ਅਮਰੀਕਾ ਤੇ ਇਰਾਨ ਵਿਚਕਾਰ ਚਲਦੀ ਮਨੋਵਿਗਿਆਨਿਕ ਲੜਾਈ

ਅਮਰੀਕਾ ਨੇ ਈਰਾਨ ਤੇ ਫਿਰ ਤੋਂ ਸਖਤ ਪਾਬੰਦੀਆਂ ਲਗਾ ਦਿੱਤੀਆਂ ਹਨ| ਇਹਨਾਂ ਪਾਬੰਦੀਆਂ ਨੂੰ ਕੁੱਝ ਸਾਲ ਪਹਿਲਾਂ ਹੋਏ ਇਤਿਹਾਸਿਕ ਬਹੁਪੱਖੀ ਪਰਮਾਣੂ ਸਮਝੌਤੇ ਤੋਂ ਬਾਅਦ ਹਟਾ ਲਿਆ ਗਿਆ ਸੀ| ਮਈ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਪਰਮਾਣੂ ਸਮਝੌਤੇ ਤੋਂ ਬਾਹਰ ਹੋਣ ਦੀ ਘੋਸ਼ਣਾ ਕੀਤੀ ਸੀ| ਬੀਤੇ ਦਿਨੀਂ ਜਾਰੀ ਕਾਰਜਕਾਰੀ ਆਦੇਸ਼ ਵਿੱਚ ਉਨ੍ਹਾਂ ਨੇ ਕਿਹਾ ਕਿ ਮਿਜ਼ਾਇਲਾਂ ਦੇ ਵਿਕਾਸ ਅਤੇ ਖਾੜੀ ਖੇਤਰ ਵਿੱਚ ਘਾਤਕ ਗਤੀਵਿਧੀਆਂ ਦੇ ਵਿਆਪਕ ਅਤੇ ਸਥਾਈ ਹੱਲ ਦੀ ਖਾਤਰ ਈਰਾਨ ਤੇ ਵਿੱਤੀ ਦਬਾਅ ਪਾਇਆ ਗਿਆ ਹੈ| ਅਮਰੀਕੀ ਪਾਬੰਦੀਆਂ ਦੇ ਪਹਿਲੇ ਪੜਾਅ ਵਿੱਚ ਈਰਾਨ ਦੀ ਅਮਰੀਕੀ ਮੁਦਰਾ ਤੱਕ ਪਹੁੰਚ ਘਟਾਉਣ ਲਈ ਕਾਰ ਅਤੇ ਕਾਲੀਨ ਸਮੇਤ ਉਸਦੇ ਹੋਰ ਪ੍ਰਮੁੱਖ ਉਦਯੋਗਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ| ਹਾਲਾਂਕਿ, ਪਾਬੰਦੀ ਦਾ ਪ੍ਰਭਾਵ ਈਰਾਨ ਤੇ ਪਹਿਲਾਂ ਤੋਂ ਹੀ ਦਿਖਣ ਲੱਗਿਆ ਹੈ| ਟਰੰਪ ਵੱਲੋਂ ਸਮਝੌਤੇ ਤੋਂ ਬਾਹਰ ਨਿਕਲਣ ਦੀ ਘੋਸ਼ਣਾ ਤੋਂ ਬਾਅਦ ਤੋਂ ਹੀ ਈਰਾਨੀ ਮੁਦਰਾ ਰਿਆਲ ਦਾ ਮੁੱਲ ਡਿੱਗਦੇ ਹੋਏ ਅੱਧੇ ਤੇ ਆ ਗਿਆ ਹੈ|
ਪਾਬੰਦੀ ਲਗਾਏ ਜਾਣ ਤੇ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਅਮਰੀਕਾ ਤੇ ਈਰਾਨ ਵਰਗੇ ਇਸਲਾਮਿਕ ਦੇਸ਼ ਦੇ ਖਿਲਾਫ ‘ਮਨੋਵਿਗਿਆਨਕ ਲੜਾਈ’ ਛੇੜਣ ਦਾ ਇਲਜ਼ਾਮ ਲਗਾਇਆ| ਪਿਛਲੇ ਹੀ ਹਫਤੇ ਟਰੰਪ ਨੇ ਕਿਹਾ ਸੀ ਕਿ ਉਹ ਈਰਾਨ ਨਾਲ ਗੱਲਬਾਤ ਲਈ ਤਿਆਰ ਹੈ| ਇਸ ਤੇ ਈਰਾਨ ਵਿੱਚ ਤਿੱਖੀ ਪ੍ਰਤੀਕ੍ਰਿਆ ਹੋਈ| ਈਰਾਨ ਦੇ ਰੇਵਲੂਸ਼ਨੇਰੀ ਗਾਰਡ ਦੇ ਮੁੱਖੀ ਨੇ ਟਰੰਪ ਦੇ ਪ੍ਰਸਤਾਵ ਨੂੰ ਠੁਕਰਾਉਂਦੇ ਹੋਏ ਕਿਹਾ ਸੀ ਕਿ ‘ਈਰਾਨ, ਉਤਰ ਕੋਰੀਆ ਨਹੀਂ ਹੈ ਜੋ ਤੁਹਾਡੇ ਗੱਲਬਾਤ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਵੇ| ‘ਸਾਫ਼ ਹੈ, ਅਜਿਹੇ ਬਿਆਨਾਂ ਨੇ ਟਰੰਪ ਨੂੰ ਬੌਖਲਾ ਦਿੱਤਾ| ਉਨ੍ਹਾਂ ਨੇ ਈਰਾਨ ਤੇ ਫਾਰਸ ਦੀ ਖਾੜੀ ਵਿੱਚ ਨੌਸੈਨਾ ਅਭਿਆਸ ਕਰਨ ਦਾ ਇਲਜ਼ਾਮ ਲਗਾਇਆ| ਅਮਰੀਕਾ ਅਤੇ ਈਰਾਨ ਦੀ ਇਹ ਤਨਾਤਨੀ ਦੁਨੀਆ ਦੇ ਸ਼ਕਤੀ ਸਮੀਕਰਣ ਤੇ ਗਹਿਰਾ ਅਸਰ ਪਾ ਸਕਦੀ ਹੈ|
