ਅਮਰੀਕਾ ਵਿੱਚ ਗ੍ਰੀਨ ਲਾਟਰੀ ਸਿਸਟਮ ਬੰਦ ਹੋਵੇਗਾ: ਟਰੰਪ

ਵਾਸ਼ਿੰਗਟਨ, 2 ਨਵੰਬਰ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗ੍ਰੀਨ ਕਾਰਡ ਲਾਟਰੀ ਸਿਸਟਮ ਖਤਮ ਕਰਨ ਦਾ ਵੱਡਾ ਫੈਸਲਾ ਲਿਆ ਹੈ| ਦਰਅਸਲ, ਨਿਊਯਾਰਕ ਵਿੱਚ ਹੋਏ ਅੱਤਵਾਦੀ ਹਮਲੇ ਨੇ ਇਕ ਨਵੀਂ ਬਹਿਸ ਨੂੰ ਜਨਮ ਦਿੱਤਾ ਹੈ| ਅਮਰੀਕੀ ਰਾਸ਼ਟਰਪਤੀ ਟਰੰਪ ਨੇ ਖੁਲਾਸਾ ਕੀਤਾ ਹੈ ਕਿ 8 ਵਿਅਕਤੀਆਂ ਦੀ ਮੌਤ ਦੇ ਦੋਸ਼ੀ ਨੂੰ ਇਸੇ ਲਾਟਰੀ ਪ੍ਰੋਗਰਾਮ ਜ਼ਰੀਏ ਫਾਇਦਾ ਮਿਲਿਆ ਹੈ| ਲਾਟਰੀ ਪ੍ਰੋਗਰਾਮ ਉਹ ਪ੍ਰਕਿਰਿਆ ਹੈ ਜਿਸ ਰਾਹੀਂ ਅਕਸਰ ਦੋ ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਪੱਕੇ ਹੋਣ ਦਾ ਮੌਕਾ ਮਿਲਦਾ ਹੈ| ਹੁਣ ਤਕ ਇਸ ਪ੍ਰੋਗਰਾਮ ਜ਼ਰੀਏ ਤਕਰੀਬਨ 10 ਲੱਖ ਲੋਕਾਂ ਨੂੰ ਗ੍ਰੀਨ ਕਾਰਡ ਮਿਲ ਚੁੱਕਾ ਹੈ|
ਹੋਰ  ਪ੍ਰਵਾਸੀਆਂ ਦੇ ਉਲਟ, ਲਾਟਰੀ ਦੇ ਜੇਤੂ ਲਈ ਉਸ ਦੇ ਕਰੀਬੀ ਰਿਸ਼ਤੇਦਾਰ ਦਾ ਉਥੇ ਹੋਣਾ ਜਾਂ ਉਸ ਨੂੰ ਕੋਈ ਖਾਸ ਹੁਨਰ ਦੀ ਜ਼ਰੂਰਤ ਨਹੀਂ ਹੁੰਦੀ| ਮੈਨਹਟਨ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਟਰੰਪ ਨੇ ਕੈਬਨਿਟ ਬੈਠਕ ਵਿੱਚ ਕਿਹਾ ਕਿ ਜਿੰਨੀ ਜਲਦੀ ਹੋ ਸਕੇ ਸਾਨੂੰ ਲਾਟਰੀ ਪ੍ਰੋਗਰਾਮ ਖਤਮ ਕਰਨ ਦੀ ਜ਼ਰੂਰਤ ਹੈ|
ਟਰੰਪ ਨੇ ਟਵੀਟ ਕਰਕੇ ਵੀ ਕਿਹਾ ਕਿ ਅਸੀਂ ਮੈਰਿਟ ਆਧਾਰਿਤ ਪ੍ਰਵਾਸ ਤੇ ਸਖਤ ਮਿਹਨਤ ਕਰ ਰਹੇ ਹਾਂ, ਹੁਣ ਹੋਰ ਲਾਟਰੀ ਸਿਸਟਮ ਨਹੀਂ ਹੋਵੇਗਾ| ਉਨ੍ਹਾਂ ਨੇ ਕਿਹਾ ਕਿ ਮੈਨਹਟਨ ਦਾ ਹਮਲਾਵਰ ਲਾਟਰੀ ਸਿਸਟਮ ਜ਼ਰੀਏ ਹੀ ਸਾਡੇ ਦੇਸ਼ ਆਇਆ ਹੈ| ਉਨ੍ਹਾਂ ਨੇ ਨਵੇਂ ਮੈਰਿਟ ਆਧਾਰਿਤ ਪ੍ਰਣਾਲੀ ਦੀ ਜ਼ੋਰਦਾਰ ਵਕਾਲਤ ਕਰਦੇ ਹੋਏ ਕਿਹਾ ਕਿ ਹੁਣ ਸਿਰਫ ਮੈਰਿਟ ਸਿਸਟਮ ਹੀ ਚਾਹੀਦਾ ਹੈ| ਲਾਟਰੀ ਸਿਸਟਮ ਸਾਡੇ ਦੇਸ਼ ਨੂੰ ਨੁਕਸਾਨ ਪਹੁੰਚਾ ਰਿਹਾ ਹੈ| ਗ੍ਰੀਨ ਕਾਰਡ ਲਾਟਰੀ ਸਿਸਟਮ ਰਾਹੀਂ ਹਰ ਸਾਲ 50,000 ਲੋਕਾਂ ਨੂੰ ਕਾਨੂੰਨੀ ਤੌਰ ਤੇ ਪੱਕੇ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਲਾਟਰੀ ਵਾਂਗ ਚੁਣਿਆ ਜਾਂਦਾ ਹੈ| ਇਹ ਪ੍ਰੋਗਰਾਮ 1990 ‘ਵਿੱਚ ਸ਼ੁਰੂ ਕੀਤਾ ਗਿਆ ਸੀ| ਰੀਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਜਾਰਜ ਐਚ. ਡਬਲਿਊ ਬੁਸ਼ ਦੇ ਕਾਰਜਕਾਲ ਦੌਰਾਨ ਇਹ ਕਾਨੂੰਨ ਪਾਸ ਹੋਇਆ ਸੀ ਅਤੇ ਇਸ ਨੂੰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੇ ਵੋਟ ਵੀ ਮਿਲੇ ਸਨ|

Leave a Reply

Your email address will not be published. Required fields are marked *