ਅਮਨ ਅਮਾਨ ਨਾਲ ਸਿਰੇ ਚੜਿਆ ਜਿਲ੍ਹਾ ਪ੍ਰੀਸਦ ਤੇ ਬਲਾਕ ਸੰਮਤੀ ਚੋਣਾਂ ਦਾ ਅਮਲ

ਅਮਨ ਅਮਾਨ ਨਾਲ ਸਿਰੇ ਚੜਿਆ ਜਿਲ੍ਹਾ ਪ੍ਰੀਸਦ ਤੇ ਬਲਾਕ ਸੰਮਤੀ ਚੋਣਾਂ ਦਾ ਅਮਲ
ਅਕਾਲੀਆਂ ਅਤੇ ਕਾਂਗਰਸੀਆਂ ਵਲੋਂ ਇੱਕ ਦੂਜੇ ਦੇ ਖਿਲਾਫ ਇਲਜਾਮਬਾਜੀ
ਐਸ.ਏ.ਐਸ.ਨਗਰ, 19 ਸਤੰਬਰ (ਸ.ਬ.) ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦੌਰਾਨ ਇਕ ਦੋ ਥਾਵਾਂ ਨੂੰ ਛੱਡ ਕੇ ਬਾਕੀ ਥਾਂਵਾਂ ਉਪਰ ਵੋਟਾਂ ਅਮਨ ਅਮਾਨ ਨਾਲ ਪੈ ਗਈਆਂ| ਲੋਕ ਸਵੇਰੇ ਅੱਠ ਵਜੇ ਤੋਂ ਪਹਿਲਾਂ ਹੀ ਚੋਣ ਬੂਥਾਂ ਉਪਰ ਪਹੁੰਚਣੇ ਸ਼ੁਰੂ ਹੋ ਗਏ ਸਨ ਅਤੇ ਪੂਰੇ ਅੱਠ ਵਜੇ ਵੋਟਾਂ ਪਾਉਣ ਦਾ ਅਮਲ ਸ਼ੁਰੂ ਹੋ ਗਿਆ ਸੀ| ਸ਼ਾਮ ਦੇ ਚਾਰ ਵਜੇ ਤਕ ਲੋਕ ਉਤਸ਼ਾਹ ਨਾਲ ਵੋਟਾਂ ਪਾਉਂਦੇ ਰਹੇ| ਇਹਨਾਂ ਚੋਣਾਂ ਦੌਰਾਨ ਕਿਸੇ ਵੀ ਅਣਸੁਖਾਂਵੀ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਪ੍ਰਸ਼ਾਸਨ ਅਤੇ ਪੁਲੀਸ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ| ਮੁਹਾਲੀ ਜ਼ਿਲ੍ਹੇ ਵਿੱਚ ਚੋਣਾਂ ਲਈ 419 ਬੂਥ ਬਣਾਏ ਗਏ ਸਨ | ਜਿਨ੍ਹਾਂ ਤੇ 2100 ਚੋਣ ਅਮਲੇ ਦੇ ਮੁਲਾਜਮ ਆਪਣੀ ਡਿਊਟੀ ਨਿਭਾਅ ਰਹੇ ਸਨ|
ਕਈ ਪੋਲਿੰਗ ਕੇਂਦਰਾਂ ਦੇ ਬਾਹਰ ਅਕਾਲੀਆਂ ਅਤੇ ਕਾਂਗਰਸੀਆਂ ਵਿਚਾਲੇ ਬਹਿਸਬਾਜੀ ਵੀ ਹੋਈ| ਇਸ ਮੌਕੇ ਅਕਾਲੀ ਆਗੂਆਂ ਨੇ ਦੋਸ਼ ਲਗਾਇਆ ਕਿ ਕਾਂਗਰਸ ਸਰਕਾਰ ਵਲੋਂ ਇਹਨਾਂ ਚੋਣਾਂ ਵਿੱਚ ਜਿਤ ਪ੍ਰਾਪਤ ਕਰਨ ਲਈ ਧੱਕੇਸ਼ਾਹੀ ਕੀਤੀ ਜਾ ਰਹੀ ਹੈ| ਦੂਜੇ ਪਾਸੇ ਕਾਂਗਰਸੀ ਆਗੂਆਂ ਦਾ ਕਹਿਣਾ ਸੀ ਕਿ ਇਨ੍ਹਾਂ ਚੋਣਾਂ ਵਿਚ ਕਾਂਗਰਸ ਦੀ ਜਿੱਤ ਯਕੀਨੀ ਵੇਖ ਕੇ ਅਕਾਲੀ ਦਲ ਅਤੇ ਆਪ ਦੇ ਆਗੂ ਬੌਖਲਾ ਗਏ ਹਨ ਅਤੇ ਆਪਣੀ ਹਾਰ ਸਾਹਮਣੇ ਵੇਖ ਕੇ ਬੇਤੁਕੇ ਦੋਸ਼ ਲਗਾ ਰਹੇ ਹਨ| ਇਸ ਮੌਕੇ ਅਕਾਲੀ ਦਲ ਅਤੇ ਕਾਂਗਰਸ ਦੇ ਕਈ ਸੀਨੀਅਰ ਆਗੂਆਂ ਨੇ ਵੱਖ- ਵੱਖ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਅਤੇ ਆਪੋ ਆਪਣੀ ਪਾਰਟੀ ਦੇ ਉਮੀਦਵਾਰਾਂ ਦਾ ਹੌਂਸਲਾ ਵਧਾਉਣ ਦੇ ਨਾਲ ਹੀ ਵੋਟਰਾਂ ਨੂੰ ਵੋਟਾਂ ਪਾਉਣ ਲਈ ਵੀ ਪ੍ਰੇਰਿਤ ਕੀਤਾ| ਇਸ ਮੌਕੇ ਕਾਂਗਰਸ ਅਤੇ ਅਕਾਲੀ ਦਲ ਦੇ ਵਰਕਰਾਂ ਵਲੋਂ ਆਪੋ ਆਪਣੀ ਪਾਰਟੀ ਦੇ ਹੱਕ ਵਿੱਚ ਨਾਰ੍ਹੇਬਾਜੀ ਵੀ ਹੁੰਦੀ ਰਹੀ|
ਐਸ ਏ ਐਸ ਨਗਰ ਜ਼ਿਲ੍ਹੇ ਵਿੱਚ 2 ਲੱਖ 74 ਹਜ਼ਾਰ 894 ਦੇ ਕਰੀਬ ਵੋਟਰ ਹਨ ਜਿਨ੍ਹਾਂ ਵਿਚ 1 ਲੱਖ 49 ਹਜ਼ਾਰ 676 ਮਰਦ ਅਤੇ 1 ਲੱਖ 27 ਹਜ਼ਾਰ 218 ਦੇ ਕਰੀਬ ਔਰਤਾਂ ਵੋਟਰ ਸ਼ਾਮਿਲ ਹਨ| ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ 10 ਜੋਨ, ਤਿੰਨ ਪੰਚਾਇਤ ਸੰਮਤੀਆਂ ਡੇਰਾਬਸੀ, ਖਰੜ ਅਤੇ ਮਾਜਰੀ ਦੇ ਕੁੱਲ 63 ਜੋਨ ਹਨ, ਜਦਕਿ ਖਰੜ ਬਲਾਕ ਸੰਮਤੀ ਤੋਂ ਇਕ ਮੈਂਬਰ ਨਿਰਵਿਰੋਧ ਚੁਣਿਆ ਗਿਆ ਹੈ| ਜ਼ਿਲ੍ਹਾ ਪ੍ਰੀਸ਼ਦ ਲਈ 23 ਅਤੇ ਬਲਾਕ ਸੰਮਤੀਆਂ ਲਈ ਹੁਣ 150 ਉਮੀਦਵਾਰਾਂ ਦੀ ਕਿਸਮਤ ਡੱਬਿਆਂ ਵਿੱਚ ਬੰਦ ਹੋ ਗਈ ਹੈ|

Leave a Reply

Your email address will not be published. Required fields are marked *