ਅਮਰੀਕਾ ਦੇ ਫੈਡਰਲ ਰਿਜਰਵ ਬੈਂਕ ਵੱਲੋਂ ਵਿਆਜ ਦਰਾਂ ਵਿੱਚ ਕੀਤੇ ਵਾਧੇ ਦਾ ਭਾਰਤ ਤੇ ਅਸਰ

ਅਮਰੀਕੀ ਸੈਂਟਰਲ ਬੈਂਕ ਫੈਡਰਲ ਰਿਜਰਵ (ਫੈਡ) ਨੇ ਆਖ਼ਿਰਕਾਰ ਇੱਕ ਸਾਲ ਦੇ ਅੰਦਰ ਦੂਜੀ ਵਾਰ ਵਿਆਜ ਦਰ ਵਧਾਉਣ ਦਾ ਫੈਸਲਾ ਲੈ ਲਿਆ| ਬੀਤੇ ਬੁੱਧਵਾਰ ਨੂੰ ਉਸਨੇ ਵਿਆਜ ਦਰਾਂ ਵਿੱਚ 0. 25 ਫੀਸਦੀ ਦਾ ਵਾਧਾ ਕੀਤਾ, ਜਿਸਦੇ ਨਾਲ ਹੁਣ ਅਮਰੀਕਾ ਵਿੱਚ ਵਿਆਜ ਦਰਾਂ ਵਧ ਕੇ 0.50 ਤੋਂ 0.75 ਫਿਸਦੀ ਹੋ ਗਈਆਂ ਹਨ| ਫੈਡਰਲ ਰਿਜਰਵ ਨੇ ਇਸ ਤੋਂ ਪਹਿਲਾਂ ਦਸੰਬਰ 2015 ਵਿੱਚ ਦਰ ਵਧਾਈ ਸੀ| ਉਸ ਨੇ ਸੰਕੇਤ ਦਿੱਤਾ ਹੈ ਕਿ ਅਗਲੇ ਸਾਲ ਦੋ ਤੋਂ ਤਿੰਨ ਵਾਰ ਵਿਆਜ ਦਰਾਂ ਵਧਾਈਆਂ ਜਾ ਸਕਦੀਆਂ ਹਨ, ਨਾਲ ਹੀ ਇਹ ਵੀ ਕਿਹਾ ਹੈ ਕਿ 2018 ਅਤੇ 2019 ਵਿੱਚ ਵੀ ਦਰਾਂ ਦਾ ਇਹੀ ਰੁਝਾਨ
ਰਹੇਗਾ|
ਫੈਡ ਚੇਅਰਪਰਸਨ ਜੇਨੇਟ ਯੇਲੇਨ ਦਾ ਕਹਿਣਾ ਹੈ ਕਿ ਅਮਰੀਕੀ ਅਰਥਵਿਵਸਥਾ ਵਿੱਚ ਵਾਧੇ ਦੇ ਸੰਕੇਤ ਦਿਖ ਰਹੇ ਹਨ ਅਤੇ ਨਵੀਆਂ ਨੌਕਰੀਆਂ ਦੇ ਮੌਕੇ ਵਧਣ ਦੀ ਉਮੀਦ ਵੀ ਦਿਖ ਰਹੀ ਹੈ| ਫੈਡ ਆਪਣੇ ਇੱਥੇ 2 ਫੀਸਦੀ ਮਹਿੰਗਾਈ ਦਰ ਦੇ ਟੀਚੇ ਤੇ ਕਾਇਮ ਹੈ, ਅਜਿਹੇ ਵਿੱਚ ਅਮਰੀਕੀ ਵਿਆਜ ਦਰਾਂ ਵਿੱਚ ਵਾਧੇ ਦਾ ਸਿਲਸਿਲਾ ਲੰਬਾ ਚੱਲ ਸਕਦਾ ਹੈ| ਅਮਰੀਕਾ ਦੀ ਵਿਕਾਸ ਦਰ ਫਿਲਹਾਲ ਤਿੰਨ ਫ਼ੀਸਦੀ ਤੋਂ ਘੱਟ ਹੈ| ਵਿਆਜ ਦਰਾਂ ਵਿੱਚ ਵਾਧੇ ਨਾਲ ਜੇਕਰ ਉੱਥੇ ਬਚਤ ਅਤੇ ਨਿਵੇਸ਼ ਦੀ ਹਾਲਤ ਸੁਧਰਦੀ ਹੈ, ਤਾਂ ਦੁਨੀਆ ਦੇ ਕਈ ਦੇਸ਼ਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਇਸਦਾ ਫ਼ਾਇਦਾ ਮਿਲ ਸਕਦਾ ਹੈ| ਇਹ ਹੋਰ ਗੱਲ ਹੈ ਕਿ ਭਾਰਤ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਿਲ ਨਹੀਂ ਹੋਵੇਗਾ|
ਹੁਣੇ ਤਾਂ ਇਹ ਫ਼ੈਸਲਾ ਭਾਰਤੀ ਅਰਥਵਿਵਸਥਾ ਲਈ ਕਿਸੇ ਝਟਕੇ ਵਰਗਾ ਹੀ ਹੈ| ਇੱਕ ਤਾਂ ਉਂਜ ਹੀ ਡਾਲਰ ਦੇ ਮੁਕਾਬਲੇ ਰੁਪਿਆ ਕਾਫ਼ੀ ਕਮਜੋਰ ਚੱਲ ਰਿਹਾ ਹੈ, ਦੂਜਾ ਤੇਲ ਦੀਆਂ ਕੀਮਤਾਂ ਵੀ ਚੜ੍ਹਨ ਲੱਗੀਆਂ ਹਨ| ਹੁਣ ਅਮਰੀਕੀ ਵਿਆਜ ਦਰਾਂ ਵਧਣ ਨਾਲ ਭਾਰਤ ਦੇ ਪੂੰਜੀ ਬਾਜ਼ਾਰ ਨੂੰ ਨੁਕਸਾਨ ਹੋਣਾ ਸੁਭਾਵਿਕ ਹੈ| ਨੋਟਬੰਦੀ ਦੇ ਕਾਰਨ ਵਿਦੇਸ਼ੀ ਸੰਸਥਾਗਤ ਨਿਵੇਸ਼ਕ ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਭਾਰਤੀ ਬਾਜ਼ਾਰ ਵਿੱਚ ਆਪਣੀ ਹਿੱਸੇਦਾਰੀ ਵੇਚ ਰਹੇ ਸਨ| ਡਰ ਹੈ ਕਿ ਇਹ ਪ੍ਰਕ੍ਰਿਆ ਕਿਤੇਹੋਰ ਤੇਜ ਨਾ ਹੋਵੇ| ਸਭ ਤੋਂ ਵੱਡੀ ਗੱਲ ਇਹ ਹੈ ਕਿ ਰੁਪਏ ਦੇ ਮੁਕਾਬਲੇ ਡਾਲਰ ਹੁਣ ਹੋਰ ਮਜਬੂਤ ਹੋਵੇਗਾ, ਜਿਸਦੇ ਨਾਲ ਸਾਡਾ ਆਯਾਤ ਮਹਿੰਗਾ ਹੋ ਜਾਵੇਗਾ| ਖਾਸ ਕਰਕੇ ਇਲੈਕਟਰਾਨਿਕ ਸਾਮਾਨ  ਜਿਵੇਂ ਕੈਮਰਾ, ਮੋਬਾਈਲ ਅਤੇ ਲੈਪਟਾਪ ਦੀਆਂ ਕੀਮਤਾਂ ਵੱਧ ਸਕਦੀਆਂ ਹਨ| ਭਾਰੀ ਮਸ਼ੀਨਾਂ ਅਤੇ ਕਲਪੁਰਜਿਆਂ ਦਾ ਆਯਾਤ ਵੀ ਇਸਦੇ ਚਲਦੇ ਮਹਿੰਗਾ ਹੋ ਜਾਵੇਗਾ|
ਆਰਥਿਕ ਮਾਹਿਰਾਂ ਨੇ ਬਾਜ਼ਾਰ ਨੂੰ ਆਸਵੰਦ ਕਰਦਿਆਂ ਕਿਹਾ ਹੈ ਕਿ ਅਮਰੀਕਾ ਵਿੱਚ ਵਿਆਜ ਦਰਾਂ ਵਧਣ ਦਾ ਭਾਰਤ ਤੇ ਜ਼ਿਆਦਾ ਅਸਰ ਨਹੀਂ ਹੋਵੇਗਾ ਅਤੇ ਬਾਜ਼ਾਰ ਨੂੰ ਇਸਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ| ਉਨ੍ਹਾਂ ਦੇ ਮੁਤਾਬਿਕ ਫੈਡ ਦੇ ਫੈਸਲੇ ਨਾਲ ਹੋਰ
ਦੇਸ਼ਾਂ ਦੇ ਮੁਕਾਬਲੇ ਭਾਰਤ ਘੱਟ ਪ੍ਰਭਾਵਿਤ ਹੋਵੇਗਾ, ਕਿਉਂਕਿ ਇੱਥੇ ਵਿਕਾਸ ਦੀਆਂ ਸੰਭਾਵਨਾਵਾਂ ਜ਼ਿਆਦਾ ਹਨ| ਜਿਕਰਯੋਗ ਹੈ ਕਿ ਭਾਰਤੀ ਰਿਜਰਵ ਬੈਂਕ ਨੇ ਹਾਲਾਤ ਨੂੰ ਭਾਂਪਦੇ ਹੋਏ ਇਸ ਮਹੀਨੇ ਆਪਣੀਆਂ ਵਿਆਜ ਦਰਾਂ ਵਿੱਚ ਕੋਈ ਕਮੀ ਨਹੀਂ ਕੀਤੀ| ਫਿਲਹਾਲ ਸਾਡੀ ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਨੋਟਬੰਦੀ ਦੇ ਚਲਦੇ ਨਿੱਜੀ ਕੰਪਨੀਆਂ ਪ੍ਰੇਸ਼ਾਨੀ ਝੱਲ ਰਹੀਆਂ ਹਨ| ਬਾਜ਼ਾਰ ਵਿੱਚ ਮੰਗ ਅਚਾਨਕ ਘੱਟ ਹੋ ਜਾਣ ਨਾਲ ਕੁੱਝ ਕੰਮ-ਕਾਜ ਬਿਲਕੁਲ ਠੱਪ ਹੋ ਗਏ ਹਨ| ਚਾਰੇ ਪਾਸੇ ਮਾਰ ਝੱਲ ਰਹੇ ਬਾਜ਼ਾਰ ਵਿੱਚ ਗਰਮਾਹਟ ਲਿਆਉਣ ਦਾ ਇਕੱਲਾ ਤਰੀਕਾ ਇਹ ਇਹ ਹੋ ਸਕਦਾ ਹੈ ਕਿ ਸਰਕਾਰ ਆਪਣੇ ਪੱਧਰ ਤੇ ਨਿਵੇਸ਼ ਵਧਾਉਣ ਦੀਆਂ ਕੁੱਝ ਵੱਡੀਆਂ ਘੋਸ਼ਣਾਵਾਂ ਕਰੇ|
ਸੁਰਿੰਦਰ

Leave a Reply

Your email address will not be published. Required fields are marked *