ਅਮਰੀਕਾ ਦੀ ‘ਮੋਸਟ ਵਾਂਟੇਡ’ ਅੱਤਵਾਦੀਆਂ ਦੀ ਸੂਚੀ ਵਿੱਚ ਦੋ ਕੈਨੇਡੀਅਨ ਵੀ ਸ਼ਾਮਿਲ

ਟੋਰਾਂਟੋ, 24 ਅਪ੍ਰੈਲ (ਸ.ਬ.) ਅਮਰੀਕਾ ਦੀ ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ ਵਿੱਚ ਦੋ ਕੈਨੇਡੀਅਨਾਂ ਦੇ ਨਾਂ ਵੀ ਸ਼ਾਮਲ ਕੀਤੇ ਗਏ ਹਨ| ਇਸ ਸੂਚੀ ਮੁਤਾਬਕ ਇਹ ਦੋਵੇਂ ਵਿਅਕਤੀ ਅਮਰੀਕਾ ਦੀ ਨੈਸ਼ਨਲ ਸਕਿਓਰਿਟੀ ਅਤੇ ਇਕਨਾਮਿਕ ਹਿੱਤਾਂ ਲਈ ਖਤਰਾ ਹਨ|
ਅਮਰੀਕੀ ਸਰਕਾਰ ਦੇ ਨਿਯਮਾਂ ਸੰਬੰਧੀ ਸਰਕਾਰੀ ਰਜਿਸਟਰ ਵਿੱਚ ਛਪੀ ‘ਸਪੈਸ਼ਲੀ ਡੈਜ਼ੀਗਨੇਟਿਡ ਗਲੋਬਲ   ਟੈਰੇਰਿਸਟਸ’ ਦੀ ਸੂਚੀ ਵਿੱਚ 24 ਸਾਲਾ ਫਾਰਾਹ ਮੁਹੰਮਦ ਸ਼ਿਰਡੌਨ ਅਤੇ 30 ਸਾਲਾ ਤਾਰਕ ਸਾਕਰ ਦਾ ਨਾਂ ਵੀ ਛਾਪਿਆ ਗਿਆ ਹੈ| ਵਿਦੇਸ਼ ਮੰਤਰਾਲੇ ਨੇ ਸਾਕਰ ਦੀ ਪਛਾਣ ਸੀਰੀਆ ਵਿੱਚ ਪੈਦਾ ਹੋਏ ਕੈਨੇਡੀਅਨ ਨਾਗਰਿਕ ਵਜੋਂ ਕੀਤੀ, ਜਿਸ ਨੇ ਅਲਕਾਇਦਾ ਨਾਲ ਸੰਬੰਧਤ ਅਲ ਨੁਸਰਾਹ ਫਰੰਟ ਤੋਂ ਸਨਾਈਪਰ ਦੀ ਸਿਖਲਾਈ ਹਾਸਲ ਕੀਤੀ ਹੋਈ ਹੈ| ਕੈਨੇਡਾ ਵਿੱਚ ਪੈਦਾ ਹੋਏ ਸ਼ਿਰਡੌਨ ਨੂੰ ਅਬੂ ਉਸਾਮਾਹ ਨਾਂ ਨਾਲ ਵੀ ਜਾਣਿਆ ਜਾਂਦਾ ਹੈ| ਸ਼ਿਰਡੌਨ ਇਰਾਕ ਦੇ ਖਤਰਨਾਕ ਅੱਤਵਾਦੀ ਸੰਗਠਨ ਆਈ. ਐਸ. ਆਈ. ਐਸ. ਅੱਤਵਾਦੀਆਂ ਦੀ ਭਰਤੀ ਕਰਨ ਅਤੇ ਫੰਡ ਇਕੱਠਾ ਕਰਨ ਦਾ ਕੰਮ ਵੀ ਕਰਦਾ ਹੈ|
ਇਸ ਖਬਰ ਨੂੰ ਆਨਲਾਈਨ ਜਾਰੀ ਕਰਦਿਆਂ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਦੋਹਾਂ ਦੇ ਨਾਂ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਕਰਨ ਤੋਂ ਬਾਅਦ ਇਹ ਸਪਸ਼ਟ ਹੋ ਜਾਂਦਾ ਹੈ ਕਿ ਸਾਕਰ ਅਤੇ ਸ਼ਿਰਡੌਨ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਿਲ ਹਨ| ਸਤੰਬਰ 2015 ਵਿੱਚ ਕੈਨੇਡਾ ਦੀ ਪੁਲੀਸ ਨੇ ਸ਼ਿਰਡੌਨ ਦੇ ਖਿਲਾਫ ਅੱਤਵਾਦ ਸੰਬੰਧੀ ਕਈ ਚਾਰਜਿਸ ਲਾਏ ਸਨ ਅਤੇ ਇਹ ਵੀ ਪਾਇਆ ਗਿਆ ਸੀ ਕਿ ਉਹ ਨਾ ਸਿਰਫ ਆਪ ਸਗੋਂ ਹੋਰਨਾਂ ਨੂੰ ਵੀ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਭੜਕਾਅ ਰਿਹਾ ਸੀ|
ਸਤੰਬਰ 2014 ਵਿੱਚ ਸ਼ਿਰਡੌਨ ਨੇ ਕਥਿਤ ਤੌਰ ਤੇ ਇਕ ਵੀਡੀਓ ਇੰਟਰਵਿਊ ਵਿਚ ਖੁਦ ਨੂੰ ਅਬੂ ਉਸਾਮਾਹ ਦੱਸਦਿਆਂ ਕਿਹਾ ਸੀ ਕਿ ਨਿਊਯਾਰਕ ਤੇ ਜ਼ਬਰਦਸਤ ਹਮਲਾ ਹੋਵੇਗਾ ਅਤੇ ਵਾਈਟ ਹਾਊਸ ਤੇ ਆਈ. ਐਸ. ਆਈ. ਐਸ. ਦਾ ਝੰਡਾ ਲਹਿਰਾਇਆ ਜਾਵੇਗਾ| ਪਬਲਿਕ ਸੁਰੱਖਿਆ ਮੰਤਰੀ ਰਾਲਫ ਗੁਡੇਲ ਦੇ ਬੁਲਾਰੇ ਨੇ ਸਾਕਰ ਬਾਰੇ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ|

Leave a Reply

Your email address will not be published. Required fields are marked *