ਅਮਰੀਕਾ ਦੇ ਦੋ ਫੌਜੀ ਜਹਾਜ਼ ਦੁਰਘਟਨਾ ਦੇ ਸ਼ਿਕਾਰ, 6 ਫੌਜੀ ਲਾਪਤਾ

ਟੋਕੀਓ, 6 ਦਸੰਬਰ (ਸ.ਬ.) ਜਾਪਾਨ ਵਿੱਚ ਤੇਲ ਭਰਨ ਦੌਰਾਨ ਅੱਜ ਅਮਰੀਕਾ ਦੇ ਦੋ ਫੌਜੀ ਜਹਾਜ਼ ਦੁਰਘਟਨਾ ਦੇ ਸ਼ਿਕਾਰ ਹੋ ਗਏ| ਹਾਦਸੇ ਦੇ ਬਾਅਦ 6 ਅਮਰੀਕੀ ਅਧਿਕਾਰੀ ਲਾਪਤਾ ਹਨ| ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ| ਜਾਪਾਨ ਵਿੱਚ ਅਮਰੀਕੀ ਮਰੀਨਸ ਵਲੋਂ ਜਾਰੀ ਬਿਆਨ ਮੁਤਾਬਕ ਐਫ-18 ਲੜਾਕੂ ਜਹਾਜ਼ ਅਤੇ ਸੀ-130 ਟੈਂਕਰ ਦੁਰਘਟਨਾਗ੍ਰਸਤ ਹੋਏ ਹਨ| ਹਾਦਸਾ ਜਾਪਾਨ ਦੇ ਸਮੁੰਦਰੀ ਤਟ ਨੇੜੇ 200 ਮੀਲ ਦੂਰ ਦੇਰ ਰਾਤ ਨੂੰ 2 ਵਜੇ ਵਾਪਰਿਆ| ਅਮਰੀਕੀ ਰੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੱਖਣੀ ਜਾਪਾਨ ਦੇ ਇਵਾਕੁਨੀ ਸਥਿਤ ਮਰੀਨ ਕੋਰ ਏਅਰ ਸਟੇਸ਼ਨ ਤੋਂ ਉਡਾਣ ਭਰਨ ਮਗਰੋਂ ਜਹਾਜ਼ ਹਾਦਸਾਗ੍ਰਸਤ ਹੋ ਗਏ|
ਜਾਪਾਨ ਦੀ ਸੈਲਫ ਡਿਫੈਂਸ ਫੋਰਸ ਦੇ ਇਕ ਬੁਲਾਰੇ ਨੇ ਕਿਹਾ ਕਿ ਇਕ ਹਵਾਈ ਫੌਜੀ ਨੂੰ ਬਚਾ ਲਿਆ ਗਿਆ ਹੈ ਪਰ ਬਾਕੀ ਅਜੇ ਲਾਪਤਾ ਹਨ| ਡਾਕਟਰ ਬਚਾਏ ਗਏ ਫੌਜੀ ਦੀ ਜਾਂਚ ਕਰ ਰਹੇ ਹਨ|
ਜਾਪਾਨ ਦੇ ਇਕ ਅਧਿਕਾਰੀ ਮੁਤਾਬਕ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸੀ-130 ਵਿੱਚ 5 ਕਰਮਚਾਰੀ ਸਵਾਰ ਸਨ| ਜਾਪਾਨ ਨੇ ਲਾਪਤਾ ਹਵਾਈ ਫੌਜੀਆਂ ਦੀ ਖੋਜ ਵਿੱਚ 7 ਜਹਾਜ਼ਾਂ ਨੂੰ ਤਾਇਨਾਤ ਕੀਤਾ ਹੈ ਅਤੇ ਅਮਰੀਕਾ ਨੇ ਇਸ ਮਿਹਰਬਾਨੀ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ| ਅਮਰੀਕੀ ਮੀਡੀਆ ਮੁਤਾਬਕ ਸੀ-130 ਵਿੱਚ 5 ਅਤੇ ਐਫ-18 ਵਿੱਚ ਦੋ ਹਵਾਈ ਫੌਜੀ ਸਵਾਰ ਸਨ| ਫੌਜ ਨੇ ਕਿਹਾ ਕਿ ਦੁਰਘਟਨਾ ਕਿਨ੍ਹਾਂ ਸਥਿਤੀਆਂ ਵਿੱਚ ਵਾਪਰੀ, ਇਸ ਦੀ ਜਾਂਚ ਜਾਰੀ ਹੈ|

Leave a Reply

Your email address will not be published. Required fields are marked *