ਅਮਰੀਕਾ-ਪਾਕਿਸਤਾਨ ਵਿੱਚ ਮਤਭੇਦ ਦਾ ਕਾਰਨ ਹੈ ਦੋਹਰੀ ਨੀਤੀ

ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 30 ਕਰੋੜ ਡਾਲਰ ਦੀ ਆਰਥਿਕ ਸਹਾਇਤਾ ਰੱਦ ਕਰਨ ਦਾ ਫੈਸਲਾ ਕੀਤਾ ਹੈ| ਹਾਲਾਂਕਿ ਬਾਅਦ ਵਿੱਚ ਸਪਸ਼ਟੀਕਰਨ ਆਇਆ ਕਿ ਇਹ ਫੈਸਲਾ ਪੁਰਾਣਾ ਹੈ| ਅਮਰੀਕੀ ਰੱਖਿਆ ਮੰਤਰਾਲੇ ਦੇ ਦਫਤਰ ਪੈਂਟਾਗਨ ਦੇ ਮੁਤਾਬਕ ਮਦਦ ਰੋਕਣ ਦਾ ਫ਼ੈਸਲਾ ਇਸ ਸਾਲ ਜਨਵਰੀ ਵਿੱਚ ਲਿਆ ਸੀ| ਸ਼ਨੀਵਾਰ ਨੂੰ ਖਬਰ ਆਈ ਸੀ ਕਿ ਅਮਰੀਕੀ ਫੌਜ ਨੇ ਅੱਤਵਾਦੀਆਂ ਨਾਲ ਨਿਪਟਨ ਵਿੱਚ ਅਸਫਲ ਰਹਿਣ ਤੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਇਸ ਸਹਾਇਤਾ ਰਾਸ਼ੀ ਉਤੇ ਰੋਕ ਲਗਾ ਦਿੱਤੀ ਹੈ| ਅਮਰੀਕਾ ਅਤੇ ਪਾਕਿਸਤਾਨ ਦੇ ਸੰਬੰਧ ਰਾਜਧਾਨੀ ਇਸਲਾਮਾਬਾਦ ਤੋਂ ਥੋੜ੍ਹੀ ਹੀ ਦੂਰੀ ਤੇ ਓਸਾਮਾ ਬਿਨਾਂ ਲਾਦੇਨ ਦੇ ਮਾਰੇ ਜਾਣ ਤੋਂ ਬਾਅਦ ਤੋਂ ਹੀ ਖ਼ਰਾਬ ਹੋ ਗਏ ਸਨ|
ਸਾਬਕਾ ਅਮਰੀਕੀ ਰਾਸ਼ਟਰਪਤੀ ਓਬਾਮਾ ਦਾ ਰੁਖ਼ ਹੌਲੀ-ਹੌਲੀ ਪਾਕਿਸਤਾਨ ਦੇ ਪ੍ਰਤੀ ਕਾਫ਼ੀ ਸਖ਼ਤ ਹੁੰਦਾ ਨਜ਼ਰ ਆਇਆ ਸੀ ਪਰੰਤੂ ਡੋਨਾਲਡ ਟਰੰਪ ਦਾ ਰਵੱਈਆ ਸ਼ੁਰੂ ਤੋਂ ਹੀ ਸਖ਼ਤ ਹੈ| ਦਰਅਸਲ ਅਮਰੀਕਾ ਨੇ ਅਫਗਾਨਿਸਤਾਨ ਵਿੱਚ ਆਪਣੀ ਕਾਰਵਾਈ ਲਈ ਪਾਕਿਸਤਾਨ ਨੂੰ ਇੱਕ ਪਾਰਟਨਰ ਦੇ ਰੂਪ ਵਿੱਚ ਵੇਖਿਆ ਪਰੰਤੂ ਕਈ ਅਜਿਹੀਆਂ ਰਿਪੋਰਟਾਂ ਆਈਆਂ ਜਿਨ੍ਹਾਂ ਨਾਲ ਪਤਾ ਲੱਗਿਆ ਕਿ ਪਾਕਿਸਤਾਨ ਨੇ ਇੱਕ ਪਾਸੇ ਤਾਲਿਬਾਨੀਆਂ ਨਾਲ ਲੜਾਈ ਛੇੜ ਰੱਖੀ ਹੈ ਪਰੰਤੂ ਦੂਜੇ ਪਾਸੇ ਉਨ੍ਹਾਂ ਦੇ ਇੱਕ ਗੁਟ ਨੂੰ ਸਹਾਇਤਾ ਵੀ ਦੇ ਰਿਹਾ ਹੈ| ਇਸ ਦੋਹਰੀ ਖੇਡ ਨੇ ਅਮਰੀਕਾ ਦੇ ਕੰਨ ਖੜੇ ਕਰ ਦਿੱਤੇ| ਉਸ ਨੂੰ ਲੱਗਿਆ ਕਿ ਉਸੇਦੇ ਪੈਸੇ ਨਾਲ ਪਾਕਿਸਤਾਨ ਤਾਲਿਬਾਨ ਨੂੰ ਮਜਬੂਤ ਬਣਾ ਰਿਹਾ ਹੈ| ਇਸ ਲਈ ਹੌਲੀ- ਹੌਲੀ ਅਮਰੀਕਾ ਨੇ ਪਾਕਿਸਤਾਨ ਉਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ|
