ਅਮਰੀਕਾ ਵਿੱਚ ਫਲੋਰੈਂਸ ਤੂਫਾਨ ਦਾ ਕਹਿਰ, 5 ਵਿਅਕਤੀਆਂ ਦੀ ਮੌਤ

ਉਤਰੀ ਕੈਰੋਲੀਨਾ, 15 ਸਤੰਬਰ (ਸ.ਬ.) ਅਮਰੀਕਾ ਦੇ ਉਤਰੀ ਕੈਰੋਲੀਨਾ ਵਿੱਚ ਤੂਫਾਨ ਫਲੋਰੈਂਸ ਬੀਤੇ ਦਿਨੀਂ ਸਮੁੰਦਰੀ ਤਟ ਨਾਲ ਟਕਰਾਇਆ ਅਤੇ ਇਸ ਮਗਰੋਂ ਪਏ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਕਾਫੀ ਤਬਾਹੀ ਹੋਈ ਹੈ| ਤੂਫਾਨ ਕਾਰਨ ਹੁਣ ਤਕ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਜਨ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਿਆ| ਵਿਲਮਿੰਗਟਨ ਵਿੱਚ ਤੂਫਾਨ ਕਾਰਨ ਦਰੱਖਤ ਡਿੱਗਣ ਕਾਰਨ ਇਕ ਔਰਤ ਅਤੇ ਉਸ ਦੇ ਬੱਚੇ ਦੀ ਮੌਤ ਹੋ ਗਈ| ਜਾਣਕਾਰੀ ਮੁਤਾਬਕ ਦਰੱਖਤ ਉਨ੍ਹਾਂ ਦੇ ਘਰ ਉਤੇ ਡਿੱਗ ਗਿਆ ਸੀ ਜਿਸ ਵਿੱਚ ਮਾਂ ਅਤੇ ਉਸ ਦੇ ਬੱਚੇ ਦੀ ਮੌਤ ਹੋ ਗਈ ਜਦ ਕਿ ਉਸ ਦੇ ਪਿਤਾ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ|
ਉਤਰੀ ਕੈਰੋਲੀਨਾ ਦੇ ਪੇਂਡਰ ਕਾਊਂਟੀ ਵਿੱਚ ਇਕ ਮਹਿਲਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ| ਮੈਡੀਕਲ ਟੀਮ ਨੇ ਮਹਿਲਾ ਤਕ ਪੁੱਜਣ ਦੀ ਕੋਸ਼ਿਸ਼ ਕੀਤੀ ਪਰ ਸੜਕਾਂ ਉਤੇ ਪਏ ਮਲਬੇ ਕਾਰਨ ਮੈਡੀਕਲ ਟੀਮ ਮਹਿਲਾ ਤਕ ਨਾ ਪੁੱਜ ਸਕੀ| ਰਾਸ਼ਟਰੀ ਤੂਫਾਨ ਕੇਂਦਰ ਮੁਤਾਬਕ ਵਿਲਮਿੰਗਟਨ ਨੇੜੇ ਹਵਾ ਦੀ ਰਫਤਾਰ ਲਗਭਗ 150 ਕਿਲੋਮੀਟਰ ਪ੍ਰਤੀ ਘੰਟਾ ਰਹੀ|
ਤੂਫਾਨ ਕਾਰਨ 7,22,000 ਘਰਾਂ ਅਤੇ ਇਮਾਰਤਾਂ ਦੀ ਬਿਜਲੀ ਕੱਟ ਦਿੱਤੀ ਗਈ ਹੈ| ਪ੍ਰਸ਼ਾਸਨ ਮੁਤਾਬਕ ਤੂਫਾਨ ਕਾਰਨ ਲੱਖਾਂ ਲੋਕਾਂ ਨੂੰ ਕਈ ਹਫਤਿਆਂ ਤਕ ਬਿਨਾ ਬਿਜਲੀ ਦੇ ਰਹਿਣਾ ਪੈ ਸਕਦਾ ਹੈ| ਸਬੰਧਤ ਵਿਭਾਗਾਂ ਨੇ ਮੁੜ ਵਸੇਬੇ ਵਿੱਚ ਕਈ ਹਫਤੇ ਲੱਗਣ ਦੀ ਗੱਲ ਕੀਤੀ ਹੈ| ਤੂਫਾਨ ਕਾਰਨ ਉਤਰੀ ਕੈਰੋਲੀਨਾ ਅਤੇ ਦੱਖਣੀ ਕੈਰੋਲੀਨਾ ਵਿੱਚ ਇਕ ਮੀਟਰ ਤਕ ਮੀਂਹ ਦਾ ਸ਼ੱਕ ਪ੍ਰਗਟ ਕੀਤਾ ਗਿਆ ਹੈ| ਵ੍ਹਾਈਟ ਹਾਊਸ ਨੇ ਬੀਤੇ ਦਿਨੀਂ ਜਾਰੀ ਬਿਆਨ ਵਿੱਚ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਹਫਤੇ ਪ੍ਰਭਾਵਿਤ ਖੇਤਰ ਦਾ ਦੌਰਾ ਕਰਨ ਲਈ ਸਥਿਤੀ ਦਾ ਜਾਇਜ਼ਾ ਲੈਣਗੇ|

Leave a Reply

Your email address will not be published. Required fields are marked *