ਦਰਅਸਲ, ਅਮਰੀਕਾ 2015 ਵਿੱਚ ਸੀਰੀਆ ਵਿੱਚ ਲੱਗੇ ਝਟਕੇ ਨੂੰ ਹੁਣ ਤੱਕ ਪਚਾ ਨਹੀਂ ਪਾਇਆ ਹੈ| ਸ਼ਾਇਦ ਉਹ ਈਰਾਨ ਨੂੰ ਵੀ ਇਰਾਕ ਬਣਾ ਦੇਣਾ ਚਾਹੁੰਦਾ ਹੈ ਪਰੰਤੂ ਇਹ ਆਸਾਨ ਨਹੀਂ ਹੈ| ਈਰਾਨ ਦੇ ਪ੍ਰਤੀ ਟਰੰਪ ਦੇ ਇਸ ਰਵਈਏ ਨੂੰ ਇਜਰਾਇਲ ਅਤੇ ਸਾਊਦੀ ਅਰਬ ਵਰਗੇ ਅਮਰੀਕੀ – ਖੇਮੇ ਦੇ ਦੇਸ਼ਾਂ ਨੂੰ ਛੱਡ ਕੇ ਕਿਸੇ ਨੇ ਪਸੰਦ ਨਹੀਂ ਕੀਤਾ ਹੈ| ਪਰਮਾਣੂ ਸਮਝੌਤਾ ਤੋੜਨ ਨੂੰ ਲੈ ਕੇ ਯੂਰਪੀ ਸੰਘ ਆਪਣਾ ਇਤਰਾਜ ਜਤਾ ਚੁੱਕਿਆ ਹੈ| ਜਰਮਨੀ ਦਾ ਕਹਿਣਾ ਹੈ ਕਿ ‘ਈਰਾਨ ਦੇ ਮੁੱਦੇ ਤੇ ਅਮਰੀਕਾ ਦਾ ਵਿਵਹਾਰ ਸਾਨੂੰ ਯੂਰਪੀ ਲੋਕਾਂ ਨੂੰ ਰੂਸ ਅਤੇ ਚੀਨ ਦੇ ਅਮਰੀਕਾ ਵਿਰੋਧੀ ਰੁਖ਼ ਦੇ ਕਰੀਬ ਲੈ ਜਾਵੇਗਾ|’
ਟਰੰਪ ਦੇ ਕਦਮ ਨੇ ਈਰਾਨ ਵਿੱਚ ਕੱਟਰਪੰਥੀਆਂ ਅਤੇ ਰੂਹਾਨੀ ਵਰਗੇ ਉਦਾਰਵਾਦੀਆਂ ਨੂੰ ਇੱਕ ਕਰ ਦਿੱਤਾ ਹੈ| ਉਥੇ ਅਮਰੀਕਾ ਦੇ ਖਿਲਾਫ ਤਮਾਮ ਸ਼ਕਤੀਆਂ ਇੱਕਜੁਟ ਹਨ| ਮਾਹਿਰਾਂ ਦਾ ਕਹਿਣਾ ਹੈ ਕਿ ਟਰੰਪ ਦੀ ਇਸ ਜਿਦ ਨੇ ਅੰਤਰਰਾਸ਼ਟਰੀ ਵਿਚੋਲਗੀ ਦੀ ਉਨ੍ਹਾਂ ਦੀ ਸਮਰਥਾ ਕਮਜੋਰ ਕੀਤੀ ਹੈ| ਨਾਰਥ ਕੋਰੀਆ ਵਰਗਾ ਦੇਸ਼ ਵੀ ਹੁਣ ਸ਼ਾਇਦ ਹੀ ਉਨ੍ਹਾਂ ਦੀ ਗੱਲ ਮੰਨੇਗਾ ਅਤੇ ਕੋਈ ਸਮਝੌਤਾ ਕਰੇਗਾ|
ਅਮਰੀਕੀ ਪਾਬੰਦੀਆਂ ਦਾ ਦੂਜਾ ਪੜਾਅ 5 ਨਵੰਬਰ ਤੋਂ ਪ੍ਰਭਾਵੀ ਹੋਵੇਗਾ ਅਤੇ ਉਦੋਂ ਈਰਾਨ ਦੇ ਕੱਚੇ ਤੇਲ ਦੀ ਵਿਕਰੀ ਤੇ ਰੋਕ ਲੱਗੇਗੀ| ਇਸ ਨਾਲ ਤੇਲ ਦੇ ਮੁੱਲ ਤਾਂ ਵਧਣਗੇ ਹੀ, ਈਰਾਨ ਦੇ ਚਾਹਬਹਾਰ ਬੰਦਰਗਾਹ ਵਿੱਚ ਭਾਰਤ ਦੇ ਨਿਰਮਾਣ ਕਾਰਜ ਤੇ ਵੀ ਬੁਰਾ ਅਸਰ ਪਵੇਗਾ| ਛੇਤੀ ਹੀ ਸਾਨੂੰ ਬਹੁਤ ਸਮਝਦਾਰੀ ਨਾਲ ਕੁੱਝ ਜਰੂਰੀ ਫੈਸਲੇ ਲੈਣੇ ਪੈਣਗੇ| ਮਨੋਜ ਤਿਵਾਰੀ

Leave a Reply

Your email address will not be published. Required fields are marked *