ਅਮਰੀਕਾ ਵਿੱਚ ਭਾਰਤੀ ਇੰਜੀਨੀਅਰ ਦਾ ਕਤਲ

ਵਾਸ਼ਿੰਗਟਨ, 24 ਫਰਵਰੀ (ਸ.ਬ.) ਅਮਰੀਕਾ ਦੇ ਕੈਂਜਸ ਸ਼ਹਿਰ ਵਿੱਚ ਇਕ ਭਾਰਤੀ ਇੰਜੀਨੀਅਰ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ| ਇਹ ਹੈਦਰਾਬਾਦ ਦਾ ਰਹਿਣ ਵਾਲਾ ਸੀ| ਇਸ ਦੇ ਨਾਲ ਹੀ ਉਸ ਦਾ ਇਕ ਸਾਥੀ ਵੀ ਜ਼ਖਮੀ ਹੋ ਗਿਆ| ਦੱਸਿਆ ਜਾ ਰਿਹਾ ਹੈ ਕਿ ਇਕ ਅਮਰੀਕਨ ਨੇ ਨਸਲੀ ਭੇਦ-ਭਾਵ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ| ਉਹ ਗੋਲੀਆਂ ਮਾਰਨ ਸਮੇਂ ਉੱਚੀ-ਉੱਚੀ ਕਹਿ ਰਿਹਾ ਸੀ,’ਮੇਰੇ ਦੇਸ਼ ਵਿੱਚੋਂ ਬਾਹਰ ਨਿਕਲ ਜਾਓ|’
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇੰਜੀਨੀਅਰ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਹੈ| ਇਹ ਘਟਨਾ ਅਜਿਹੇ ਸਮੇਂ ਵਾਪਰੀ ਜਦ ਅਮਰੀਕਾ ਵਿੱਚ ਨਸਲੀ ਹਿੰਸਾ ਦੇ ਮਾਮਲੇ ਵਧੇ ਹਨ|
ਮਰਨ ਵਾਲੇ ਭਾਰਤੀ ਨੌਜਵਾਨ ਦਾ ਨਾਂ ਸ਼੍ਰੀਨਿਵਾਸ ਕੁਚਿਭੋਤਲਾ (32) ਦੱਸਿਆ ਗਿਆ ਹੈ ਅਤੇ ਉਹ ਓਲਾਥੇ ਵਿੱਚ ਨੌਕਰੀ ਕਰਦਾ ਸੀ| ਇਹ ਸਾਰੀ ਘਟਨਾ ਬੁੱਧਵਾਰ ਰਾਤ ਨੂੰ ਵਾਪਰੀ| ਸ਼੍ਰੀਨਿਵਾਸ ਦਾ ਇਕ ਹੋਰ ਭਾਰਤੀ ਸਾਥੀ ਅਲੋਕ ਮਦਾਸਨੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ| 51 ਸਾਲਾ ਦੋਸ਼ੀ ਵਿਅਕਤੀ ਐਡਮ ਪਿਊਰਿੰਟਨ ਨੂੰ ਵੀਰਵਾਰ ਸਵੇਰੇ ਗ੍ਰਿਫਤਾਰ ਕਰ ਲਿਆ ਗਿਆ ਹੈ| ਇਸ ਘਟਨਾ ਦੇ 5 ਘੰਟਿਆਂ ਮਗਰੋਂ ਹੀ ਪੁਲੀਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ| ਇਸ ਵਾਰਦਾਤ ਮਗਰੋਂ ਪੀੜਤ ਭਾਰਤੀ ਪਰਿਵਾਰਾਂ ਦੀ ਮਦਦ ਕਰਨ ਲਈ ਹਿਊਸਟਨ ਸਥਿਤ ਭਾਰਤੀ ਕੌਂਸੁਲੇਟ ਦੇ ਦੋ ਅਧਿਕਾਰੀ ਕੈਂਜਸ ਸ਼ਹਿਰ ਪੁੱਜੇ|
ਘਟਨਾ ਬੁੱਧਵਾਰ ਨੂੰ ਸ਼ਾਮ 7.15 ਦੇ ਨੇੜੇ ਵਾਪਰੀ| ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨਸ਼ੇ ਵਿੱਚ ਸੀ ਅਤੇ ਲਗਾਤਾਰ ਨਸਲੀ ਟਿੱਪਣੀ ਕਰ ਰਿਹਾ ਸੀ| ਜਦ ਬਾਰ ਦੇ ਸਟਾਫ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ‘ਮੇਰੇ ਦੇਸ਼ ਵਿੱਚੋਂ ਬਾਹਰ ਨਿਕਲ ਜਾਓ’ ਕਹਿ ਕੇ ਸ਼੍ਰੀਨਿਵਾਸ ਅਤੇ ਉਸ ਦੇ ਸਾਥੀ ਤੇ ਗੋਲੀਆਂ ਚਲਾਈਆਂ| ਇਕ ਰਿਪੋਰਟ ਵਿੱਚ ਕਿਹਾ ਗਿਆ ਕਿ ਦੋਸ਼ੀ ਨੇ ਭਾਰਤੀਆਂ ਨੂੰ ‘ਮਿਡਲ ਈਸਟਰਨ'(ਮੱਧ ਪੂਰਬੀ)  ਸਮਝ ਕੇ ਗੋਲੀਆਂ ਚਲਾਈਆਂ|
ਦੱਸਿਆ ਗਿਆ ਹੈ ਕਿ ਵਾਰਦਾਤ ਦੇ ਸ਼ਿਕਾਰ ਦੋਵੇਂ ਭਾਰਤੀ ਟੇਕ ਕੰਪਨੀ ਗਾਰਮਿਨ ਦੇ ਏਵਿਏਸ਼ਨ ਸਿਸਟਮ (ਹਵਾਬਾਜ਼ੀ) ਵਿੱਚ ਕੰਮ ਕਰਦੇ ਸਨ| ਕੰਪਨੀ ਨੇ ਸ਼੍ਰੀਨਿਵਾਸ ਦੀ ਮੌਤ ਦਾ ਅਫਸੋਸ ਕੀਤਾ ਹੈ| ਉਸ ਨੇ 2005 ਵਿੱਚ ‘ਜਵਾਹਰ ਲਾਲ ਨਹਿਰੂ ਤਕਨਾਲੋਜੀ ਯੂਨੀਵਰਸਿਟੀ’ ਤੋਂ ਇਲੈਕਟ੍ਰੋਨਿਕਲ ਇੰਜੀਨੀਅਰਿੰਗ ਦੀ ਡਿਗਰੀ ਲਈ ਸੀ ਅਤੇ ਮਾਸਟਰ ਡਿਗਰੀ ਟੈਕਸਾਸ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਸੀ| ਉਹ ਵਰਤਮਾਨ ਕੰਪਨੀ ਵਿੱਚ ਲੱਗਣ ਤੋਂ ਪਹਿਲਾਂ ਵੀ ਕਈ ਹੋਰ ਅਮਰੀਕੀ ਕੰਪਨੀਆਂ ਵਿੱਚ ਕੰਮ ਕਰ ਚੁੱਕਾ ਹੈ|

Leave a Reply

Your email address will not be published. Required fields are marked *