ਜਦੋਂ ਅਮਰੀਕਾ ਪਾਕਿਸਤਾਨ ਉਤੇ ਅੱਤਵਾਦੀਆਂ ਨੂੰ ਸ਼ਰਨ ਦੇਣ ਦਾ ਇਲਜ਼ਾਮ ਲਗਾਉਂਦਾ ਹੈ ਤਾਂ ਉਸਦਾ ਮਤਲਬ ਕਸ਼ਮੀਰ ਵਿੱਚ ਅੱਤਵਾਦ ਫੈਲਾਉਣ ਵਾਲਿਆਂ ਤੋਂ ਨਹੀਂ ਬਲਕਿ ਹੱਕਾਨੀ ਨੈਟਵਰਕ ਜਾਂ ਦੂਜੇ ਅੱਤਵਾਦੀ ਸਮੂਹਾਂ ਤੋਂ ਹੁੰਦਾ ਹੈ|
ਦੂਜੀ ਗੱਲ ਇਹ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਪਾਕਿਸਤਾਨ ਜਿਸ ਤਰ੍ਹਾਂ ਚੀਨ ਨਾਲ ਸਾਮਰਿਕ-ਵਪਾਰਕ ਸੰਬੰਧ ਵਧਾ ਰਿਹਾ ਹੈ ਅਤੇ ਇਸਦੇ ਲਈ ਉਸਦੀ ਹਰ ਸ਼ਰਤ ਮੰਨਦਾ ਜਾ ਰਿਹਾ ਹੈ, ਉਹ ਵੀ ਅਮਰੀਕਾ ਨੂੰ ਨਾਗਵਾਰ ਗੁਜਰਦਾ ਰਿਹਾ ਹੈ| ਇਸ ਲਈ ਅਮਰੀਕਾ ਉਸ ਉੱਤੇ ਦਬਾਅ ਬਣਾ ਕੇ ਰੱਖਣਾ ਚਾਹੁੰਦਾ ਹੈ| ਅਜੇ ਪਾਕਿਸਤਾਨ ਵਿੱਚ ਸੱਤਾ ਬਦਲੀ ਹੈ|
ਅਮਰੀਕਾ ਨਵੀਂ ਅਗਵਾਈ ਦੀ ਥਾਹ ਲੈਣਾ ਚਾਹੁੰਦਾ ਹੈ ਅਤੇ ਉਸ ਨੂੰ ਇੱਕ ਮੌਕਾ ਵੀ ਦੇਣਾ ਚਾਹੁੰਦਾ ਹੈ| ਮਾਇਕ ਪਾਂਪਯੋ ਦੀ ਯਾਤਰਾ ਦਾ ਇਹੀ ਮਕਸਦ ਹੈ| ਪਾਕਿਸਤਾਨ ਪਿਛਲੇ ਕੁੱਝ ਸਮੇਂ ਤੋਂ ਵਿਸ਼ਵ ਬਰਾਦਰੀ ਵਿੱਚ ਅਲਗ- ਥਲੱਗ ਪਿਆ ਹੈ| ਆਪਣਾ ਅਲਗਾਵ ਦੂਰ ਕਰਨ ਲਈ ਉਹ ਅਮਰੀਕਾ ਨਾਲ ਸਹਿਯੋਗ ਵਧਾਉਣਾ ਚਾਹੇਗਾ| ਅਮਰੀਕੀ ਸਹਾਇਤਾ ਵੀ ਉਹ ਇੱਕਦਮ ਨਹੀਂ ਗੁਆਉਣਾ ਚਾਹੇਗਾ| ਇਸ ਲਈ ਸੰਭਵ ਹੈ ਕਿ ਅੱਤਵਾਦ ਦੇ ਖਿਲਾਫ ਉਹ ਆਪਣਾ ਰਵੱਈਆ ਸਖ਼ਤ ਕਰੇ| ਅਜਿਹਾ ਹੋਇਆ ਤਾਂ ਇਹ ਖੁਦ ਉਸਦੇ ਹਿਤਾਂ ਲਈ ਵੀ ਚੰਗਾ ਰਹੇਗਾ| ਰਹੀ ਗੱਲ ਭਾਰਤ ਦੀ ਤਾਂ ਅਮਰੀਕਾ- ਪਾਕਿਸਤਾਨ ਕੁੜੱਤਣ ਨਾਲ ਸਾਨੂੰ ਕੁੱਝ ਨਹੀਂ ਮਿਲਣ ਵਾਲਾ| ਪਾਕਿਸਤਾਨ ਦੀ ਅਮਰੀਕਾ ਨਾਲ ਬਿਲਕੁੱਲ ਖੜਕ ਗਈ ਤਾਂ ਅਫਗਾਨ ਮੋਰਚਾ ਛੱਡ ਕੇ ਪੂਰੀ ਪਾਕਿਸਤਾਨੀ ਫੌਜ ਕਸ਼ਮੀਰ ਦੇ ਹੀ ਇਰਦ -ਗਿਰਦ ਖੜੀ ਰਹੇਗੀ, ਜੋ ਸਾਡੇ ਲਈ ਠੀਕ ਨਹੀਂ ਹੋਵੇਗਾ|
ਕਪਿਲ ਕੁਮਾਰ

Leave a Reply

Your email address will not be published. Required fields are marked *