ਅਮਰੀਕਾ ਅਤੇ ਚੀਨ ਵਿਚਾਲੇ ਵੱਧਦੀ ਟ੍ਰੇਡ ਵਾਰ

ਅਮਰੀਕਾ ਅਤੇ ਚੀਨ ਦੇ ਵਿਚਾਲੇ ਟ੍ਰੇਡ ਵਾਰ ਨੇ ਪੂਰੀ ਦੁਨੀਆ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ| ਸ਼ੁਰੂ ਵਿੱਚ ਲੱਗਿਆ ਕੁੱਝ ਮਸਲਿਆਂ ਤੇ ਮਤਭੇਦ ਉਭਰ ਆਏ ਹਨ ਜੋ ਆਪਸੀ ਗੱਲਬਾਤ ਨਾਲ ਸੁਲਝਾ ਲਏ ਜਾਣਗੇ ਪਰੰਤੂ ਬਦਕਿਸਮਤੀ ਨਾਲ ਦੋਵੇਂ ਪੱਖ ਜਿੱਦ ਤੇ ਅੜ ਗਏ ਹਨ| ਵੀਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਜੇਕਰ ਚੀਨ ਨੇ ਵਪਾਰ ਕਰਨ ਦੇ ਆਪਣੇ ਤਰੀਕਿਆਂ ਵਿੱਚ ਬਦਲਾਓ ਨਹੀਂ ਕੀਤਾ ਤਾਂ ਉਹ ਉਸ ਤੇ 100 ਅਰਬ ਡਾਲਰ ਦਾ ਟੈਰਿਫ ਲਗਾ ਦੇਣਗੇ | ਇਸਤੋਂ ਪਹਿਲਾਂ ਬੁੱਧਵਾਰ ਨੂੰ ਚੀਨ ਨੇ 50 ਅਰਬ ਡਾਲਰ ਮੁੱਲ ਦੇ 106 ਅਮਰੀਕੀ ਉਤਪਾਦਾਂ ਦੇ ਆਯਾਤ ਤੇ 25 ਫੀਸਦੀ ਟੈਕਸ ਲਗਾਉਣ ਦਾ ਫੈਸਲਾ ਕੀਤਾ| ਮਾਰਚ ਵਿੱਚ ਟਰੰਪ ਨੇ ਚੀਨ ਤੋਂ ਆਯਾਤ ਤੇ 60 ਅਰਬ ਡਾਲਰ ਮਤਲਬ 3910 ਅਰਬ ਰੁਪਏ ਦਾ ਟੈਰਿਫ ਲਗਾਉਣ ਦੀ ਘੋਸ਼ਣਾ ਕੀਤੀ ਸੀ| ਇਸ ਨਾਲ ਬੌਖਲਾਏ ਚੀਨ ਨੇ ਵੀ ਉਨ੍ਹਾਂ ਅਮਰੀਕੀ ਉਤਪਾਦਾਂ ਦੀ ਲਿਸਟ ਜਾਰੀ ਕੀਤੀ, ਜਿਨ੍ਹਾਂ ਉਤੇ ਉਹ ਭਾਰੀ – ਭਰਕਮ ਆਯਾਤ ਟੈਕਸ ਲਗਾਉਣ ਦੀ ਤਿਆਰੀ ਕਰ ਰਿਹਾ ਹੈ| ਬਹਿਰਹਾਲ ਟਰੰਪ ਦੀ ਧਮਕੀ ਤੋਂ ਬਾਅਦ ਚੀਨ ਨੇ ਕਿਹਾ ਕਿ ਉਹ ਅਮਰੀਕਾ ਦੇ ਕਦਮਾਂ ਦਾ ਮੂੰਹਤੋੜ ਜਵਾਬ ਦੇਵੇਗਾ| ਅਮਰੀਕਾ ਨੇ ਹੁਣ ਤੱਕ ਕਈ ਵਾਰ ਚੀਨ ਤੇ ਟੈਰਿਫ ਲਗਾਇਆ ਹੈ| ਉਸਦੀ ਦਲੀਲ਼ ਹੈ ਕਿ ਚੀਨ ਗੈਰ-ਕਾਨੂੰਨੀ ਤਰੀਕੇ ਨਾਲ ਵਪਾਰ ਕਰਦਾ ਹੈ ਅਤੇ ਉਸਦੀਆਂ ਇਹਨਾਂ ਗਤੀਵਿਧੀਆਂ ਨੇ ਅਮਰੀਕਾ ਵਿੱਚ ਹਜਾਰਾਂ ਲੋਕਾਂ ਦੀਆਂ ਨੌਕਰੀਆਂ ਖੋਹ ਲਈਆਂ ਹਨ| ਅਜਿਹੇ ਵਿੱਚ ਆਪਣੇ ਵਪਾਰ ਨੂੰ ਬਚਾਉਣ ਲਈ ਉਸਨੂੰ ਇਹ ਠੀਕ ਕਦਮ ਲੱਗਦਾ ਹੈ| ਆਪਣੇ ਹਿਤਾਂ ਦੀ ਰੱਖਿਆ ਲਈ ਅਮਰੀਕਾ ਨੇ ਪੂਰੀ ਵਿਸ਼ਵ ਅਰਥ ਵਿਵਸਥਾ ਨੂੰ ਸੰਕਟ ਵਿੱਚ ਪਾ ਦਿੱਤਾ ਹੈ| ਜਦੋਂ ਤੋਂ ਟਰੰਪ ਨੇ ਸੱਤਾ ਸਾਂਭੀ ਹੈ, ਉਨ੍ਹਾਂ ਦਾ ਧਿਆਨ ਸਿਰਫ ਆਪਣੇ ਵੋਟ ਬੈਂਕ ਨੂੰ ਸੰਤੁਸ਼ਟ ਕਰਨ ਤੇ ਰਹਿੰਦਾ ਹੈ| ਉਹ ਇਹ ਭੁੱਲ ਗਏ ਹਨ ਕਿ ਅਮਰੀਕਾ ਦੀ ਅਗਵਾਈ ਵਿੱਚ ਹੀ ਦੁਨੀਆ ਨੇ ਉਦਾਰ ਅਰਥ ਵਿਵਸਥਾ ਅਤੇ ਭੂਮੰਡਲੀਕਰਨ ਵੱਲ ਕਦਮ ਵਧਾਏ ਹਨ| ਅੱਜ ਸੰਸਾਰਿਕ ਕਾਰੋਬਾਰ ਦੀ ਦਿਸ਼ਾ ਨੂੰ ਅਚਾਨਕ ਪਿੱਛੇ ਵੱਲ ਮੋੜਿਆ ਨਹੀਂ ਜਾ ਸਕਦਾ| ਟ੍ਰੇਡ ਵਾਰ ਨਾਲ ਸੰਸਾਰ ਵਿੱਚ ਸੁਰੱਖਿਆਵਾਦ ਦੀ ਪ੍ਰਵ੍ਰਿਤੀ ਵਧੇਗੀ| ਇਸ ਨਾਲ ਬੇਰੋਜਗਾਰੀ ਵਧੇਗੀ, ਆਰਥਿਕ ਵਿਕਾਸ ਘੱਟ ਹੋਵੇਗੀ ਅਤੇ ਟ੍ਰੈਡਿੰਗ ਸਾਂਝੀਦਾਰ ਦੇਸ਼ਾਂ ਦੇ ਰਿਸ਼ਤੇ ਵਿਗੜਨਗੇ| ਇਸ ਟਕਰਾਓ ਦਾ ਇੱਕ ਕੂਟਨੀਤਿਕ ਪਹਿਲੂ ਵੀ ਹੈ| ਚੀਨ ਨੂੰ ਇਸ ਮਾਮਲੇ ਵਿੱਚ ਰੂਸ ਦਾ ਸਾਥ ਮਿਲ ਰਿਹਾ ਹੈ| ਦੋਵਾਂ ਦੇਸ਼ ਆਪਸੀ ਸਬੰਧਾਂ ਅਤੇ ਵਪਾਰਕ ਰਿਸ਼ਤਿਆਂ ਨੂੰ ਸੁਧਾਰਣ ਦੀ ਕੋਸ਼ਿਸ਼ ਵਿੱਚ ਹੈ ਅਤੇ ਟ੍ਰੇਡ ਵਾਰ ਵਿੱਚ ਵੀ ਉਹ ਅਮਰੀਕਾ ਦੇ ਖਿਲਾਫ ਇੱਕਜੁਟ ਹਨ| ਇਸ ਕਾਰੋਬਾਰੀ ਟਕਰਾਓ ਦਾ ਭਾਰਤ ਤੇ ਸਿੱਧਾ ਅਸਰ ਭਾਵੇਂ ਨਾ ਹੋਵੇ, ਪਰੰਤੂ ਪਰੋਖ ਰੂਪ ਨਾਲ ਅਰਥ ਵਿਵਸਥਾ ਪ੍ਰਭਾਵਿਤ ਜਰੂਰ ਹੋਵੇਗੀ| ਐਸੋਚੈਮ ਦਾ ਕਹਿਣਾ ਹੈ ਕਿ ਭਾਰਤ ਜੇਕਰ ਆਪਣਾ ਆਯਾਤ ਸੰਭਾਲ ਲੈਂਦਾ ਹੈ ਤਾਂ ਵੀ ਨਿਰਯਾਤ ਤੇ ਪ੍ਰਭਾਵ ਪਵੇਗਾ , ਕਿਉਂਕਿ ਐਕਸਚੇਂਜ ਰੇਟਸ ਵੀ ਵਧਣਗੇ| ਵਿਸ਼ਵ ਬਰਾਦਰੀ ਨੂੰ ਇਸ ਮਾਮਲੇ ਵਿੱਚ ਮੂਕਦਰਸ਼ਕ ਨਹੀਂ ਬਣੇ ਰਹਿਣਾ ਚਾਹੀਦਾ| ਉਸਨੂੰ ਚੀਨ ਅਤੇ ਅਮਰੀਕਾ ਦੋਵਾਂ ਤੇ ਦਬਾਅ ਪਾ ਕੇ ਇਸ ਟਕਰਾਓ ਨੂੰ ਖ਼ਤਮ ਕਰਨ ਦੀ ਪਹਿਲਕਦਮੀ ਕਰਨੀ ਚਾਹੀਦੀ ਹੈ| ਵਿਸ਼ਵ ਵਪਾਰ ਸੰਗਠਨ ਅਤੇ ਅੰਤਰਾਸ਼ਟਰੀ ਮੁਦਰਾਕੋਸ਼ ਵਰਗੀਆਂ ਸੰਸਥਾਵਾਂ ਵੀ ਇਸ ਵਿੱਚ ਦਖਲਅੰਦਾਜੀ ਕਰ ਸਕਦੀਆਂ ਹਨ|
ਨੀਰਜ ਭਾਰਤੀ

Leave a Reply

Your email address will not be published. Required fields are marked *