ਅਮਰੀਕਾ ਦੇ 27 ਸੰਸਦ ਮੈਂਬਰ ਇਸ ਮਹੀਨੇ ਆਉਣਗੇ ਭਾਰਤ

ਵਾਸ਼ਿੰਗਟਨ, 15 ਫਰਵਰੀ (ਸ.ਬ.) ਅਮਰੀਕਾ ਤੋਂ 27 ਸੰਸਦ ਮੈਂਬਰ ਇਸ ਮਹੀਨੇ ਭਾਰਤ ਆਉਣਗੇ, ਜਿਸ ਤੋਂ ਇਹ ਜਾਪਦਾ ਹੈ ਕਿ ਅਮਰੀਕੀ ਸੰਸਦ ਮੈਂਬਰਾਂ ਨੇ ਨਵੀਂ ਦਿੱਲੀ ਨਾਲ ਰਿਸ਼ਤੇ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ| ਰੀਪਬਲੀਕਨ ਅਤੇ ਡੈਮੋਕ੍ਰੇਟਿਕ ਪਾਰਟੀਆਂ ਦੇ ਚੋਟੀ ਦੇ ਸੰਸਦ ਮੈਂਬਰ ਦੋ ਵੱਖ-ਵੱਖ ਟੀਮਾਂ ਬਣਾ ਕੇ ਭਾਰਤ ਆ ਰਹੇ ਹਨ| ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਨਵਤੇਜ ਸਰਨਾ ਨੇ ਇਸ ਨੂੰ ਇਕ ਮਹੱਤਵਪੂਰਨ ਕਦਮ ਦੱਸਿਆ ਹੈ| ਉਨ੍ਹਾਂ ਕਿਹਾ ਕਿ ਅਮਰੀਕੀ ਸੰਸਦ ਵਿੱਚ ਭਾਰਤ-ਅਮਰੀਕਾ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦੋਹਾਂ ਪਾਰਟੀਆਂ ਦੀ ਹਮਾਇਤ ਹਾਸਲ ਹੈ ਅਤੇ ਇਹ ਰਿਸ਼ਤੇ ਮਜ਼ਬੂਤ ਕਰਨ ਦੀਆਂ ਅਮਰੀਕੀ ਕੋਸ਼ਿਸ਼ਾਂ ਦਾ ਹਿੱਸਾ ਹੈ| ਸੰਸਦ ਦੇ ਰਿਕਾਰਡ ਤੋਂ ਇਹ ਪਤਾ ਲੱਗਦਾ ਹੈ ਕਿ ਭਾਰਤ ਆਉਣ ਵਾਲੇ ਅਮਰੀਕੀ ਸੰਸਦ ਮੈਂਬਰਾਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ, ਜੋ ਭਾਰਤ ਆ ਰਹੇ ਹਨ| 19 ਸੰਸਦ ਮੈਂਬਰਾਂ ਦੀ ਟੀਮ 20 ਤੋਂ 25 ਫਰਵਰੀ ਤੱਕ ਭਾਰਤ ਵਿੱਚ ਹੋਵੇਗੀ ਅਤੇ ਇਸ ਦੌਰਾਨ ਟੀਮ ਦੇ ਮੈਂਬਰ ਨਵੀਂ ਦਿੱਲੀ ਅਤੇ ਹੈਦਰਾਬਾਦ ਵਿੱਚ ਰੁਕਣਗੇ| ਯਾਤਰਾ ਦੌਰਾਨ ਸੰਸਦ ਮੈਂਬਰਾਂ ਦਾ ਸਰਕਾਰ ਦੇ ਉਚ ਅਧਿਕਾਰੀਆਂ, ਨੇਤਾਵਾਂ, ਥਿੰਕ ਟੈਂਕ ਸੰਸਥਾਵਾਂ ਦੇ ਮੈਂਬਰਾਂ ਅਤੇ ਗੈਰ ਸਰਕਾਰੀ ਸੰਗਠਨਾਂ ਨਾਲ ਮਿਲਣ ਦਾ ਪ੍ਰੋਗਰਾਮ ਹੈ| ਦੋਹਾਂ ਟੀਮਾਂ ਦੇ 8 ਸੰਸਦ ਮੈਂਬਰਾਂ ਦਾ ਇਕ ਹੋਰ ਦਸਤਾ 20 ਤੋਂ 23 ਫਰਵਰੀ ਤੱਕ ਭਾਰਤ ਵਿੱਚ ਰਹੇਗਾ ਅਤੇ ਉਹ ਨਵੀਂ ਦਿੱਲੀ ਅਤੇ ਬੰਗਲੁਰੂ ਜਾਣਗੇ| ਸਰਨਾ ਨੇ ਕਿਹਾ ਕਿ ਨਵੇਂ ਪ੍ਰਸ਼ਾਸਨ ਦੇ ਆਉਣ ਤੋਂ ਬਾਅਦ ਇਹ ਮਹੱਤਵਪੂਰਨ ਹੈ|

Leave a Reply

Your email address will not be published. Required fields are marked *