ਅਮਰੀਕਾ ਵਿੱਚ ਪੰਜਾਬੀ ਨੌਜਵਾਨ ਦੇ ਕਤਲ ਦੇ ਦੋਸ਼ ਵਿੱਚ ਪੰਜਾਬੀ ਨੌਜਵਾਨ ਗ੍ਰਿਫਤਾਰ

ਫਰਿਜ਼ਨੋ, 16 ਨਵੰਬਰ (ਸ.ਬ.) ਅਮਰੀਕਾ ਵਿੱਚ ਫਰਿਜ਼ਨੋ ਦੇ ਨੇੜਲੇ ਸ਼ਹਿਰ ਮਡੇਰਾ ਦੇ ਟਾਕਲ ਬੌਕਸ ਗੈਸ ਸਟੇਸ਼ਨ ਤੇ ਪੰਜਾਬੀ ਨੌਜਵਾਨ ਧਰਮਪ੍ਰੀਤ ਸਿੰਘ ਜੱਸੜ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੇ ਦੋਸ਼ ਵਿੱਚ ਇਕ ਪੰਜਾਬੀ ਗ੍ਰਿਫਤਾਰ ਹੋਇਆ ਹੈ| ਜਾਂਚ ਕਰ ਰਹੀ ਪੁਲੀਸ ਨੇ ਮਡਿੱਸਟੋ ਨਿਵਾਸੀ ਅੰਮ੍ਰਿਤਰਾਜ ਸਿੰਘ ਅਠਵਾਲ (22) ਨੂੰ ਗ੍ਰਿਫ਼ਤਾਰ ਕੀਤਾ ਹੈ|
ਵਿਦੇਸ਼ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰਾ ਇਕ ਜੁੱਟ ਹੋ ਕੇ ਰਹਿੰਦਾ ਹੈ, ਅਜਿਹੇ ਵਿੱਚ ਇਕ ਪੰਜਾਬੀ ਵਲੋਂ ਪੰਜਾਬੀ ਦਾ ਕਤਲ ਕਰਨਾ ਬਹੁਤ ਸ਼ਰਮਨਾਕ ਤੇ ਦਰਦਨਾਕ ਘਟਨਾ ਹੈ| ਇਸ ਕਾਰਨ ਪੰਜਾਬੀ ਭਾਈਚਾਰੇ ਵਿਚ ਭਾਰੀ ਸੋਗ ਤੇ ਰੋਸ ਪਾਇਆ ਜਾ ਰਿਹਾ ਹੈ| ਪੁਲੀਸ ਇਸ ਘਟਨਾ ਨੂੰ ਲੁੱਟ ਖੋਹ ਤੋਂ ਹਟਕੇ ਨਿੱਜੀ ਰੰਜਿਸ਼ ਨਾਲ ਵੀ ਜੋੜ ਕੇ ਵੇਖ ਰਹੀ ਹੈ| ਪੁਲੀਸ ਨੇ ਦੋ ਹੋਰ ਕਾਤਲਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ|
ਪੰਜਾਬ ਦੇ ਪਿੰਡ ਖੌਥੜਾਂ ਦਾ ਨੌਜਵਾਨ ਧਰਮਪ੍ਰੀਤ ਸਿੰਘ ਆਪਣੇ ਮਾਪਿਆਂ ਇੰਦਰਜੀਤ ਸਿੰਘ ਤੇ ਕਮਲਪ੍ਰੀਤ ਕੌਰ ਦਾ ਇਕਲੌਤਾ ਪੁੱਤਰ ਸੀ| ਉਹ 2 ਕੁ ਸਾਲ ਪਹਿਲਾਂ ਅਮਰੀਕਾ ਦੇ ਸ਼ਹਿਰ ਫਰਿਜ਼ਨੋ ਵਿੱਚ ਆਪਣੇ ਦਾਦਾ ਭਾਗ ਸਿੰਘ ਤੇ ਦਾਦੀ ਸਵਰਨ ਕੌਰ ਕੋਲ ਪੜ੍ਹਾਈ ਕਰਨ ਗਿਆ ਸੀ ਤੇ ਪੜ੍ਹਾਈ ਦੇ ਨਾਲ-ਨਾਲ ਪਾਰਟ ਟਾਈਮ ਕੰਮ ਵੀ ਕਰਦਾ ਸੀ| ਬੀਤੇ ਦਿਨੀਂ ਸਟੋਰ ਤੇ ਆਏ 4 ਲੁਟੇਰਿਆਂ ਵੱਲੋਂ ਲੁੱਟ-ਖੋਹ ਦੀ ਵਾਰਦਾਤ ਦੌਰਾਨ ਧਰਮਪ੍ਰੀਤ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ|

Leave a Reply

Your email address will not be published. Required fields are marked *