ਅਮਰੀਕਾ ਵਿੱਚ ਸਿੱਖ ਵਿਅਕਤੀ ਦਾ ਕਤਲ, 3 ਹਫਤਿਆਂ ਵਿੱਚ ਵਾਪਰੀ ਤੀਜੀ ਵਾਰਦਾਤ

ਨਿਊਯਾਰਕ, 17 ਅਗਸਤ (ਸ.ਬ.) ਅਮਰੀਕਾ ਦੇ ਨਿਊਜਰਸੀ ਵਿੱਚ ਇਕ ਸਿੱਖ ਵਿਅਕਤੀ ਤਰਲੋਕ ਸਿੰਘ ਦਾ ਉਸ ਦੇ ਹੀ ਸਟੋਰ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ| ਬੀਤੇ ਤਿੰਨ ਹਫਤਿਆਂ ਵਿੱਚ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਇਹ ਤੀਸਰੀ ਵਾਰਦਾਤ ਹੈ| ਬੀਤੇ ਦਿਨ ਸਵੇਰ ਦੇ 9:00 ਵਜੇ ਦੇ ਕਰੀਬ ਟਾਊਨ ਈਸਟ ਔਰੇਂਜ ਵਿਖੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ| ਨਾਰਥ ਪਾਰਕ ਸਟ੍ਰੀਟ ਉਤੇ ਸਥਿਤ ਪਾਰਕ ਡੇਲੀ ਐਂਡ ਗਰੌਸਰੀ ਸਟੋਰ ਦੇ ਬਾਥਰੂਮ ਵਿੱਚ ਤਰਲੋਕ ਸਿੰਘ ਦੀ ਲਾਸ਼ ਮਿਲੀ ਹੈ| ਉਨ੍ਹਾਂ ਦੀ ਛਾਤੀ ਉਤੇ ਜ਼ਖਮ ਦੇ ਨਿਸ਼ਾਨ ਸਨ|
ਇਸ ਘਟਨਾ ਬਾਰੇ ਉਸ ਸਮੇਂ ਪਤਾ ਲੱਗਾ ਜਦ ਸਟੋਰ ਤੋਂ ਇਕ ਬਲਾਕ ਦੀ ਦੂਰੀ ਉਤੇ ਇਕ ਗੈਸ ਸਟੇਸ਼ਨ ਉਤੇ ਕੰਮ ਕਰਨ ਵਾਲਾ ਵਿਅਕਤੀ ਕੁੱਝ ਖਰੀਦਣ ਲਈ ਸਟੋਰ ਵਿੱਚ ਆਇਆ| ਉਸ ਨੇ ਕਈ ਵਾਰ ਆਵਾਜ਼ਾਂ ਮਾਰੀਆਂ ਪਰ ਸਟੋਰ ਖੁੱਲ੍ਹਾ ਹੋਣ ਦੇ ਬਾਵਜੂਦ ਕੋਈ ਜਵਾਬ ਨਾ ਮਿਲਿਆ| ਫਿਰ ਉਹ ਵਿਅਕਤੀ ਬਾਥਰੂਮ ਵੱਲ ਗਿਆ, ਜਿੱਥੇ ਕਾਫ਼ੀ ਖੂਨ ਡੁੱਲ੍ਹਿਆ ਹੋਇਆ ਸੀ ਅਤੇ ਬਜ਼ੁਰਗ ਤਰਲੋਕ ਸਿੰਘ ਦੀ ਉਥੇ ਲਾਸ਼ ਪਈ ਹੋਈ ਸੀ|
ਇਸਤਗਾਸਾ ਦਫਤਰ ਨੇ ਇਸ ਨੂੰ ਕਤਲ ਦਾ ਮਾਮਲਾ ਦੱਸਿਆ ਹੈ| ਹਾਲਾਂਕਿ ਕਤਲ ਦੇ ਪਿੱਛੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ| ਦੱਸਿਆ ਜਾ ਰਿਹਾ ਹੈ ਕਿ ਤਰਲੋਕ ਸਿੰਘ ਬਹੁਤ ਹੀ ਚੰਗੇ ਵਿਅਕਤੀ ਸਨ| ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਅਤੇ ਬੱਚੇ ਹਨ, ਜੋ ਭਾਰਤ ਵਿੱਚ ਰਹਿ ਰਹੇ ਹਨ| ਇਸ ਘਟਨਾ ਕਾਰਨ ਸਿੱਖ ਭਾਈਚਾਰੇ ਨੂੰ ਡੂੰਘਾ ਦੁੱਖ ਪਹੁੰਚਿਆ ਹੈ| ਰਿਪੋਰਟ ਮੁਤਾਬਕ ਤਰਲੋਕ ਸਿੰਘ ਪਿਛਲੇ 6 ਸਾਲਾਂ ਤੋਂ ਇੱਥੇ ਸਟੋਰ ਚਲਾ ਰਹੇ ਸਨ| ਨਾਗਰਿਕ ਅਧਿਕਾਰ ਸੰਗਠਨ ਸਿੱਖ ਗਠਜੋੜ ਨੇ ਫੇਸਬੁੱਕ ਪੋਸਟ ਉਤੇ ਤਰਲੋਕ ਸਿੰਘ ਦੇ ਪਰਿਵਾਰ, ਦੋਸਤਾਂ ਅਤੇ ਸਥਾਨਕ ਭਾਈਚਾਰੇ ਨਾਲ ਹਮਦਰਦੀ ਪ੍ਰਗਟ ਕੀਤੀ ਹੈ|
3 ਹਫਤਿਆਂ ਵਿੱਚ 3 ਵਾਰਦਾਤਾਂ ਵਾਪਰ ਚੁੱਕੀਆਂ ਹਨ| ਇਸ ਤੋਂ ਪਹਿਲਾਂ ਦੋ ਸਿੱਖ ਵਿਅਕਤੀਆਂ ਉਤੇ ਹਮਲੇ ਕੀਤੇ ਗਏ, ਜਿਸ ਕਾਰਨ ਉਹ ਜ਼ਖਮੀ ਹੋ ਗਏ| 6 ਅਗਸਤ ਨੂੰ 71 ਸਾਲਾ ਸਾਹਿਬ ਸਿੰਘ ਉਤੇ ਦੋ ਵਿਅਕਤੀਆਂ ਨੇ ਹਮਲਾ ਕੀਤਾ ਸੀ ਅਤੇ ਉਨ੍ਹਾਂ ਦੇ ਕਾਫੀ ਸੱਟਾਂ ਲੱਗੀਆਂ ਸਨ| ਇਸ ਤੋਂ ਪਹਿਲਾਂ 50 ਸਾਲਾ ਸੁਰਜੀਤ ਮੱਲ੍ਹੀ ਨੂੰ ਉਸ ਸਮੇਂ ਨਸਲੀ ਹਿੰਸਾ ਦਾ ਸਾਹਮਣਾ ਕਰਨਾ ਪਿਆ ਜਦ ਉਹ ਇਕ ਸਿਆਸੀ ਪਾਰਟੀ ਨਾਲ ਚੋਣ ਪ੍ਰਚਾਰ ਲਈ ਨਿਕਲੇ ਸਨ| ਉਨ੍ਹਾਂ ਦੀ ਗੱਡੀ ਉਤੇ ਸਪ੍ਰੇਅ ਨਾਲ ‘ਆਪਣੇ ਦੇਸ਼ ਵਾਪਸ ਜਾਓ’ ਸ਼ਬਦ ਵੀ ਲਿਖੇ ਗਏ ਸਨ| ਅਜਿਹੀਆਂ ਘਟਨਾਵਾਂ ਕਾਰਨ ਸਿੱਖ ਭਾਈਚਾਰੇ ਵਿੱਚ ਰੋਸ ਹੈ ਅਤੇ ਉਨ੍ਹਾਂ ਵਲੋਂ ਨਿਆਂ ਦੀ ਮੰਗ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *