ਅਮਰੀਕਾ ਵਿੱਚ ਭਾਰਤੀਆਂ ਸਮੇਤ 100 ਤੋਂ ਵਧੇਰੇ ਵਿਅਕਤੀ ਹਿਰਾਸਤ ਵਿੱਚ

ਨਿਊਯਾਰਕ, 14 ਅਗਸਤ (ਸ.ਬ.) ਅਮਰੀਕੀ ਸਰਹੱਦ ਗਸ਼ਤ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਗੈਰ-ਕਾਨੂੰਨੀ ਢੰਗ ਨਾਲ ਦੇਸ਼ ਵਿੱਚ ਦਾਖਲ ਹੋਣ ਅਤੇ ਰਹਿਣ ਵਾਲਿਆਂ ਖਿਲਾਫ ਵੱਖ-ਵੱਖ ਕਾਰਵਾਈਆਂ ਕਰਦਿਆਂ 100 ਤੋਂ ਵਧੇਰੇ ਲੋਕਾਂ ਨੂੰ ਹਿਰਾਸਤ ਵਿੱਚ ਲਿਆ, ਜਿਸ ਵਿੱਚ ਕੁੱਝ ਭਾਰਤੀ ਵੀ ਸ਼ਾਮਲ ਹਨ| ਸੰਘੀ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ (ਆਈ.ਸੀ. ਈ.) ਅਤੇ ਇਨਫੋਰਸਮੈਂਟ ਐਂਡ ਰਿਮੂਵਲ ਆਪ੍ਰੇਸ਼ਨਸ ਨੇ 5 ਦਿਨਾਂ ਦੀ ਕਾਰਵਾਈ ਕਰਦਿਆਂ ਅਮਰੀਕੀ ਇਮੀਗ੍ਰੇਸ਼ਨ ਕਾਨੂੰਨਾਂ ਦਾ ਉਲੰਘਣ ਕਰਨ ਉਤੇ ਹਿਊਸਟਨ ਇਲਾਕੇ ਵਿੱਚੋਂ ਹੀ 45 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ| ਹਿਰਾਸਤ ਵਿੱਚ ਲਏ ਗਏ ਵਿਅਕਤੀ ਹੋਂਡੂਰਾਸ, ਅਲ ਸਲਵਾਡੋਰ, ਮੈਕਸੀਕੋ, ਗੁਆਟੇਮਾਲਾ, ਅਰਜਨਟੀਨਾ, ਕਿਊਬਾ, ਨਾਈਜੀਰੀਆ, ਭਾਰਤ, ਚਿਲੀ ਅਤੇ ਤੁਰਕੀ ਦੇ ਨਾਗਰਿਕ ਹਨ| ਏਜੰਸੀ ਨੇ ਦੱਸਿਆ ਕਿ ਮੁਹਿੰਮ ਦੌਰਾਨ ਫੜੇ ਗਏ ਕੁੱਝ ਵਿਅਕਤੀਆਂ ਖਿਲਾਫ ਸੰਘੀ ਅਪਰਾਧਿਕ ਮੁਕੱਦਮਾ ਚਲਾਇਆ ਜਾਵੇਗਾ ਕਿਉਂਕਿ ਉਨ੍ਹਾਂ ਨੇ ਗੈਰ-ਕਾਨੂੰਨੀ ਰੂਪ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੈ, ਇਨ੍ਹਾਂ ਵਿੱਚੋਂ ਕਈ ਵਿਅਕਤੀ ਅਜਿਹੇ ਹਨ ਜਿਨ੍ਹਾਂ ਨੂੰ ਕੱਢੇ ਜਾਣ ਦੇ ਬਾਅਦ ਉਹ ਦੋਬਾਰਾ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਹਨ|

Leave a Reply

Your email address will not be published. Required fields are marked *