਂ ਵਿੱਚ ਬੈਠ ਕੇ ਰੌਲਾ ਪਾਉਂਦੇ ਦਿਖੇ ਉੱਥੇ ਪੁਲੀਸ ਦਾ ਜੋਰ ਇਹਨਾਂ ਹੁੱਲੜਬਾਜਾਂ ਨੂੰ ਸਮਝਾ ਕੇ ਵਾਪਸ ਭੇਜਣ ਵੱਲ ਰਿਹਾ ਅਤੇ ਪੁਲੀਸ ਦੀ ਕੋਸ਼ਿਸ਼ ਰਹੀ ਕਿ ਤਿਉਹਾਰ ਮੌਕੇ ਸ਼ਹਿਰ ਦਾ ਮਾਹੌਲ ਖਰਾਬ ਨਾ ਹੋਣ ਦਿੱਤਾ ਜਾਵੇ।
ਇਸ ਵਾਰ ਆਮ ਲੋਕਾਂ ਵਿੱਚ ਹੋਲੀ ਦਾ ਉਤਸਾਹ ਪਹਿਲਾਂ ਦੇ ਮੁਕਾਬਲੇ ਕੁੱਝ ਘੱਟ ਰਿਹਾ ਅਤੇ ਇਸ ਦੌਰਾਨ ਹੋਣ ਵਾਲੀਆਂ ਵੱਡੀਆਂ ਪਾਰਟੀਆਂ ਦੀ ਗਿਣਤੀ ਵੀ ਘੱਟ ਰਹੀ। ਨੌਜਵਾਨ ਮੁੰਡੇ ਕੁੜੀਆਂ ਜਰੂਰ ਹੋਲੀ ਦੀ ਮਸਤੀ ਵਿੱਚ ਨਜਰ ਆਏ ਅਤੇ ਉਹਨਾਂ ਵਲੋਂ ਇਸ ਦੌਰਾਨ ਟ੍ਰੈਫਿਕ ਨਿਯਮਾਂ ਦੀ ਖੁੱਲ ਕੇ ਉਲੰਘਣਾ ਵੀ ਕੀਤੀ ਗਈ।
ਹੁਲੱੜਬਾਜਾਂ ਤੇ ਕਾਬੂ ਕਰਨ ਲਈ ਪੁਲੀਸ ਵੀ ਪੂਰੀ ਤਰ੍ਹਾਂ ਸਰਗਰਮ ਨਜਰ ਆਈ ਹਾਲਾਂਕਿ ਪੁਲੀਸ ਵਲੋਂ ਹੁਲੱੜਬਾਜਾਂ ਤੇ ਸਖਤ ਕਾਰਵਾਈ ਕਰਨ ਤੋਂ ਪਰਹੇਜ ਕੀਤਾ ਗਿਆ। ਇਸ ਦੌਰਾਨ ਪੁਲੀਸ ਪਾਰਟੀਆਂ ਵਲੋਂ ਫੇਜ਼ 3 ਅਤੇ ਫੇਜ਼ 7 ਦੀਆਂ ਮਾਰਕੀਟਾਂ ਵਿੱਚ ਲਗਾਤਾਰ ਚੌਕਸੀ ਵਰਤੀ ਜਾਂਦੀਰਹੀ ਅਤੇ ਥਾਣਾ ਮਟੌਰ ਦੇ ਮੁਖੀ ਸ੍ਰ ਜਰਨੈਲ ਸਿੰਘ ਵਲੋਂ ਪੁਲੀਸ ਕੰਟਰੋਲ ਰੂਮ ਦੀਆਂ ਪੁਲੀਸ ਪਾਰਟੀਆਂ ਦੇ ਨਾਲ ਲਗਾਤਾਰ ਗਸ਼ਤ ਕੀਤੀ ਜਾਂਦੀ ਰਹੀ। ਇਸ ਦੌਰਾਨ ਜਦੋਂ ਵੀ ਨੌਜਵਾਨਾਂ ਦੇ ਟੋਲੇ ਇਕੱਠੇ ਹੁੰਦੇ ਪੁਲੀਸ ਵਲੋਂ ਉਹਨਾਂ ਨੂੰ ਖਿੰਡਾ ਦਿੱਤਾ ਜਾਂਦਾ ਰਿਹਾ।