ਅਮਰੀਕਾ ਦੇ ਵਸਨੀਕਾਂ ਨੂੰ ਉਤਰੀ ਕੋਰੀਆ ਤੋਂ ਕੋਈ ਖਤਰਾ ਨਹੀਂ : ਟਰੰਪ

ਵਾਸ਼ਿੰਗਟਨ, 14 ਜੂਨ (ਸ.ਬ.) ਕੈਨੇਡਾ ਵਿੱਚ ਜੀ-7 ਸੰਮੇਲਨ ਅਤੇ ਸਿੰਗਾਪੁਰ ਵਿਚ ਉਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨਾਲ ਇਤਿਹਾਸਕ ਮੁਲਾਕਾਤ ਤੋਂ ਬਾਅਦ ਅਮਰੀਕਾ ਪੁੱਜੇ ਡੋਨਾਲਡ ਟਰੰਪ ਨੇ ਆਪਣੇ ਦੇਸ਼ ਵਾਸੀਆਂ ਲਈ ਬਿਆਨ ਜਾਰੀ ਕੀਤਾ| ਅਮਰੀਕਾ ਪਹੁੰਚਣ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਟਵੀਟ ਕੀਤਾ| ਉਨ੍ਹਾਂ ਨੇ ਟਵੀਟ ਵਿਚ ਲਿਖਿਆ ਕਿ ਇਕ ਲੰਬੀ ਯਾਤਰਾ ਤੋਂ ਬਾਅਦ ਮੈਂ ਅਮਰੀਕਾ ਪਰਤ ਆਇਆ ਹਾਂ, ਜਿਸ ਦਿਨ ਮੈਂ ਕਾਰਜਭਾਰ ਸੰਭਾਲਿਆ ਸੀ, ਉਸ ਦੀ ਤੁਲਨਾ ਵਿਚ ਅੱਜ ਸਾਰੇ ਲੋਕ ਸੁਰੱਖਿਅਤ ਮਹਿਸੂਸ ਕਰ ਰਹੇ ਹੋਣਗੇ| ਉਨ੍ਹਾਂ ਨੇ ਕਿਹਾ ਕਿ ਹੁਣ ਅਮਰੀਕੀ ਵਾਸੀਆਂ ਨੂੰ ਪਰਮਾਣੂ ਖਤਰੇ ਦਾ ਡਰ ਨਹੀਂ ਅਤੇ ਹੁਣ ਉਹ ਚੈਨ ਦੀ ਨੀਂਦ ਸੌਂ ਸਕਦੇ ਹਨ|
ਟਰੰਪ ਨੇ ਅੱਗੇ ਲਿਖਿਆ ਕਿ ਕਿਮ ਜੋਂਗ ਉਨ ਨਾਲ ਮੁਲਾਕਾਤ ਦਿਲਚਸਪ ਅਤੇ ਸਕਾਰਾਤਮਕ ਰਹੀ| ਰਾਸ਼ਟਰਪਤੀ ਅਹੁਦਾ ਸੰਭਾਲਣ ਤੋਂ ਪਹਿਲਾਂ ਲੋਕਾਂ ਨੂੰ ਲੱਗ ਰਿਹਾ ਸੀ ਕਿ ਮੈਂ ਉਤਰੀ ਕੋਰੀਆ ਨਾਲ ਯੁੱਧ ਛੇੜਾਂਗਾ| ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਸੀ ਕਿ ਉਤਰੀ ਕੋਰੀਆ ਸਾਡੇ ਲਈ ਖਤਰਾ ਹੈ| ਹੁਣ ਅਜਿਹਾ ਨਹੀਂ ਹੈ, ਤੁਸੀਂ ਲੋਕ ਚੈਨ ਨਾਲ ਸੌਂ ਸਕਦੇ ਹਨ|
ਜ਼ਿਕਰਯੋਗ ਹੈ ਕਿ 12 ਜੂਨ ਨੂੰ ਸਿੰਗਾਪੁਰ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਵਿਚਾਲੇ ਇਤਿਹਾਸਕ ਮੁਲਾਕਾਤ ਹੋਈ| ਦੋਹਾਂ ਦੇਸ਼ਾਂ ਵਿਚਾਲੇ ਹੋਈ ਇਹ ਬੈਠਕ ਕਾਫੀ ਸਕਾਰਾਤਮਕ ਰਹੀ| ਦੋਹਾਂ ਹੀ ਨੇਤਾਵਾਂ ਨੇ ਅਮਰੀਕਾ ਅਤੇ ਉਤਰੀ ਕੋਰੀਆ ਦੀ 65 ਸਾਲ ਦੀ ਦੁਸ਼ਮਣੀ ਨੂੰ ਇਕ ਮੁਲਾਕਾਤ ਵਿਚ ਖਤਮ ਕਰ ਦਿੱਤਾ| ਗੱਲ-ਗੱਲ ਤੇ ਪਰਮਾਣੂ ਹਮਲੇ ਦੀ ਧਮਕੀ ਦੇਣ ਵਾਲੇ ਉਤਰੀ ਕੋਰੀਆ ਨੇ ਪਰਮਾਣੂ ਪਰੀਖਣ ਸਥਲਾਂ ਨੂੰ ਨਸ਼ਟ ਕਰਨ ਦਾ ਐਲਾਨ ਕੀਤਾ ਹੈ, ਤਾਂ ਦੂਜੇ ਪਾਸੇ ਅਮਰੀਕਾ ਨੇ ਕੋਰੀਆਈ ਟਾਪੂ ਵਿਚ ਫੌਜੀ ਅਭਿਆਸ ਬੰਦ ਕਰਨ ਦੀ ਗੱਲ ਆਖੀ| ਦੋਹਾਂ ਨੇਤਾਵਾਂ ਵਿਚਾਲੇ ਇਕ ਵਿਆਪਕ ਦਸਤਾਵੇਜ਼ ਤੇ ਦਸਤਖਤ ਵੀ ਹੋਏ, ਜਿਸ ਵਿਚ ਪਰਮਾਣੂ ਹਥਿਆਰਾਂ ਦੇ ਖਾਤਮੇ ਦਾ ਅਹਿਮ ਕਰਾਰ ਸ਼ਾਮਲ ਹੈ|

Leave a Reply

Your email address will not be published. Required fields are marked *