ਅਮਰੀਕਾ ਛੱਡ ਕੇ ਕੈਨੇਡਾ ਆ ਰਹੇ ਨੇ ਮੈਕਸੀਕਨ ਲੋਕ, ਬੀਤੇ ਮਹੀਨੇ ਵਿਚ ਹੋਇਆ ਰਿਕਾਰਡ ਵਾਧਾ

ਓਟਾਵਾ, 17 ਅਪ੍ਰੈਲ (ਸ.ਬ.) ਅਮਰੀਕਾ ਵੱਲੋਂ ਅੰਤਰਰਾਸ਼ਟਰੀ ਪੱਧਰ ਤੇ ਵਾਰ-ਵਾਰ ਬੇਇਜ਼ਤੀ ਕੀਤੇ ਜਾਣ ਅਤੇ ਕੈਨੇਡਾ ਵੱਲੋਂ ਵੀਜ਼ਾ ਲੋੜਾਂ ਨੂੰ ਹਟਾਏ ਜਾਣ ਤੋਂ ਬਾਅਦ ਮੈਕਸੀਕੋ ਦੇ ਨਾਗਰਿਕ ਵੱਡੀ ਗਿਣਤੀ ਵਿੱਚ     ਕੈਨੇਡਾ ਦਾ ਰੁਖ ਕਰ ਰਹੇ ਹਨ| ਮੈਕਸੀਕੋ ਤੋਂ ਕੈਨੇਡਾ ਆਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਹੋਇਆ ਹੈ| ਮਾਰਚ ਮਹੀਨੇ ਵਿੱਚ ਇਹ ਗਿਣਤੀ ਹੋਰ ਵੀ ਵਧੀ ਹੈ| ਇਸ ਸਾਲ ਮਾਰਚ ਮਹੀਨੇ ਵਿਚ ਮੈਕਸੀਕੋ ਦੇ 110 ਨਾਗਰਿਕਾਂ, ਫਰਵਰੀ ਵਿੱਚ 85 ਅਤੇ ਜਨਵਰੀ ਵਿੱਚ 71 ਨਾਗਰਿਕਾਂ ਨੇ ਕੈਨੇਡਾ ਵਿੱਚ ਸ਼ਰਨ ਮੰਗੀ| ਇਹ ਗਿਣਤੀ ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਹੀ 266 ਤੱਕ ਪਹੁੰਚ ਗਈ ਹੈ, ਜੋ ਸਾਲ 2016 ਦੀ ਤੁਲਨਾ ਵਿੱਚ ਕਿਤੇ ਜ਼ਿਆਦਾ ਹੈ| 2016 ਵਿੱਚ ਕੁੱਲ 241 ਮੈਕਸੀਕਨ ਨਾਗਰਿਕਾਂ ਨੇ ਕੈਨੇਡਾ ਵਿੱਚ ਸ਼ਰਨ ਲਈ ਦਾਅਵਾ ਪੇਸ਼ ਕੀਤਾ ਸੀ| ਇਹ ਅੰਕੜੇ ਇਮੀਗ੍ਰੇਸ਼ਨ ਅਤੇ ਰੀਫਿਊਜੀ ਬੋਰਡ ਵੱਲੋਂ ਪੇਸ਼ ਕੀਤੇ ਗਏ ਹਨ| ਇੱਥੇ ਜਿਕਰਯੋਗ ਹੈ ਕਿ ਕੈਨੇਡਾ ਸਰਕਾਰ ਨੇ ਬੀਤੇ ਸਾਲ ਦਸੰਬਰ ਵਿੱਚ ਮੈਕਸੀਕੋ ਦੇ ਨਾਗਰਿਕਾਂ ਦੇ ਕੈਨੇਡਾ ਆਉਣ ਲਈ ਵੀਜ਼ਾ ਲੋੜ ਨੂੰ ਹਟਾ ਦਿੱਤਾ ਸੀ| ਇਸ ਕਰਕੇ ਕੈਨੇਡਾ ਆਉਣ ਵਾਲੇ ਮੈਕਸੀਕੋ ਦੇ ਨਾਗਰਿਕਾਂ ਵਿੱਚ ਕਾਫੀ ਵਾਧਾ ਹੋਇਆ ਸੀ| ਹਾਲਾਂਕਿ ਕੈਨੇਡਾ ਨੇ ਸਾਫ ਕੀਤਾ ਸੀ ਜੇਕਰ ਮੈਕਸੀਕੋ ਤੋਂ ਕੈਨੇਡਾ ਆਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਇਕ ਹੱਦ ਤੱਕ ਪਹੁੰਚ ਜਾਂਦੀ ਹੈ ਤਾਂ ਵੀਜ਼ਾ ਲੋੜਾਂ ਨੂੰ ਫਿਰ ਤੋਂ ਲਾਗੂ ਕੀਤਾ ਜਾ ਸਕਦਾ ਹੈ|

Leave a Reply

Your email address will not be published. Required fields are marked *