ਅਮਰੀਕਾ ਵਿੱਚ ਭਾਰਤੀ ਪਿਓ-ਪੁੱਤ ਦੀ ਸਵੀਮਿੰਗ ਪੂਲ ਵਿੱਚ ਡੁੱਬਣ ਨਾਲ ਮੌਤ

ਵਾਸ਼ਿੰਗਟਨ/ ਮਹਾਂਰਾਸ਼ਟਰ, 3 ਜੂਨ (ਸ.ਬ.)  ਆਈ. ਟੀ. ਕੰਪਨੀ ਇੰਫੋਸਿਸ ਲਈ ਕੰਮ ਕਰਨ ਵਾਲੇ ਇਕ ਸਾਫਟਵੇਅਰ ਇੰਜੀਨੀਅਰ ਅਤੇ ਉਸ ਦੇ 3 ਸਾਲਾ ਬੇਟੇ ਦੀ ਅਮਰੀਕਾ ਵਿੱਚ ਸਵੀਮਿੰਗ ਪੂਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ|
31 ਸਾਲਾ ਨਾਗਰਾਜੂ ਸੁਰੇਪੱਲੀ ਗੁੰਟੂਰ ਦੇ ਰਹਿਣ ਵਾਲੇ ਸਨ, ਉਹ ਮਿਸ਼ੀਗਨ ਵਿੱਚ ਹੀ ਨੌਕਰੀ ਕਰਦੇ ਸਨ ਅਤੇ ਉਥੇ ਆਪਣੀ ਪਤਨੀ ਅਤੇ ਬੱਚੇ ਨਾਲ ਰਹਿੰਦੇ ਸਨ| ਉਸ ਦੀ ਅਤੇ ਉਸ ਦੇ ਬੱਚੇ ਦੀਆਂ ਲਾਸ਼ਾਂ  ਉਸ ਇਮਾਰਤ ਦੇ ਕਲੱਬ ਹਾਊਸ ਦੇ ਸਵੀਮਿੰਗ ਪੂਲ ਵਿੱਚ ਮਿਲੀਆਂ|
ਸੂਤਰਾਂ ਮੁਤਾਬਕ ਕਲੱਬ ਹਾਊਸ ਪੁੱਜੇ ਇਕ ਜੋੜੇ ਨੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਸਵੀਮਿੰਗ ਪੂਲ ਵਿੱਚ ਦੇਖਿਆ ਅਤੇ ਪੁਲੀਸ ਨੂੰ ਇਸ ਦੀ ਸੂਚਨਾ ਦਿੱਤੀ| ਸਥਾਨਕ ਪੁਲੀਸ ਮੁਖੀ ਡੇਵਿਡ ਮੇਲਾਇ ਨੇ ਦੱਸਿਆ ਕਿ ਪਿਤਾ ਆਪਣੇ ਬੇਟੇ ਨੂੰ ਲੈ ਕੇ ਪੂਲ ਦੇ ਕੋਲ ਗਏ ਸਨ, ਅਜਿਹਾ ਲੱਗਦਾ ਨਹੀਂ ਕਿ ਉਹ ਤੈਰਨ ਗਏ ਸਨ| ਘਟਨਾ ਵਾਲੇ ਸਥਾਨ ਨੂੰ ਦੇਖ ਕੇ ਅਤੇ ਉਨ੍ਹਾਂ ਦੇ ਕੱਪੜਿਆਂ ਨੂੰ ਦੇਖ ਕੇ ਤਾਂ ਅਜਿਹਾ ਲੱਗਦਾ ਹੈ ਕਿ ਉਹ ਪੂਲ ਦੇ ਕੋਲ ਬੈਠਣ ਗਏ ਸਨ ਕਿਉਂਕਿ ਉਨ੍ਹਾਂ ਨੇ ਤੈਰਨ ਵਾਲੇ ਕੱਪੜੇ ਵੀ ਨਹੀਂ ਪਾਏ ਸਨ|
ਉਨ੍ਹਾਂ ਦੱਸਿਆ ਕਿ ਸੁਰੇਪੱਲੀ ਦਾ ਭੇਟਾ ਜਦ ਸਾਈਕਲ ਚਲਾ ਰਿਹਾ ਸੀ ਤਾਂ ਅਚਾਨਕ ਪਾਣੀ ਵਿੱਚ ਡਿੱਗ ਗਿਆ, ਪੁੱਤ ਨੂੰ ਬਚਾਉਣ ਲਈ ਪਿਤਾ ਨੇ ਵੀ ਸਵੀਮਿੰਗ ਪੂਲ ਵਿੱਚ ਛਾਲ ਮਾਰ ਦਿੱਤੀ ਅਤੇ ਡੁੱਬ ਗਿਆ| ਉਥੇ ਨਾ ਤਾਂ ਕੋਈ ਲਾਈਫਗਾਰਡ ਸੀ ਅਤੇ ਨਾ ਹੀ ਦੋਵਾਂ ਨੂੰ ਤੈਰਾਕੀ ਆਉਂਦੀ ਸੀ|
ਪਰਿਵਾਰ ਦੇ ਮਿੱਤਰ ਅਤੇ ਮਿਸ਼ੀਗਨ ਵਿੱਚ ਇੰਫੋਸਿਸ ਦੇ ਕਰਮਚਾਰੀ ਨੇ ਦੱਸਿਆ ਕਿ ਉਨ੍ਹਾਂ ਦੀਆਂ ਲਾਸ਼ਾਂ ਨੂੰ ਭਾਰਤ ਭੇਜਣ ਲਈ ਉਹ ਪੈਸੇ ਇਕੱਠੇ ਕਰ ਰਹੇ ਹਨ|

Leave a Reply

Your email address will not be published. Required fields are marked *