ਅਮਰੀਕਾ ਵਿੱਚ ਸ਼ਾਪਿੰਗ ਮਾਲ ਵਿੱਚ ਲੁੱਟ-ਖੋਹ ਕਰਨ ਆਏ ਹਮਲਾਵਰਾਂ ਨੇ ਕੀਤੀ ਗੋਲੀਬਾਰੀ, ਇਕ ਦੀ ਮੌਤ

ਸੈਨ ਐਂਟੋਨੀਓ (ਅਮਰੀਕਾ), 23 ਜਨਵਰੀ (ਸ.ਬ.) ਟੈਕਸਾਸ ਦੇ ਪ੍ਰਮੁੱਖ ਸ਼ਹਿਰ ਸੈਨ ਐਂਟੋਨੀਓ ਦੇ ਇਕ ਸ਼ਾਪਿੰਗ ਮਾਲ ਦੇ ਅੰਦਰ ਲੁੱਟ-ਖੋਹ ਕਰਨ ਆਏ ਹਮਲਾਵਰਾਂ ਨੇ ਗੋਲੀਬਾਰੀ ਕੀਤੀ, ਜਿਸ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ| ਪੁਲੀਸ ਮੁਖੀ ਵਿਲੀਅਮ ਮੈਕ ਮਨੁਸਨੇ ਨੇ ਦੱਸਿਆ ਕਿ 2ਸ਼ੱਕੀ ਹਮਲਾਵਰਾਂ ਨੇ ਰੋਲਿੰਗ ਓਕਸ ਮਾਲ ਵਿੱਚ ਸਥਿਤ ਗਹਿਣਿਆਂ ਦੀ ਦੁਕਾਨ ਵਿੱਚ ਐਤਵਾਰ ਨੂੰ ਲੁੱਟ-ਖੋਹ ਕੀਤੀ| ਉਨ੍ਹਾਂ ਨੇ ਦੱਸਿਆ ਕਿ ਦੋਹਾਂ ਸ਼ੱਕੀ ਹਮਲਾਵਰਾਂ ਦੇ ਦੌੜਨ ਦੌਰਾਨ ਇਕ ਵਿਅਕਤੀ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਕ ਹਮਲਾਵਰ ਨੇ ਉਸ ਤੇ ਗੋਲੀ ਚਲਾ ਦਿੱਤੀ, ਜਿਸ ਕਾਰਨ ਉਸ ਵਿਅਕਤੀ ਦੀ ਮੌਤ ਹੋ ਗਈ|
ਇਸ ਦੌਰਾਨ ਉਥੇ ਮੌਜੂਦ ਇਕ ਹੋਰ ਵਿਅਕਤੀ ਨੇ ਗੋਲੀ ਚਲਾਉਣ ਵਾਲੇ ਹਮਲਾਵਰ ਤੇ ਆਪਣੀ ਲਾਈਸੈਂਸੀ ਹਥਿਆਰ ਨਾਲ ਗੋਲੀ ਚਲਾ ਕੇ ਉਸ ਨੂੰ ਜ਼ਖਮੀ ਕਰ ਦਿੱਤਾ| ਅਫੜਾ-ਦਫੜੀ ਦੇ ਇਸ ਮਾਹੌਲ ਵਿਚ ਦੂਜਾ ਸ਼ੱਕੀ ਹਮਲਾਵਰ ਗੋਲੀਆਂ ਚਲਾਉਂਦਾ ਹੋਇਆ ਫਰਾਰ ਹੋ ਗਿਆ| ਇਸ ਗੋਲੀਬਾਰੀ ਵਿੱਚ ਇਕ ਆਦਮੀ ਅਤੇ ਇਕ ਔਰਤ ਜ਼ਖਮੀ ਹੋ ਗਈ| ਸੈਨ ਐੈਂਟੋਨੀਓ ਦੇ ਫਾਇਰ ਬ੍ਰਿਗੇਡ ਵਿਭਾਗ ਦੇ ਮੁਖੀ ਚਾਲਰਸ ਹੁੱਡ ਨੇ ਦੱਸਿਆ ਕਿ 2 ਜ਼ਖਮੀਆਂ ਅਤੇ ਇਕ ਸ਼ੱਕੀ ਹਮਲਾਵਰ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ| ਪੁਲੀਸ ਵਿਭਾਗ ਨੇ ਮਾਰੇ ਗਏ ਵਿਅਕਤੀ ਬਾਰੇ ਜਾਣਕਾਰੀ ਅਜੇ ਨਹੀਂ ਦਿੱਤੀ ਹੈ| ਮਾਲ ਤੋਂ ਦੌੜੇ ਦੂਜੇ ਸ਼ੱਕੀ ਦੀ ਭਾਲ ਪੁਲੀਸ ਕਰ ਰਹੀ ਹੈ|

Leave a Reply

Your email address will not be published. Required fields are marked *