ਅਮਰੀਕਾ ਵਲੋਂ ਸੀਰੀਆ ਦੇ ਪੂਰਬੀ ਖੇਤਰ ਵਿੱਚ ਹੋਏ ਹਮਲੇ ਦੀ ਨਿਖੇਧੀ
ਵਾਸ਼ਿੰਗਟਨ, 5 ਮਾਰਚ (ਸ.ਬ.) ਅਮਰੀਕਾ ਨੇ ਸੀਰੀਆ ਵਿਚ ਬਾਗੀਆਂ ਦੇ ਕਬਜ਼ੇ ਵਾਲੇ ਪੂਰਬੀ ਘੋਊਟਾ ਵਿਚ ਰੂਸ ਸਮਰਥਿਤ ਬੇਰਹਿਮੀ ਭਰੇ ਹਮਲੇ ਦੀ ਨਿੰਦਾ ਕੀਤੀ| ਖਬਰਾਂ ਮੁਤਾਬਕ ਹਮਲੇ ਵਿਚ ਸੈਂਕੜੇ ਆਮ ਨਾਗਰਿਕ ਮਾਰੇ ਗਏ ਹਨ| ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਸੰਬੋਧਿਤ ਬਿਆਨ ਵਿਚ ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕਾ ਉਨ੍ਹਾਂ ਹਮਲਿਆਂ ਦੀ ਨਿੰਦਾ ਕਰਦਾ ਹੈ, ਜੋ ਪੂਰਬੀ ਘੋਊਟਾ ਇਲਾਕੇ ਦੇ ਲੋਕਾਂ ਵਿਰੁੱਧ ਕੀਤੇ ਗਏ ਹਨ ਅਤੇ ਜਿਸ ਨੂੰ ਰੂਸ ਅਤੇ ਇਰਾਨ ਦਾ ਸਮਰਥਨ ਪ੍ਰਾਪਤ ਹੈ| ਵਾਸ਼ਿੰਗਟਨ ਨੇ ਮਾਸਕੋ ਤੇ ਦੋਸ਼ ਲਗਾਇਆ ਕਿ ਉਹ 30 ਦਿਨ ਲਈ ਯੁੱਧ ਤੇ ਰੋਕ ਲਗਾਉਣ ਨਾਲ ਸੰਬੰਧਿਤ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੇ ਪ੍ਰਸਤਾਵ ਦੀ ਉਲੰਘਣਾ ਕਰ ਰਿਹਾ ਹੈ| ਸੀਰੀਅਨ ਆਬਜ਼ਰਵੇਟਰੀ ਫੌਰ ਹਿਊਮਨ ਰਾਈਟਸ ਮੁਤਾਬਕ ਅਸਦ ਦੇ ਬਲਾਂ ਨੇ ਦੋ ਹਫਤੇ ਤੱਕ ਭਿਆਨਕ ਬੰਬਾਰੀ ਦੇ ਬਾਅਦ ਦਮਿਸ਼ਕ ਦੇ ਪੂਰਬੀ ਖੇਤਰਾਂ ਵਿਚੋਂ ਇਕ ਤਿਹਾਈ ਤੋਂ ਜ਼ਿਆਦਾ ਦੇ ਅਗਲੇ ਇਲਾਕਿਆਂ ਤੇ ਕਬਜ਼ਾ ਕਰ ਲਿਆ ਹੈ| ਹਵਾਈ ਹਮਲਿਆਂ, ਗੋਲੀਬਾਰੀ ਅਤੇ ਰਾਕੇਟ ਹਮਲਿਆਂ ਵਿਚ 650 ਤੋਂ ਜ਼ਿਆਦਾ ਆਮ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ|