ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਕੈਨੇਡੀ ਦੀ ਹੱਤਿਆ ਨਾਲ ਜੁੜੀਆਂ ਫਾਈਲਾਂ ਹੋਈਆਂ ਜਨਤਕ

ਵਾਸ਼ਿੰਗਟਨ, 4 ਨਵੰਬਰ (ਸ.ਬ.)  ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੌਨ ਐਫ. ਕੈਨੇਡੀ ਦੀ ਨਵੰਬਰ 1963 ਵਿਚ ਹੋਈ ਹੱਤਿਆ ਨਾਲ ਸੰਬੰਧਤ ਫਾਈਲਾਂ ਨੂੰ ਨੈਸ਼ਨਲ ਆਰਕਾਈਵਜ਼ ਨੇ ਜਾਰੀ ਕਰ ਦਿੱਤਾ ਹੈ| ਕੇਂਦਰੀ ਖੁਫੀਆ ਏਜੰਸੀ ਨੇ 680 ਰਿਕਾਰਡ ਜਨਤਕ ਕੀਤੇ ਹਨ, ਜਿਨ੍ਹਾਂ ਵਿਚੋਂ 553 ਕਦੇ ਨਾ ਦੇਖੀਆਂ ਗਈਆਂ ਫਾਈਲਾਂ ਹਨ| ਸੀ. ਆਈ. ਏ. ਨੇ ਪਹਿਲਾਂ ਰਾਸ਼ਟਰੀ ਸੁਰੱਖਿਆ ਆਧਾਰ ਤੇ ਇਨ੍ਹਾਂ ਨੂੰ ਜਾਰੀ ਕਰਨ ਤੇ ਇਤਰਾਜ਼ ਜ਼ਾਹਰ ਕੀਤਾ ਸੀ| ਸੀ. ਆਈ. ਏ. ਦੀ ਜਾਰੀ ਕੀਤੀਆਂ ਗਈਆਂ ਫਾਈਲਾਂ ਵਿਚ ਵਿਸਥਾਰਪੂਰਵਕ ਰਿਕਾਰਡ ਹੈ| ਉਦਾਹਰਣ ਲਈ ਇਨ੍ਹਾਂ ਵਿਚ ਵਿਦੇਸ਼ੀ ਮਿਸ਼ਨਾਂ ਵਿੱਚ ਕੰਮ ਕਰ ਰਹੇ ਸੋਵੀਅਤ ਡਿਪਲੋਮੈਟਾਂ ਦੀ ਭਰਤੀ ਕਰਨ ਦੀ ਕੋਸ਼ਿਸ਼ ਦੇ ਰਿਕਾਰਡ ਹਨ|
ਨੈਸ਼ਨਲ ਆਰਕਾਈਵਜ਼ ਨੇ ਕਿਹਾ ਕਿ ਆਨਲਾਈਨ ਪ੍ਰਕਾਸ਼ਤ ਕੀਤੇ ਗਏ ਹੋਰ ਦਸਤਾਵੇਜ਼ ਨਿਆਂ ਵਿਭਾਗ, ਰੱਖਿਆ ਵਿਭਾਗ ਅਤੇ ਸਦਨ ਦੀ ਇਕ ਕਮੇਟੀ ਦੇ ਹਨ, ਜਿਨ੍ਹਾਂ ਨੇ ਟੈਕਸਾਸ ਦੇ ਡਲਾਸ ਵਿਚ 22 ਨਵੰਬਰ 1963 ਨੂੰ ਹੋਈ ਕੈਨੇਡੀ ਦੀ ਹੱਤਿਆ ਦੀ ਜਾਂਚ ਕੀਤੀ ਸੀ| ਕੈਨੇਡੀ ਦੀ ਹੱਤਿਆ ਦੀ ਜਾਂਚ ਕਰਨ ਵਾਲੇ ਅਧਿਕਾਰਤ ਵਾਰੇਨ ਕਮਿਸ਼ਨ ਨੇ ਕਿਹਾ ਸੀ ਕਿ ਸਾਬਕਾ ਮਰੀਨ ਕੋਰਪ ਦੇ ਸ਼ਾਰਪ ਸ਼ੂਟਰ ਲੀ ਹਾਰਵੇ ਆਸਵਾਲਡ ਨੇ ਇਕੱਲੇ ਇਸ ਕੰਮ ਨੂੰ ਅੰਜ਼ਾਮ ਦਿੱਤਾ ਸੀ| ਫਿਲਹਾਲ ਅਜਿਹੀਆਂ ਅਟਕਲਾਂ ਲਾਈਆਂ ਗਈਆਂ ਹਨ ਕਿ ਅਮਰੀਕਾ ਦੇ 35ਵੇਂ ਰਾਸ਼ਟਰਪਤੀ ਦੀ ਹੱਤਿਆ ਦੇ ਪਿੱਛੇ ਜ਼ਿਆਦਾ ਡੂੰਘੀ ਸਾਜਿਸ਼ ਰਚੀ ਗਈ ਸੀ|
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਘੀ ਜਾਂਚ ਏੇਜੰਸੀ ਅਤੇ ਸੀ. ਆਈ. ਏ. ਨੂੰ ਇਹ ਦੱਸਣ ਲਈ 26 ਅਪ੍ਰੈਲ 2018 ਤੱਕ 6 ਮਹੀਨੇ ਦਾ ਸਮਾਂ ਦਿੱਤਾ ਹੈ ਕਿ ਬਾਕੀ ਦੇ ਦਸਤਾਵੇਜ਼ਾਂ ਨੂੰ ਕਿਉਂ ਨਹੀਂ ਜਨਤਕ ਕੀਤਾ ਜਾਣਾ ਚਾਹੀਦਾ? ਨੈਸ਼ਨਲ ਨੈਸ਼ਨਲ ਆਰਕਾਈਵਜ਼ ਨੇ 26 ਅਕਤੂਬਰ ਨੂੰ 2,891 ਦਸਤਾਵੇਜ਼ ਅਤੇ 24 ਜੁਲਾਈ ਨੂੰ 3,810 ਰਿਕਾਰਡ ਜਨਤਕ ਕੀਤੇ ਸਨ| ਆਸਵਾਲਡ ਸਾਲ 1959 ਵਿੱਚ ਸੋਵੀਅਤ ਸੰਘ ਚਲਾ ਗਿਆ ਸੀ ਪਰ ਸਾਲ 1962 ਵਿਚ ਅਮਰੀਕਾ ਪਰਤ ਆਇਆ ਸੀ| ਕੈਨੇਡੀ ਦੀ ਹੱਤਿਆ ਦੇ ਦੋ ਦਿਨ ਬਾਅਦ ਇਕ ਨਾਈਟ ਕਲੱਬ ਦੇ ਮਾਲਕ ਨੇ ਆਸਵਾਲਡ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ|

Leave a Reply

Your email address will not be published. Required fields are marked *