ਅਮਰੀਕਾ ਦੌਰੇ ਤੇ ਜਾਏਗੀ ਬ੍ਰਿਟੇਨ ਦੀ ਪ੍ਰਧਾਨ ਮੰਤਰੀ, ਟਰੰਪ ਨਾਲ ਕਰੇਗੀ ਮੁਲਾਕਾਤ

ਲੰਡਨ, 6 ਜਨਵਰੀ (ਸ.ਬ.)     ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਇਸ ਸਾਲ ਅਮਰੀਕਾ ਦੇ ਦੌਰੇ ਤੇ ਜਾਵੇਗੀ ਅਤੇ ਉਨ੍ਹਾਂ ਨਾਲ ਮੁਲਾਕਾਤ ਕਰੇਗੀ| ਥੈਰੇਸਾ ਦੇ ਪ੍ਰਤੀਨਿਧੀ ਨੇ ਕਿਹਾ ਕਿ ਬ੍ਰਿਟੇਨ, ਅਮਰੀਕਾ ਦੇ ਸਭ ਤੋਂ ਕਰੀਬੀ ਸਹਿਯੋਗੀਆਂ ਵਿੱਚੋਂ ਇਕ ਹੈ| ਥੈਰੇਸਾ, ਟਰੰਪ ਨਾਲ ਵਾਸ਼ਿੰਗਟਨ ਵਿਚ ਮੁਲਾਕਾਤ ਕਰੇਗੀ| ਫਿਲਹਾਲ ਇਸ ਮੁਲਾਕਾਤ ਲਈ ਤਰੀਕ ਤੈਅ ਨਹੀਂ ਹੋ ਸਕੀ ਹੈ| ਇਸ ਤੋਂ ਪਹਿਲਾਂ ਦੋਹਾਂ ਨੇਤਾਵਾਂ ਦੀ ਨਵੰਬਰ ਵਿਚ ਫੋਨ ਤੇ ਗੱਲਬਾਤ ਹੋਈ ਸੀ, ਜਿਸ ਵਿਚ ਇਨ੍ਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਦਰਮਿਆਨ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਅਤੇ ਛੇਤੀ ਤੋਂ ਛੇਤੀ ਮੁਲਾਕਾਤ ਕਰਨ ਤੇ ਜ਼ੋਰ ਦਿੱਤਾ ਸੀ| ਆਮ ਤੌਰ ਤੇ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਸਭ ਤੋਂ ਪਹਿਲਾਂ ਦੁਨੀਆ ਦੇ ਜਿਨ੍ਹਾਂ ਨੇਤਾਵਾਂ ਨਾਲ ਗੱਲਬਾਤ ਕਰਦੇ ਹਨ, ਉਨ੍ਹਾਂ ਵਿੱਚ ਬ੍ਰਿਟੇਨ ਦਾ ਨੰਬਰ ਪਹਿਲਾਂ ਆਉਂਦਾ ਹੈ ਪਰ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਟਰੰਪ ਨੇ 9 ਦੇਸ਼ਾਂ ਤੋਂ ਬਾਅਦ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ, ਜੋ ਬ੍ਰਿਟੇਨ ਲਈ ਅਸਹਿਜ ਸੀ| ਹਾਲਾਂਕਿ ਬ੍ਰਿਟੇਨ ਵੱਲੋਂ ਇਸ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਕੂਟਨੀਤਿਕ ਪ੍ਰੋਟੋਕਾਲ ਦੀ ਉਲੰਘਣਾ ਸੀ, ਜੋ ਬ੍ਰਿਟਿਸ਼ ਸਰਕਾਰ ਲਈ ਸ਼ਰਮਨਾਕ ਸੀ|

Leave a Reply

Your email address will not be published. Required fields are marked *