ਅਮਰੀਕਾ : ਯੂ-ਟਿਊਬ ਦੇ ਹੈਡਕੁਆਟਰ ਤੇ ਗੋਲੀਬਾਰੀ, ਹਮਲਾਵਰ ਹਲਾਕ

ਕੈਲੇਫੋਰਨੀਆ, 4 ਅਪ੍ਰੈਲ (ਸ.ਬ.) ਅਮਰੀਕਾ ਵਿੱਚ ਉਤਰੀ ਕੈਲੇਫੋਰਨੀਆ ਦੀ ਪੁਲੀਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਯੂ-ਟਿਊਬ ਹੈਡਕੁਆਟਰ ਵਿੱਚ ਇਕ ਬੰਦੂਕਧਾਰੀ ਦੇ ਹੋਣ ਦੀ ਖਬਰ ਮਿਲੀ ਸੀ| ਯੂ-ਟਿਊਬ ਦੇ ਸੈਨ ਬਰੂਨੂ ਸਥਿਤ ਯੂ-ਟਿਊਬ ਹੈਡਕੁਆਟਰ ਵਿੱਚ ਇਹ ਘਟਨਾ ਵਾਪਰੀ ਅਤੇ ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ| ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਸ਼ੱਕੀ ਔਰਤ ਦੀ ਲਾਸ਼ ਬਰਾਮਦ ਹੋਈ ਜਿਹੜੀ ਕਿ ਹਮਲਾਵਰ ਸੀ| ਜਿਸ ਨੂੰ ਜਵਾਬੀ ਕਾਰਵਾਈ ਵਿੱਚ ਢੇਰ ਕਰ ਦਿੱਤਾ ਗਿਆ| ਉਨ੍ਹਾਂ ਨੇ ਕਿਹਾ ਕਿ ਜ਼ਖਮੀਆਂ ਦੀ ਗਿਣਤੀ ਹੋਰ ਵਧ ਸਕਦੀ ਹੈ| ਗੋਲੀਬਾਰੀ ਵਿੱਚ ਜ਼ਖਮੀ ਹੋਏ 4 ਵਿਅਕਤੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ| ਪੁਲੀਸ ਵੱਲੋਂ ਕਿਹਾ ਗਿਆ ਕਿ ਜ਼ਖਮੀਆਂ ਦੀ ਗਿਣਤੀ ਹੋਰ ਵਧ ਸਕਦੀ ਹੈ ਅਤੇ ਪਰ ਅਜੇ ਕਿਸੇ ਦੇ ਮਾਰੇ ਜਾਣ ਦੀ ਕੋਈ ਖਬਰ ਨਹੀਂ ਹੈ|
ਪੁਲੀਸ ਨੇ ਲੋਕਾਂ ਨੂੰ ਘਟਨਾ ਵਾਲੀ ਥਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ| ਜਾਣਕਾਰੀ ਮੁਤਾਬਕ ਪੁਲੀਸ ਵੱਲੋਂ ਹੈਡਕੁਆਟਰ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ| ਜ਼ਿਕਰਯੋਗ ਹੈ ਕਿ ਇਸ ਘਟਨਾ ਦੀ ਜਾਣਕਾਰੀ ਯੂ-ਟਿਊਬ ਦੇ ਇਕ ਅਧਿਕਾਰੀ ਵੱਲੋਂ ਇਕ ਟਵੀਟ ਕਰਕੇ ਦਿੱਤੀ ਗਈ ਸੀ, ਜਿਸ ਨੇ ਉਸ ਨੇ ਲਿਖਿਆ, ‘ਯੂ-ਟਿਊਬ ਹੈਡਕੁਆਟਰ ਵਿੱਚ ਇਕ ਐਕਟਿਵ ਸ਼ੂਟਰ ਹੈ| ਮੈਂ ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ ਅਤੇ ਲੋਕਾਂ ਨੂੰ ਭੱਜਦੇ ਦੇਖਿਆ ਹੈ| ਯੂ-ਟਿਊਬ ਦੇ ਪ੍ਰੋਡਕਟ ਮੈਨੇਜਰ ਟਾਡ ਸ਼ਰਮਨ ਨੇ ਇਕ ਤੋਂ ਬਾਅਦ ਇਕ ਲਗਾਤਾਰ ਕਈ ਟਵੀਟ ਕਰਕੇ ਇਸ ਬਾਰੇ ਵਿੱਚ ਦੱਸਿਆ| ਉਨ੍ਹਾਂ ਨੇ ਲਿਖਿਆ ਹੈ, ‘ਅਸੀਂ ਇਕ ਮੀਟਿੰਗ ਵਿੱਚ ਸੀ ਉਦੋਂ ਅਸੀਂ ਲੋਕਾਂ ਨੂੰ ਬਾਹਰ ਭੱਜਦੇ ਹੋਏ ਦੇਖਿਆ| ਪਹਿਲਾਂ ਲੱਗਾ ਕਿ ਭੂਚਾਲ ਆਇਆ ਹੈ, ਪਰ ਕਮਰਾ ਖਾਲੀ ਕਰਨ ਤੋਂ ਬਾਅਦ ਵੀ ਸਾਨੂੰ ਸਮਝ ਨਹੀਂ ਸੀ ਆ ਰਿਹਾ ਕਿ ਹੋ ਕੀ ਰਿਹਾ ਹੈ| ਲੋਕ ਭੱਜਦੇ ਨਜ਼ਰ ਜਾ ਰਹੇ ਸਨ ਅਤੇ ਮਾਮਲਾ ਗੰਭੀਰ ਦਿਖ ਰਿਹਾ ਸੀ| ਟਾਡ ਨੇ ਅੱਗੇ ਲਿਖਿਆ ਕਿ ਅਸੀਂ ਵੀ ਬਾਹਰ ਵੱਲ ਨੂੰ ਭੱਜੇ ਅਤੇ ਉਦੋਂ ਕਿਸੇ ਨੇ ਕਿਹਾ ਕਿ ਇਥੇ ਕੋਈ ਸ਼ਖਸ ਬੰਦੂਕ ਲੈ ਕੇ ਐਂਟਰ ਹੋਇਆ ਹੈ| ਮੈਂ ਫਰਸ਼ ਤੇ ਖੂਨ ਦੀਆਂ ਕੁਝ ਬੂੰਦਾਂ ਦੇਖੀਆਂ| ਉਦੋਂ ਤੱਕ ਪੁਲੀਸ ਹੈਡਕੁਆਟਰ ਵਿੱਚ ਐਂਟਰ ਹੋ ਚੁੱਕੀ ਸੀ| ਜਿਸ ਤੋਂ ਬਾਅਦ ਪੁਲੀਸ ਨੇ ਜਵਾਬੀ ਕਾਰਵਾਈ ਵਿੱਚ ਹਮਲਾਵਰ ਨੂੰ ਢੇਰ ਕਰ ਦਿੱਤਾ|
ਜ਼ਿਕਰਯੋਗ ਹੈ ਕਿ ਯੂ-ਟਿਊਬ ਦੇ ਹੈਡਕੁਆਟਰ ਵਿੱਚ ਕਰੀਬ 1700 ਲੋਕ ਕੰਮ ਕਰਦੇ ਹਨ| ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਪੁਲੀਸ ਹਰੇਕ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਜਾਂਚ ਵਿੱਚ ਲੱਗੀ ਹੋਈ ਹੈ|

Leave a Reply

Your email address will not be published. Required fields are marked *