ਅਮਰੀਕਾ : ਭਾਰੀ ਬਰਫਬਾਰੀ ਕਾਰਨ ਵਾਸ਼ਿੰਗਟਨ ਵਿੱਚ ਐਮਰਜੈਂਸੀ ਦੀ ਘੋਸ਼ਣਾ

ਵਾਸ਼ਿੰਗਟਨ, 11 ਫਰਵਰੀ (ਸ.ਬ.) ਅਮਰੀਕਾ ਦੇ ਸੂਬੇ ਵਾਸ਼ਿੰਗਟਨ ਵਿੱਚ ਭਾਰੀ ਬਰਫਬਾਰੀ ਹੋਣ ਕਾਰਨ ਸਾਰੇ ਸਕੂਲਾਂ ਨੂੰ ਬੰਦ ਰੱਖਿਆ ਗਿਆ| ਵਾਸ਼ਿੰਗਟਨ ਦੇ ਗਵਰਨਰ ਜੇਅ ਇਨਸਲੀ ਨੇ ਖਰਾਬ ਮੌਸਮ ਨੂੰ ਦੇਖਦੇ ਹੋਇਆਂ ਸੂਬੇ ਵਿੱਚ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਸੀ| ਮੌਸਮ ਅਧਿਕਾਰੀਆਂ ਵਲੋਂ ਲੋਕਾਂ ਨੂੰ ਪਹਿਲਾਂ ਹੀ ਚਿਤਾਵਨੀ ਜਾਰੀ ਕਰ ਕੇ ਦੱਸ ਦਿੱਤਾ ਗਿਆ ਸੀ ਕਿ ਅਗਲੇ ਇਕ ਹਫਤੇ ਤਕ ਭਾਰੀ ਬਰਫਬਾਰੀ ਹੋਣ ਦੇ ਆਸਾਰ ਹਨ, ਇਸ ਲਈ ਲੋਕ ਤਿਆਰ ਰਹਿਣ| ਜਿਕਰਯੋਗ ਹੈ ਕਿ ਬਰਫੀਲਾ ਤੂਫਾਨ ਆ ਸਕਦਾ ਹੈ ਜਿਸ ਕਾਰਨ ਸਾਰੇ ਪ੍ਰੀ-ਸਕੂਲਾਂ ਸਮੇਤ ਕਈ ਸਕੂਲ-ਕਾਲਜ ਬੰਦ ਰਹਿਣਗੇ| ਇਸ ਦੇ ਨਾਲ ਹੀ ਬਹੁਤ ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ ਹੋਣ ਵਾਲੇ ਐਥਲੈਟਿਕ ਅਤੇ ਲਾਇਬ੍ਰੇਰੀ ਵਰਕ ਵਰਗੇ ਪ੍ਰੋਗਰਾਮ ਵੀ ਨਹੀਂ ਕੀਤੇ ਜਾਣਗੇ| ਸਕੂਲਾਂ ਦੇ ਬਹੁਤ ਸਾਰੇ ਫਿਟਨੈਸ ਸੈਂਟਰਾਂ ਨੂੰ ਵੀ ਬੰਦ ਰੱਖਿਆ ਜਾਵੇਗਾ| ਬੀਤੇ ਦਿਨ ਓਰੇਗਨ ਸੂਬੇ ਵਿੱਚ ਵੀ ਭਾਰੀ ਬਰਫਬਾਰੀ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ|
ਸਿਆਟਲ ਅਤੇ ਇਸ ਦੇ ਨਾਲ ਲੱਗਦੇ ਸੂਬੇ ਓਰੇਗਨ ਵਿੱਚ ਬੀਤੇ ਦਿਨ ਭਾਰੀ ਬਰਫਬਾਰੀ ਹੋਈ ਸੀ, ਜੋ ਤਕਰੀਬਨ 8 ਤੋਂ 10 ਇੰਚ ਤਕ ਮਾਪੀ ਗਈ, ਅਜਿਹਾ ਪਿਛਲੇ 70 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ| ਦੋ ਦਿਨ ਪਹਿਲਾਂ ਹੀ ਅਧਿਕਾਰੀਆਂ ਵਲੋਂ ਲੋਕਾਂ ਨੂੰ ਅਲਰਟ ਕਰਦੇ ਹੋਏ ਕਿਹਾ ਗਿਆ ਸੀ ਕਿ ਉਹ ਕੁਝ ਦਿਨਾਂ ਦਾ ਰਾਸ਼ਨ ਪਹਿਲਾਂ ਹੀ ਆਪਣੇ ਘਰਾਂ ਵਿੱਚ ਜਮ੍ਹਾਂ ਕਰ ਲੈਣ| ਇਸੇ ਕਾਰਨ ਰਾਸ਼ਨ ਦੀਆਂ ਦੁਕਾਨਾਂ ਤੇ ਭਾਰੀ ਭੀੜ ਰਹੀ ਅਤੇ ਕਈ ਥਾਵਾਂ ਤੇ ਦੁੱਧ ਦੀ ਕਮੀ ਵੀ ਰਹੀ| ਬੀਤੇ ਦਿਨ ਇੱਥੇ 250 ਤੋਂ ਵਧੇਰੇ ਉਡਾਣਾਂ ਰੱਦ ਰਹੀਆਂ ਅਤੇ ਲੋਕ ਹਵਾਈ ਅੱਡਿਆਂ ਤੇ ਫਸ ਗਏ| ਫਿਲਹਾਲ ਸੜਕਾਂ ਤੋਂ ਬਰਫ ਹਟਾਉਣ ਦਾ ਕੰਮ ਜਾਰੀ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਲੇ ਇਕ ਹਫਤੇ ਤਕ ਮੌਸਮ ਖਰਾਬ ਹੀ ਰਹੇਗਾ, ਇਸ ਲਈ ਬਿਹਤਰ ਹੋਵੇਗਾ ਕਿ ਲੋਕ ਘਰਾਂ ਵਿੱਚ ਹੀ ਰਹਿਣ|

Leave a Reply

Your email address will not be published. Required fields are marked *