ਅਮਰੀਕਾ ਨੇ ਕੀਤੀ ਚੀਨ ਦੀ ਮੁੜ ਉਸਾਰੀ : ਟਰੰਪ

ਵਾਸ਼ਿੰਗਟਨ, 20 ਜੂਨ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਦਾਅਵਾ ਕੀਤਾ ਕਿ ਅਮਰੀਕਾ ਨੇ ਚੀਨ ਦੀ ਮੁੜ ਉਸਾਰੀ ਕੀਤੀ ਹੈ| ਟਰੰਪ ਨੇ ਨੈਸ਼ਨਲ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜਨੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਦੇਖ ਰਹੇ ਹੋ ਚੀਨ ਨਾਲ ਕੀ ਹੋ ਰਿਹਾ ਹੈ| ਸਾਡੇ ਕੋਲ ਵਿਕਲਪ ਨਹੀਂ ਹੈ| ਇਹ ਬਹੁਤ ਸਾਲ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ| ਚੀਨ ਹਰ ਸਾਲ ਸਾਡੇ ਦੇਸ਼ ਤੋਂ 500 ਅਰਬ ਡਾਲਰ ਲੈ ਜਾ ਰਿਹਾ ਹੈ ਅਤੇ ਆਪਣੀ ਮੁੜ ਉਸਾਰੀ ਕਰ ਰਿਹਾ ਹੈ| ਉਨ੍ਹਾਂ ਨੇ ਕਿਹਾ ਕਿ ਮੈਂ ਹਮੇਸ਼ਾ ਕਹਿੰਦਾ ਰਿਹਾ ਹਾਂ ਕਿ ਅਸੀਂ ਚੀਨ ਦੀ ਮੁੜ ਉਸਾਰੀ ਕੀਤੀ ਹੈ| ਉਨ੍ਹਾਂ ਨੇ ਸਾਡੇ ਕੋਲੋਂ ਬਹੁਤ ਲਿਆ ਹੈ| ਹੁਣ ਸਮਾਂ ਆ ਗਿਆ ਹੈ ਦੋਸਤੋ, ਹੁਣ ਸਮਾਂ ਆ ਗਿਆ ਹੈ| ਟਰੰਪ ਦਾ ਇਹ ਬਿਆਨ ਚੀਨ ਦੇ ਵਾਧੂ 200 ਅਰਬ ਡਾਲਰ ਦੇ ਸਮਾਨਾਂ ਤੇ ਅਮਰੀਕਾ ਵਲੋਂ ਟੈਕਸ ਲਗਾਉਣ ਦੀ ਧਮਕੀ ਦੇ ਇਕ ਦਿਨ ਬਾਅਦ ਆਇਆ ਹੈ| ਇਸ ਨਾਲ ਵਿਸ਼ਵ ਦੀਆਂ ਦੋ ਵੱਡੀਆਂ ਅਰਥ ਵਿਵਸਥਾਵਾਂ ਵਿਚਕਾਰ ਵਪਾਰ ਯੁੱਧ ਨਵੇਂ ਪੱਧਰ ਤੇ ਪਹੁੰਚ ਗਿਆ ਹੈ| ਅਮਰੀਕਾ ਨੇ ਬੀਤੇ ਹਫਤੇ ਚੀਨ ਦੇ 50 ਅਰਬ ਡਾਲਰ ਦੇ ਸਮਾਨਾਂ ਤੇ ਟੈਕਸ ਲਗਾ ਦਿੱਤਾ ਸੀ| ਇਸ ਦੇ ਜਵਾਬ ਵਿਚ ਚੀਨ ਨੇ ਵੀ ਅਮਰੀਕਾ ਦੇ 50 ਅਰਬ ਡਾਲਰ ਦੇ 659 ਉਤਪਾਦਾਂ ਤੇ ਟੈਕਸ ਲਗਾ ਦਿੱਤਾ ਸੀ| ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਕੰਪਨੀਆਂ ਨੂੰ ਸਮਾਨ ਮੁਕਾਬਲੇ ਵਾਲਾ ਪੱਧਰ ਮੁਹੱਈਆ ਕਰਵਾਇਆ ਹੈ| ਉਨ੍ਹਾਂ ਨੇ ਕਿਹਾ ਕਿ ਅਮਰੀਕੀ ਕੰਪਨੀਆਂ ਨੂੰ ਦੂਜੇ ਦੇਸ਼ਾਂ ਦੀਆਂ ਉਨ੍ਹਾਂ ਕੰਪਨੀਆਂ ਦੀ ਤੁਲਨਾ ਵਿਚ ਹੁਣ ਸਮਾਨ ਮੌਕੇ ਮੁਹੱਈਆ ਹੋ ਰਹੇ ਹਨ ਜਿਨ੍ਹਾਂ ਨੂੰ ਸਰਕਾਰੀ ਛੋਟਾਂ ਸਮੇਤ ਕਈ ਹੋਰ ਫਾਇਦੇ ਮਿਲਦੇ ਰਹੇ ਹਨ| ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਵਪਾਰ ਪ੍ਰਤੀਨਿਧੀ ਰੌਬਰਟ ਲਾਈਟਹਾਈਜ਼ਰ ਨੂੰ ਚੀਨ ਤੋਂ ਆਉਣ ਵਾਲੇ ਉਨ੍ਹਾਂ ਉਤਪਾਦਾਂ ਦੀ ਦੂਜੀ ਸੂਚੀ ਤਿਆਰ ਕਰਨ ਲਈ ਕਿਹਾ ਹੈ ਜਿਨ੍ਹਾਂ ਦੇ ਉਪਰ 10 ਫੀਸਦੀ ਟੈਕਸ ਲਗਾਇਆ ਜਾ ਸਕੇ| ਉਨ੍ਹਾਂ ਨੇ ਕਿਹਾ ਕਿ ਜੇ ਚੀਨ ਆਪਣੀਆਂ ਆਦਤਾਂ ਤੋਂ ਬਾਜ਼ ਨਾ ਆਇਆ ਤਾਂ ਕਾਨੂੰਨੀ ਪ੍ਰਕਿਰਿਆਵਾਂ ਦੇ ਪੂਰਾ ਹੁੰਦੇ ਹੀ 200 ਅਰਬ ਡਾਲਰ ਦੇ ਵਾਧੂ ਚੀਨੀ ਸਮਾਨਾਂ ਤੇ ਟੈਕਸ ਲਗਾ ਦਿੱਤਾ ਜਾਵੇਗਾ|

Leave a Reply

Your email address will not be published. Required fields are marked *