ਅਮਰੀਕਾ ਦੇ ਓਰੋਵਿਲ ਡੈਮ ਦਾ ਹੜ੍ਹ ਰੋਕੂ ਐਮਰਜੈਂਸੀ ਸਿਸਟਮ ਫੇਲ੍ਹ, ਨੇੜਲੇ ਇਲਾਕੇ ਖਾਲੀ ਕਰਵਾਏ

ਕੈਲੀਫੋਰਨੀਆ, 13 ਫਰਵਰੀ (ਸ.ਬ.) ਉੱਤਰੀ ਕੈਲੀਫੋਰਨੀਆ ਵਿੱਚ ਬਣੇ ਅਮਰੀਕਾ ਦੇ ਸਭ ਤੋਂ ਵੱਡੀ ਓਰੋਵਿਲ ਡੈਮ ਦਾ ਐਮਰਜੈਂਸੀ ਹੜ੍ਹ ਰੋਕੂ ਸਿਸਟਮ ਫੇਲ੍ਹ ਹੋਣ ਕਰਕੇ ਇਸ ਡੈਮ ਦੇ ਟੁੱਟਣ ਦਾ ਖਤਰਾ ਪੈਦਾ ਹੋ ਗਿਆ ਹੈ| ਇਸ ਵਿੱਚ ਹੜ੍ਹ ਦਾ ਪਾਣੀ ਭਰਿਆ ਹੋਇਆ ਹੈ| ਕੈਲੀਫੋਰਨੀਆ ਦੇ ਵਾਟਰ ਰਿਸੋਰਸ ਡਿਪਾਰਟਮੈਂਟ ਨੇ ਦੱਸਿਆ ਕਿ ਡੈਮ ਦਾ ਐਮਰਜੈਂਸੀ      ਗੇਟ ਖੋਲ੍ਹ ਦਿੱਤਾ ਗਿਆ ਹੈ| ਇਹ ਗੇਟ ਕਾਫੀ ਹੱਦ ਤੱਕ ਨੁਕਸਾਨਿਆ ਗਿਆ ਹੈ ਅਤੇ ਇਸ ਤੋਂ ਇੰਨਾ ਪਾਣੀ ਨਿਕਲ ਰਿਹਾ ਹੈ ਕਿ ਇਹ ਡੈਮ ਕਿਸੇ ਵੀ ਸਮੇਂ ਟੁੱਟ ਸਕਦਾ ਹੈ ਅਤੇ ਆਸ-ਪਾਸ ਦੇ ਖੇਤਰ ਪਾਣੀ ਵਿੱਚ ਡੁੱਬ ਸਕਦੇ ਹਨ| ਇਸ ਖਤਰੇ ਨੂੰ ਦੇਖਦੇ ਹੋਏ ਡੈਮ ਦੇ ਆਸ-ਪਾਸ ਰਹਿੰਦੇ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਲਈ ਕਿਹਾ ਗਿਆ ਹੈ|
ਜ਼ਿਕਰਯੋਗ ਹੈ ਕਿ ਓਰੋਵਿਲ ਡੈਮ ਦੇ ਆਸ-ਪਾਸ ਕਰੀਬ 1,60,000 ਲੋਕ ਰਹਿੰਦੇ ਹਨ| ਇਸ ਇਲਾਕੇ ਵਿਚ 13 ਫੀਸਦੀ ਭਾਰਤੀ ਮੂਲ ਦੇ ਅਮਰੀਕੀ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਸਿੱਖ ਭਾਈਚਾਰੇ ਨਾਲ ਸੰਬੰਧਤ ਹਨ| ਦੱਸਿਆ ਜਾ ਰਿਹਾ ਹੈ ਕਿ ਇਸ ਡੈਮ ਤੋਂ ਹਰ ਸਕਿੰਟ 1 ਲੱਖ ਕਿਊਬਿਕ ਫੁੱਟ ਪਾਣੀ ਛੱਡਿਆ ਜਾ ਰਿਹਾ ਹੈ| ਇਸ ਵਿੱਚ ਕਰੀਬ 200 ਫੁੱਟ ਲੰਬਾ ਅਤੇ 30 ਫੁੱਟ ਡੂੰਘਾ ਗੱਡਾ ਹੋ ਗਿਆ ਹੈ| ਇੰਜੀਨੀਅਰ ਇਸ ਦੀ ਵਜ੍ਹਾ ਸਮਝ ਨਹੀਂ ਸਕੇ ਹਨ|
ਓਰਵਿਲ ਡੈਮ ਦੇਸ਼ ਦਾ ਸਭ ਤੋਂ ਉੱਚਾ ਡੈਮ ਹੈ| ਇਸ ਦੀ ਉਚਾਈ 770 ਫੁੱਟ ਹੈ| ਇਸ ਦਾ ਨਿਰਮਾਣ 1961 ਵਿੱਚ ਸ਼ੁਰੂ ਹੋਇਆ ਸੀ ਅਤੇ ਇਸ ਦੀ ਸ਼ੁਰੂਆਤ 4 ਮਈ, 1968 ਨੂੰ ਹੋਈ ਸੀ| ਇਹ ਕੈਲੀਫੋਰਨੀਆ ਵਿੱਚ ਮਨੁੱਖ ਦੀ ਬਣਾਈ ਸਭ ਤੋਂ ਵੱਡੀ ਝੀਲ ਹੈ ਅਤੇ ਪਾਣੀ ਦਾ ਸਭ ਤੋਂ ਵੱਡਾ ਸ੍ਰੋਤ ਹੈ| ਇਸ ਤੇ ਇੱਥੋਂ ਖੇਤਰ ਦੀ ਖੇਤੀਬਾੜੀ ਅਤੇ ਵਪਾਰਕ ਅਦਾਰੇ ਨਿਰਭਰ ਕਰਦੇ ਹਨ|

Leave a Reply

Your email address will not be published. Required fields are marked *