ਅਮਰਨਾਥ ਯਾਤਰੀਆਂ ਦਾ ਪਹਿਲਾ ਜੱਥਾ ਰਵਾਨਾ, 40 ਹਜ਼ਾਰ ਸੁਰੱਖਿਆਕਰਮੀ ਤੈਨਾਤ

ਸ਼੍ਰੀਨਗਰ, 27 ਜੂਨ (ਸ.ਬ.) ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ ਪਹਿਲਾ ਜੱਥਾ ਜੰਮੂ ਤੋਂ ਅੱਜ ਸਵੇਰੇ ਸੁਰੱਖਿਆ ਵਿੱਚ ਰਵਾਨਾ ਹੋਇਆ| ਜੰਮੂ ਦੇ ਭਗਵਤੀ ਨਗਰ ਸਥਿਤ ਬੇਸ ਕੈਂਪ ਤੋਂ ਬੀ.ਵੀ.ਆਰ. ਸੁਬਰਮਨੀਅਮ (ਮੁੱਖ ਸਕੱਤਰ), ਬੀ.ਵੀ. ਵਿਆਸ (ਰਾਜਪਾਲ ਸਲਾਹਕਾਰ) ਅਤੇ ਵਿਜੇ ਕੁਮਾਰ (ਰਾਜਪਾਲ ਸਲਾਹਕਾਰ) ਨੇ ਜੱਥੇ ਨੂੰ ਝੰਡਾ ਦਿਖਾ ਕੇ ਰਵਾਨਾ ਕੀਤਾ| ਹੁਣ ਤੱਕ ਦੇਸ਼ ਭਰ ਤੋਂ 2 ਲੱਖ ਸ਼ਰਧਾਲੂਆਂ ਨੇ ਅਮਰਨਾਥ ਗੁਫਾ ਦੀ ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾਇਆ ਹੈ| ਅਧਿਕਾਰੀਆਂ ਨੇ ਦੱਸਿਆ ਕਿ ਸ਼ਰਧਾਲੂਆਂ ਵਿੱਚ ਸਾਧੂ ਵੀ ਸ਼ਾਮਲ ਹਨ| ਯਾਤਰੀਆਂ ਦਾ ਪਹਿਲਾਂ ਜੱਥਾ ਕਸ਼ਮੀਰ ਦੇ ਦੋ ਬੇਸ ਕੈਂਪਾਂ ਤੋਂ ਬਾਲਟਾਲ ਅਤੇ ਪਹਿਲਗਾਮ ਦੇ ਲਈ ਰਵਾਨਾ ਹੋਇਆ| ਤੀਰਥਯਾਤਰੀ ਅਗਲੇ ਦਿਨ ਪੈਦਲ ਹੀ 3880 ਮੀਟਰ ਦੀ ਉਚਾਈ ਤੇ ਸਥਿਤ ਗੁਫਾ ਮੰਦਰ ਲਈ ਰਵਾਨਾ ਹੋਣਗੇ| 40 ਦਿਨਾਂ ਤੱਕ ਚੱਲਣ ਵਾਲੀ ਯਾਤਰਾ 26 ਅਗਸਤ ਨੂੰ ਖਤਮ ਹੋਵੇਗੀ, ਜਿਸ ਦਿਨ ‘ਰੱਖੜੀ’ ਵੀ ਹੋਵੇਗੀ| ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ 1.96 ਲੱਖ ਤੀਰਥਯਾਤਰੀਆਂ ਨੇ ਯਾਤਰਾ ਲਈ ਰਜਿਸ਼ਟਰੇਸ਼ਨ ਕਰਵਾਇਆ ਹੈ| ਇਸ ਵਾਰ ਅਮਰਨਾਥ ਜਾਣ ਵਾਲੇ ਵਾਹਨਾਂ ਵਿੱਚ ਰੇਡਿਓ ਫ੍ਰੀਕਵੇਂਸੀ ਟੈਗ ਦਾ ਇਸਤੇਮਾਲ ਕੀਤਾ ਜਾਵੇਗਾ ਅਤੇ ਸੀ.ਆਰ.ਪੀ.ਐੈਫ. ਦਾ ਮੋਟਰਸਾਈਕਲ ਦਸਤਾ ਵੀ ਐਕਟਿਵ ਰਹੇਗਾ|
ਅਧਿਕਾਰੀਆਂ ਨੇ ਦੱਸਿਆ ਕਿ ਬੇਸ ਕੈਂਪਾਂ, ਮੰਦਰਾਂ, ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ ਅਤੇ ਹੋਰ ਭੀੜ ਵਾਲੀਆਂ ਥਾਵਾਂ ਦੇ ਆਲੇ-ਦੁਆਲੇ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ| ਇਸ ਸਾਲ ਸਰਕਾਰ ਨੇ ਅਮਰਨਾਥ ਯਾਤਰੀਆਂ ਦੇ ਹਰੇਕ ਵਾਹਨ ਦੀ ਨਿਗਰਾਨੀ ਰੇਡਿਓ ਫ੍ਰੀਕਵੇਂਸੀ ਟੈਗ ਦੁਆਰਾ ਕਰਨ ਦਾ ਫੈਸਲਾ ਕੀਤਾ ਹੈ| ਇਸ ਨਾਲ ਹੀ ਤੀਰਥਯਾਤਰੀਆਂ ਵੱਲੋਂ ਲਏ ਗਏ ਪ੍ਰੀਪੇਡ ਮੌਬਾਇਲ ਨੰਬਰਾਂ ਦੀ ਵੈਧਤਾ ਸੱਤ ਦਿਨ ਤੋਂ ਵਧਾ ਕੇ 10 ਦਿਨਾਂ ਦੀ ਕਰ ਦਿੱਤੀ ਗਈ ਹੈ| ਤੀਰਥ ਯਾਤਰਾ ਲਈ ਜੰਮੂ-ਕਸ਼ਮੀਰ ਪੁਲੀਸ, ਨੀਮ ਫੌਜ ਬਲ, ਐਨ.ਡੀ.ਆਰ.ਐਫ. ਅਤੇ ਫੌਜ ਵਿੱਚੋਂ 40 ਹਜ਼ਾਰ ਸੁਰੱਖਿਆ ਕਰਮੀਆਂ ਦੀ ਟੀਮ ਤਾਇਨਾਤ ਕੀਤੀ ਗਈ ਹੈ| ਪਿਛਲੇ ਸਾਲ ਕੁਲ 2.60 ਲੱਖ ਤੀਰਥਯਾਤਰੀਆਂ ਨੇ ਗੁਫਾ ਵਿੱਚ ਦਰਸ਼ਨ ਕੀਤੇ ਸਨ| ਵਰਤਮਾਨ ਰਸਤੇ ਦੀ ਸਮਰੱਥਾ ਅਤੇ ਤੀਰਥਯਾਤਰਾ ਇਲਾਕੇ ਵਿੱਚ ਉਪਲੱਬਧ ਹੋਰ ਬੁਨਿਆਦੀ ਢਾਂਚੇ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਨੇ ਰੌਜਾਨਾ 7500 ਤੀਰਥਯਾਤਰੀਆਂ ਨੂੰ ਹਰੇਕ ਰਸਤੇ ਵਿੱਚ ਆਗਿਆ ਦੇਣ ਦਾ ਫੈਸਲਾ ਕੀਤਾ ਹੈ|

Leave a Reply

Your email address will not be published. Required fields are marked *