ਅਮਰੀਕਾ ਦੇ ਪੋਰਟਲੈਂਡ ਵਿੱਚ ਪੈਦਲ ਲੋਕਾਂ ਤੇ ਚੜਾਈ ਗੱਡੀ, 1 ਦੀ ਮੌਤ, 5 ਜਖਮੀ
ਫਰਿਜ਼ਨੋ (ਕੈਲੀਫੋਰਨੀਆ), 27 ਜਨਵਰੀ (ਸ.ਬ.) ਅਮਰੀਕੀ ਸੂਬੇ ਓਰੇਗਨ ਦੇ ਪੋਰਟਲੈਂਡ ਵਿੱਚ ਇੱਕ ਕਾਰ ਸਵਾਰ ਵੱਲੋਂ ਪੈਦਲ ਜਾ ਰਹੇ ਲੋਕਾਂ ਨੂੰ ਟੱਕਰ ਮਾਰਨ ਦੀ ਘਟਨਾ ਵਾਪਰੀ ਹੈ। ਇਸ ਸੰਬੰਧੀ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪੋਰਟਲੈਂਡ, ਓਰੇਗਨ ਵਿੱੱਚ ਇੱਕ ਡਰਾਈਵਰ ਵੱਲੋਂ ਕੀਤੇ ਇੱਕ ਤੋਂ ਜ਼ਿਆਦਾ ਹਾਦਸਿਆਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੇ ਨਾਲ ਘੱਟੋ ਘੱਟ ਪੰਜ ਹੋਰ ਜ਼ਖਮੀ ਹੋ ਗਏ ਹਨ। ਪੋਰਟਲੈਂਡ ਪੁਲੀਸ ਬਿਊਰੋ ਅਨੁਸਾਰ ਅਧਿਕਾਰੀਆਂ ਨੂੰ ਇੱਕ ਹਿੱਟ-ਐਂਡ-ਰਨ ਦੀ ਘਟਨਾ ਬਾਰੇ ਸੂਚਨਾ ਪ੍ਰਾਪਤ ਹੋਈ, ਜਿਸਦੀ ਕਾਰਵਾਈ ਦੌਰਾਨ ਹੀ ਅਧਿਕਾਰੀਆਂ ਨੂੰ ਇੱਕ ਹੋਰ ਹਾਦਸਾ ਜਿਸ ਵਿੱਚ ਪੈਦਲ ਲੋਕਾਂ ਨੂੰ ਉਸੇ ਹੀ ਕਾਰ ਸਿਲਵਰ ਹੌਂਡਾ ਵੱਲੋਂ ਟੱਕਰ ਮਾਰਨ ਦੀ ਖਬਰ ਮਿਲੀ।
ਪੁਲੀਸ ਬੁਲਾਰੇ ਡੇਰਿਕ ਕਾਰਮਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਲਾਕ 15 ਦੇ ਖੇਤਰ ਵਿੱਚ ਵਾਪਰਿਆ ਇਹ ਇੱਕ ਵੱਡਾ ਹਾਦਸਾ ਹੈ ਅਤੇ ਵਾਹਨ ਦੇ ਦੂਜੀ ਵਾਰ ਟੱਕਰ ਮਾਰਨ ਤੇ ਡਰਾਈਵਰ ਨੇ ਪੈਦਲ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਲੋਕਾਂ ਦੀ ਮੱਦਦ ਨਾਲ ਗ੍ਰਿਫਤਾਰ ਕਰ ਲਿਆ ਗਿਆ। ਅਧਿਕਾਰੀਆਂ ਅਨੁਸਾਰ ਇਸ ਹਾਦਸੇ ਦੇ ਪੀੜਤ ਛੇ ਵਿਅਕਤੀਆਂ ਨੂੰ ਐਂਬੂਲੈਂਸਾਂ ਰਾਹੀਂ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਇੱਕ ਪੀੜਤ ਦੀ ਮੌਤ ਹੋ ਗਈ ਜਦਕਿ ਪੁਲੀਸ ਵੱਲੋਂ ਇਸ ਹਾਦਸੇ ਸੰਬੰਧੀ ਹੋਰ ਜਾਣਕਾਰੀ ਇਕੱਠੀ ਕਰਨ ਲਈ ਜਾਂਚ ਜਾਰੀ ਹੈ।