ਅਮਰੀਕਾ ਦਾ ਸਭ ਕੁਝ ਤਬਾਹ ਕਰ ਦੇਵਾਂਗੇ : ਇਰਾਨ

ਤਹਿਰਾਨ, 28 ਜੁਲਾਈ (ਸ.ਬ.) ਇਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ| ਹੁਣ ਇਰਾਨ ਦੀ ਵਿਸ਼ੇਸ਼ ਫੌਜ ਦੇ ਇਕ ਕਮਾਂਡਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਧਮਕੀ ਦਿੱਤੀ ਹੈ| ਉਨ੍ਹਾਂ ਕਿਹਾ ਹੈ ਕਿ ਜੇਕਰ ਅਮਰੀਕਾ ਇਰਾਨ ਉੱਤੇ ਹਮਲਾ ਕਰੇਗਾ ਤਾਂ ‘ਉਸਦਾ ਸਭ ਕੁਝ ਤਬਾਹ ਕਰ ਦੇਵਾਂਗੇ|’ ਈਰਾਨੀ ਨਿਊਜ਼ ਏਜੰਸੀ ਮੁਤਾਬਕ ਮੇਜਰ ਜਨਰਲ ਕਾਸਿਮ ਸੁਲੇਮਾਨੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਟਰੰਪ ਨੇ ਯੁੱਧ ਸ਼ੁਰੂ ਕੀਤਾ ਤਾਂ ਇਸਲਾਮਿਕ ਰੀਪਬਲਿਕ ਉਸ ਨੂੰ ਖਤਮ ਕਰ ਦੇਵੇਗਾ| ਇਰਾਨ ਅਤੇ ਅਮਰੀਕਾ ਵਿਚਕਾਰ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਤਣਾਅ ਚੱਲ ਰਿਹਾ ਹੈ| ਬੀਤੇ ਦਿਨੀਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਉਸ ਨਾਲ ਸਹੀ ਸਮਝੌਤਾ ਕਰਨ ਲਈ ਤਿਆਰ ਹੈ| ਉਨ੍ਹਾਂ ਦੀ ਇਹ ਟਿੱਪਣੀ ਉਸ ਵੇਲੇ ਆਈ ਜਦੋਂ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਅਮਰੀਕਾ ਨੂੰ ਧਮਕਾਉਣ ਲਈ ਇਰਾਨ ਨੂੰ ਇਤਿਹਾਸਕ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਸੀ| ਟਰੰਪ ਨੇ ਓਬਾਮਾ ਪ੍ਰਸ਼ਾਸਨ ਦੌਰਾਨ 2015 ਵਿੱਚ ਹੋਏ ਇਰਾਨ ਪ੍ਰਮਾਣੂ ਸਮਝੌਤੇ ਤੋਂ ਅਮਰੀਕਾ ਨੂੰ ਵੱਖ ਕਰ ਦਿੱਤਾ ਸੀ| ਉਨ੍ਹਾਂ ਨੇ ਇਸ ਨੂੰ ਹੁਣ ਤੱਕ ਦਾ ਸਭ ਤੋਂ ਖਰਾਬ ਸਮਝੌਤਾ ਦੱਸਿਆ ਸੀ| ਅਮਰੀਕਾ ਅਤੇ ਇਰਾਨ ਵਲੋਂ ਜ਼ੁਬਾਨੀ ਜੰਗ ਲਗਾਤਾਰ ਹੋ ਰਹੀ ਹੈ|

Leave a Reply

Your email address will not be published. Required fields are marked *