ਅਮਰੀਕਾ ਦੀ ਸਖਤੀ, 6 ਭਾਰਤੀਆਂ ਸਮੇਤ 300 ਤੋਂ ਵੱਧ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

ਨਿਊਯਾਰਕ, 1 ਸਤੰਬਰ (ਸ.ਬ.) ਅਮਰੀਕਾ ਵਿੱਚ ਅਪਰਾਧਕ ਗਤੀਵਿਧੀਆਂ ਅਤੇ ਉਲੰਘਣਾ ਮਾਮਲੇ ਵਿੱਚ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ 6 ਭਾਰਤੀਆਂ ਸਮੇਤ 364 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ| ਦੇਸ਼ ਦੇ ਇਮੀਗ੍ਰੇਸ਼ਨ ਕਾਨੂੰਨ ਤਹਿਤ 6 ਸੂਬਿਆਂ ਵਿੱਚ ਤਕਰੀਬਨ ਇਕ ਮਹੀਨਾ ਕਾਰਵਾਈ ਕੀਤੀ ਗਈ, ਜਿਸ ਦੌਰਾਨ ਇਨ੍ਹਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਦਰਅਸਲ ਸੰਘੀ ਅਧਿਕਾਰੀਆਂ ਨਾਲ ਮਿਲ ਕੇ ਅਮਰੀਕਾ ਦੇ ਇਮੀਗ੍ਰੇਸ਼ਨ, ਕਸਟਮ ਇਨਫੋਰਸਮੈਂਟ (ਆਈ. ਸੀ. ਈ.) ਅਤੇ ਇਨਫੋਰਸਮੈਂਟ ਤੇ ਰਿਮੂਵਲ ਆਪਰੇਸ਼ਨ (ਈ. ਆਰ. ਓ.) ਵਲੋਂ 30 ਦਿਨਾ ਤਕ ਕਾਰਵਾਈ ਕੀਤੀ ਗਈ, ਜਿਸ ਦੌਰਾਨ ਅਪਾਰਧਕ ਗਤੀਵਿਧੀਆਂ ਅਤੇ ਇਮੀਗ੍ਰੇਸ਼ਨ ਉਲੰਘਣਾ ਕਰਨ ਵਾਲੇ ਕਰੀਬ 300 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ| ਇਹ ਕਾਰਵਾਈ ਅਮਰੀਕਾ ਦੇ 6 ਸੂਬਿਆਂਂ ਇੰਡੀਆਨਾ, ਕੰਸਾਸ, ਇਲੀਨੋਇਸ, ਕੇਨਟੂਕੀ, ਮਿਸੌਰੀ ਅਤੇ ਵਿਸਕਾਨਸਿਨ ਵਿੱਚ ਕੀਤੀ ਗਈ ਸੀ|
ਕਾਰਵਾਈ ਦੌਰਾਨ ਗ੍ਰਿਫਤਾਰ ਕੀਤੇ ਗਏ ਲੋਕ 25 ਵੱਖ-ਵੱਖ ਦੇਸ਼ਾਂ ਦੇ ਹਨ, ਜਿਨ੍ਹਾਂ ਵਿੱਚ 6 ਭਾਰਤੀ ਵੀ ਸ਼ਾਮਲ ਹਨ| ਇਮੀਗ੍ਰੇਸ਼ਨ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਕੁੱਲ 364 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚ ਕੋਲੰਬੀਆ, ਮੈਕਸੀਕੋ, ਸਾਊਦੀ ਅਰਬ, ਯੂਕਰੇਨ, ਜਰਮਨੀ, ਗੁਆਟੇਮਾਲਾ, ਚੈੱਕ ਗਣਰਾਜ, ਇਕਵਾਡੋਰ ਅਤੇ ਹੋਂਡੁਰਸ ਦੇਸ਼ ਦੇ ਲੋਕ ਸ਼ਾਮਲ ਹਨ| ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚੋਂ 16 ਔਰਤਾਂ ਅਤੇ 346 ਵਿਅਕਤੀ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 187 ਅਪਰਾਧਕ ਗਤੀਵਿਧੀਆਂ ਨਾਲ ਜੁੜੇ ਹਨ|
ਗ੍ਰਿਫਤਾਰ ਕੀਤੇ ਗਏ ਲੋਕਾਂ ਦਾ ਲੰਬਾ ਇਤਿਹਾਸਕ ਅਪਰਾਧਕ ਰਿਕਾਰਡ ਰਿਹਾ ਹੈ, ਜਿਸ ਵਿੱਚ ਹੱਤਿਆ, ਹੱਤਿਆ ਦੀ ਕੋਸ਼ਿਸ਼, ਬੱਚਿਆਂ ਦਾ ਯੌਨ ਸ਼ੋਸ਼ਣ, ਨਸ਼ੀਲੀਆਂ ਦਵਾਈਆਂ ਦੀ ਤਸਕਰੀ, ਚੋਰੀ ਅਤੇ ਦੇਸ਼ ਨਿਕਾਲੇ ਮਗਰੋਂ ਗੈਰ-ਕਾਨੂੰਨੀ ਰੂਪ ਨਾਲ ਮੁੜ ਪ੍ਰਵੇਸ਼ ਵਰਗੇ ਅਪਰਾਧ ਸ਼ਾਮਲ ਹਨ| ਇਸ ਕਾਰਵਾਈ ਦਾ ਉਦੇਸ਼ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ ਅਤੇ ਨਾਲ ਹੀ ਨਾਲ ਉਨ੍ਹਾਂ ਵਿਅਕਤੀਆਂ ਨੂੰ ਫੜਨਾ ਸੀ, ਜੋ ਦੇਸ਼ ਵਿਚ ਹਿੰਸਾ ਕਰਦੇ ਹਨ|

Leave a Reply

Your email address will not be published. Required fields are marked *