ਅਮਰੀਕਾ ਵਿੱਚ ਭਾਰਤੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

ਵਾਸ਼ਿੰਗਟਨ/ਤੇਲੰਗਾਨਾ, 13 ਫਰਵਰੀ (ਸ.ਬ.) ਅਮਰੀਕਾ ਦੇ ਕੈਲੀਫੋਰਨੀਆ ਵਿੱਚ 27 ਸਾਲਾ ਭਾਰਤੀ ਨੌਜਵਾਨ ਦੀ ਅਣਪਛਾਤੇ ਹਮਲਾਵਰ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ| ਜਾਣਕਾਰੀ ਮੁਤਾਬਕ ਭਾਰਤੀ ਨੌਜਵਾਨ ਵਾਮਸ਼ੀ ਚੰਦਰ ਰੈਡੀ ਤੇਲੰਗਾਨਾ ਦੇ ਵਾਰੰਗਲ ਜ਼ਿਲੇ ਦਾ ਰਹਿਣ ਵਾਲਾ ਸੀ| ਵਾਮਸ਼ੀ ਨੂੰ ਉਸ ਸਮੇਂ ਗੋਲੀ ਮਾਰੀ ਗਈ, ਜਦੋਂ ਉਹ ਕੈਲੀਫੋਰਨੀਆ ਦੇ ਇਕ ਸਟੋਰ ਵਿੱਚ ਪਾਰਟ ਟਾਈਮ ਕੰਮ ਕਰ ਕੇ ਪਰਤ ਰਿਹਾ ਸੀ| ਵਾਮਸ਼ੀ ਕੈਲੀਫੋਰਨੀਆ ਵਿੱਚ ਰਹਿ ਰਿਹਾ ਸੀ ਅਤੇ ਉਸ ਨੇ ਸਿਲੀਕਾਨ ਵੈਲੀ ਯੂਨੀਵਰਸਿਟੀ ਤੋਂ ਐਮ. ਐਸ. ਵਿੱਚ ਕੰਪਿਊਟਰ ਸਾਇੰਸ ਦੀ ਪੜ੍ਹਾਈ ਪੂਰੀ ਕੀਤੀ ਸੀ| ਇਸ ਤੋਂ ਬਾਅਦ ਉਹ ਨੌਕਰੀ ਦੀ ਭਾਲ ਵਿੱਚ ਸੀ| ਅਮਰੀਕੀ ਪੁਲੀਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਗੋਲੀ ਦੀ ਆਵਾਜ਼ ਸੁਣੀ ਤਾਂ ਉਹ ਘਟਨਾ ਵਾਲੀ ਥਾਂ ਤੇ ਪਹੁੰਚੇ ਪਰ ਉਦੋਂ ਤੱਕ ਦੋਸ਼ੀ ਫਰਾਰ ਹੋ ਚੁੱਕਾ ਸੀ| ਪੁਲੀਸ ਨੂੰ ਸ਼ੱਕ ਹੈ ਕਿ ਹਮਲਾਵਰ ਨੇ ਲੁੱਟ-ਖੋਹ ਦੀ ਕੋਸ਼ਿਸ਼ ਲਈ ਵਾਮਸ਼ੀ ਨੂੰ ਗੋਲੀ ਮਾਰੀ|
ਵਾਮਸ਼ੀ ਦੇ ਪਿਤਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਅਮਰੀਕਾ ਦੀ ਪੁਲੀਸ ਦਾ ਫੋਨ ਆਇਆ ਕਿ ਉਨ੍ਹਾਂ ਦੇ ਲੜਕੇ ਨੂੰ ਅਣਪਛਾਤੇ ਹਮਲਾਵਰ ਨੇ ਗੋਲੀ ਮਾਰ ਦਿੱਤੀ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ| ਪਿਤਾ ਨੇ ਦੱਸਿਆ ਕਿ ਮੇਰਾ ਬੇਟਾ ਅਮਰੀਕਾ ਵਿੱਚ ਨੌਕਰੀ ਦੀ ਭਾਲ ਵਿੱਚ ਸੀ ਜਿਸ ਕਾਰਨ ਉਹ ਚਿੰਤਾ ਵਿਚ ਸੀ| ਪਿਤਾ ਨੇ ਕਿਹਾ ਕਿ ਵਾਮਸ਼ੀ ਨੇ ਕਿਹਾ ਸੀ ਕਿ ਉਹ ਜਲਦੀ ਵਾਪਸ ਆਵੇਗਾ ਪਰ ਮੈਂ ਉਸ ਨੂੰ ਕਿਹਾ ਸੀ ਕਿ ਉਹ ਉੱਥੇ ਹੀ ਨੌਕਰੀ ਲੱਭ  ਲਵੇ| ਪਿਤਾ ਨੇ ਰੋਂਦੇ ਹੋਏ ਕਿਹਾ ਕਿ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਵਾਸ਼ਮੀ ਨਾਲ ਅਜਿਹਾ ਕੁਝ ਹੋਵੇਗਾ| ਉਨ੍ਹਾਂ ਦੱਸਿਆ ਕਿ ਵਾਮਸ਼ੀ ਸਾਡੇ ਨਾਲ ਸੰਪਰਕ ਵਿੱਚ ਸੀ| ਉਸ ਨੇ ਮੇਰੇ ਨਾਲ ਸ਼ੁੱਕਰਵਾਰ ਨੂੰ ਗੱਲ ਕੀਤੀ ਸੀ| ਵਾਮਸ਼ੀ ਦੇ ਪਿਤਾ ਨੇ ਤੇਲੰਗਾਨਾ ਅਤੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਵਾਮਸ਼ੀ ਦੀ ਲਾਸ਼ ਨੂੰ  ਛੇਤੀ ਤੋਂ ਛੇਤੀ ਭਾਰਤ ਲਿਆਂਦਾ ਜਾਵੇ|

Leave a Reply

Your email address will not be published. Required fields are marked *