ਅਮਰੀਕਾ ਆਉਣ ਸਬੰਧੀ ਸਾਰੇ ਮੁਸਲਮਾਨਾਂ ਤੇ ਪਾਬੰਦੀ ਨਹੀਂ ਲਗਾਈ: ਟਰੰਪ

ਵਾਸ਼ਿੰਗਟਨ, 30 ਜਨਵਰੀ (ਸ.ਬ.) 7 ਮੁਸਲਿਮ ਬਹੁਲ ਦੇਸ਼ਾਂ ਦੇ ਨਾਗਰਿਕਾਂ ਨੂੰ ਅਮਰੀਕਾ ਆਉਣ ਤੇ ਅਸਥਾਈ ਰੂਪ ਨਾਲ ਪਾਬੰਦੀ ਦੇ ਹੁਕਮ ਦਾ ਬਚਾਅ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਾਬੰਦੀ ਮੁਸਲਮਾਨਾਂ ਤੇ ਨਹੀਂ ਹੈ| ਜਿਵੇਂ ਕਿ ਮੀਡੀਆ ਵਲੋਂ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ| ਜਿਕਰਯੋਗ ਹੈ ਕਿ ਟਰੰਪ ਨੇ ਬੀਤੇ ਸ਼ੁੱਕਰਵਾਰ ਨੂੰ ਉਸ ਹੁਕਮ ਤੇ ਦਸਤਖਤ ਕੀਤੇ ਸਨ, ਜਿਸ ਵਿੱਚ ਸੀਰੀਆ ਦੇ ਸ਼ਰਣਾਰਥੀਆਂ ਸਮੇਤ ਇਰਾਕ, ਈਰਾਨ, ਲੀਬੀਆ, ਯਮਨ, ਸੂਡਾਨ, ਸੋਮਾਲੀਆ ਦੇਸ਼ਾਂ ਦੇ ਲੋਕਾਂ ਦੇ ਅਮਰੀਕਾ ਵਿੱਚ ਦਾਖਲ ਹੋਣ ਤੇ ਪਾਬੰਦੀ ਲੱਗ ਗਈ| ਟਰੰਪ ਦੇ ਇਸ ਕਦਮ ਦੀ ਹਰ ਪਾਸੇ ਆਲੋਚਨਾ ਹੋਈ| ਟਰੰਪ ਨੇ ਕਿਹਾ ਕਿ ਇਹ ਮੁਸਲਮਾਨਾਂ ਤੇ ਪਾਬੰਦੀ ਨਹੀਂ ਹੈ| ਇਹ ਅੱਤਵਾਦ ਅਤੇ ਸਾਡੇ ਦੇਸ਼ ਨੂੰ ਸੁਰੱਖਿਅਤ ਰੱਖਣ ਨੂੰ ਲੈ ਕੇ ਹੈ| ਦੁਨੀਆ ਭਰ ਵਿੱਚ 40 ਤੋਂ ਵਧ ਦੇਸ਼ ਮੁਸਲਿਮ ਬਹੁਲਤਾ ਵਾਲੇ  ਹਨ, ਜੋ ਇਸ ਹੁਕਮ ਤੋਂ ਪ੍ਰਭਾਵਿਤ ਨਹੀਂ         ਹੋਣਗੇ|
ਟਰੰਪ ਨੇ ਇਸ ਦੇ ਨਾਲ ਹੀ ਕਿਹਾ ਕਿ ਅਮਰੀਕਾ ਨੂੰ ਜਦੋਂ ਭਰੋਸਾ ਹੋ ਜਾਵੇਗਾ ਕਿ ਅਗਲੇ 90 ਦਿਨਾਂ ਵਿੱਚ ਇੱਥੇ ਸਭ ਤੋਂ ਵਧ ਸੁਰੱਖਿਅਤ ਨੀਤੀਆਂ ਲਾਗੂ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਦੀ ਸਮੀਖਿਆ ਕੀਤੀ ਜਾ ਚੁੱਕੀ ਹੈ ਤਾਂ ਸਾਰੇ ਦੇਸ਼ਾਂ ਦੇ ਲੋਕਾਂ ਲਈ ਵੀਜ਼ਾ ਫਿਰ ਤੋਂ ਜਾਰੀ ਕੀਤਾ ਜਾਵੇਗਾ| ਉਨ੍ਹਾਂ ਨੇ  ਇਕ ਬਿਆਨ ਵਿੱਚ ਕਿਹਾ ਕਿ ਸੀਰੀਆ ਵਿੱਚ ਭਿਆਨਕ ਮਨੁੱਖੀ ਸੰਕਟ ਨਾਲ ਜੂਝ ਰਹੇ ਲੋਕਾਂ ਪ੍ਰਤੀ ਮੇਰੀ ਹਮਦਰਦੀ ਹੈ ਪਰ ਮੇਰੀ ਸਭ ਤੋਂ ਪਹਿਲੀ ਤਰਜ਼ੀਹ ਦੇਸ਼ ਦੀ ਸੁਰੱਖਿਆ ਅਤੇ ਸੇਵਾ ਰਹੇਗੀ| ਹਾਲਾਂਕਿ ਰਾਸ਼ਟਰਪਤੀ ਹੋਣ ਦੇ ਨਾਅਤੇ ਮੈਂ ਉਨ੍ਹਾਂ ਪੀੜਤ ਲੋਕਾਂ ਦੀ ਮਦਦ ਕਰਨ ਦੇ ਤਰੀਕੇ ਵੀ ਲੱਭਾਂਗਾ|
ਉਨ੍ਹਾਂ ਕਿਹਾ ਕਿ ਅਮਰੀਕਾ ਹਮੇਸ਼ਾ ਤੋਂ ਆਜ਼ਾਦੀ ਦੀ ਧਰਤੀ ਅਤੇ ਸਾਹਸੀ ਲੋਕਾਂ ਦਾ ਘਰ ਰਿਹਾ ਹੈ| ਟਰੰਪ ਨੇ ਕਿਹਾ ਕਿ ਉਨ੍ਹਾਂ ਦੀਆਂ ਨੀਤੀਆਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀਆਂ ਨੀਤੀਆਂ ਵਾਂਗ ਹੀ ਹਨ, ਓਬਾਮਾ ਨੇ ਵੀ ਸਾਲ 2011 ਵਿੱਚ ਇਰਾਕ ਦੇ ਸ਼ਰਣਾਰਥੀਆਂ ਨੂੰ ਵੀਜ਼ਾ ਜਾਰੀ ਕਰਨ ਤੇ 6 ਮਹੀਨੇ ਦੀ ਰੋਕ ਲਾਈ ਸੀ| ਟਰੰਪ ਨੇ ਇਹ ਵੀ ਕਿਹਾ ਕਿ ਆਪਣੇ ਹੁਕਮ ਵਿੱਚ ਜਿਨ੍ਹਾਂ 7 ਦੇਸ਼ਾਂ ਦੇ ਨਾਂ ਹਨ, ਇਹ ਉਹ ਹੀ ਦੇਸ਼ ਹਨ, ਜਿਨ੍ਹਾਂ ਦੀ ਓਬਾਮਾ ਪ੍ਰਸ਼ਾਸਨ ਨੇ ਅੱਤਵਾਦ ਦੇ ਸਰੋਤ ਦੇ ਰੂਪ ਵਿੱਚ ਪਹਿਚਾਣ ਕੀਤੀ ਸੀ|

Leave a Reply

Your email address will not be published. Required fields are marked *