ਅਮਰੀਕਾ ਵੱਲੋਂ ਸੀਰੀਆ ਤੇ ਵੱਡਾ ਫੌਜੀ ਹਮਲਾ

ਵਾਸ਼ਿੰਗਟਨ, 7 ਅਪ੍ਰੈਲ (ਸ.ਬ.) ਸੀਰੀਆ ਵਿੱਚ ਹੋਏ ਰਸਾਇਣਿਕ ਹਮਲੇ ਦੇ ਜਵਾਬ ਵਿੱਚ ਕਾਰਵਾਈ ਕਰਦਿਆਂ ਅਮਰੀਕਾ ਨੇ ਸੀਰੀਆ ਤੇ ਦਰਜਨਾਂ ਮਿਜ਼ਾਇਲਾਂ ਦਾਗੀਆਂ ਹਨ| ਬੀਤੀ ਰਾਤ ਅਮਰੀਕਾ ਨੇ ਸੀਰੀਆ    ਏਅਰਬੇਸ ਤੇ ਦਰਜਨਾਂ ਕਰੂਜ਼ ਮਿਜ਼ਾਇਲਾਂ ਦਾਗੀਆਂ ਹਨ| ਇਸ ਹਫਤੇ ਦੀ ਸ਼ੁਰੂਆਤ ਵਿੱਚ ਸੀਰੀਆ ਸਰਕਾਰ ਵੱਲੋਂ ਕੀਤੇ ਗਏ ਹਮਲੇ ਵਿੱਚ ਤਕਰੀਬਨ 80 ਨਾਗਰਿਕ ਮਾਰੇ ਗਏ ਸਨ, ਜਿਨ੍ਹਾਂ ਵਿੱਚ ਬੱਚਿਆਂ ਦੀ ਗਿਣਤੀ ਵਧੇਰੇ ਸੀ| ਅਮਰੀਕੀ ਅਧਿਕਾਰੀਆਂ ਮੁਤਾਬਕ ਪਿਛਲੇ 6 ਸਾਲਾਂ ਤੋਂ ਗ੍ਰਹਿ ਯੁੱਧ ਦੀ ਮਾਰ ਝੱਲ ਰਹੇ ਸੀਰੀਆ ਵਿੱਚ ਬਸ਼ਰ ਅਲ ਅਸਦ ਦੀ ਸਰਕਾਰ ਨੇ ਆਪਣੇ ਹੀ ਨਾਗਰਿਕਾਂ ਤੇ ਰਸਾਇਣਕ ਹਮਲਾ ਕਰਵਾਇਆ| ਇਸ ਕਾਰਨ ਹਰ ਵਿਅਕਤੀ ਦਾ ਦਿਲ ਵਲੂੰਧਰ ਗਿਆ|
ਅਮਰੀਕਾ ਦੇ ਇਕ ਫੌਜੀ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਸੀਰੀਆ ਦੇ ਏਅਰਬੇਸ ਤੇ ਦਰਜਨਾਂ ‘ਟਾਮਹਾਕ ਮਿਜ਼ਾਇਲ’ ਹਮਲੇ ਕੀਤੇ ਗਏ ਹਨ| ਇਹ ਪਹਿਲੀ ਵਾਰ ਹੈ ਜਦੋਂ ਵ੍ਹਾਈਟ ਹਾਊਸ ਨੇ ਸੀਰੀਆਈ ਰਾਸ਼ਟਰਪਤੀ ਬਸ਼ਰ ਅਲ ਅਸਦ ਦੇ      ਨੇੜਲੇ ਫੌਜੀ ਦਸਤਿਆਂ ਤੇ ਇਸ ਤਰ੍ਹਾਂ ਦੀ ਵੱਡੀ ਕਾਰਵਾਈ ਕੀਤੀ ਹੈ| ਹੁਣ ਤਕ ਸੀਰੀਆ, ਯਮਨ ਅਤੇ ਇਰਾਕ ਵਿੱਚ ਜੋ ਮੁਹਿੰਮਾਂ ਚੱਲ ਰਹੀਆਂ ਸਨ, ਉਹ ਇਕ ਤੈਅ ਪ੍ਰਕਿਰਿਆ ਤਹਿਤ ਅਮਰੀਕੀ ਫੌਜ ਦੀ ਸਿੱਧੀ ਨਿਗਰਾਨੀ ਵਿੱਚ ਸਨ| ਟਰੰਪ ਦੇ ਇਸ ਫੈਸਲੇ ਕਾਰਨ ਹੋਰ ਦੇਸ਼ਾਂ ਨੂੰ ਵੀ ਡਰ ਪੈ ਗਿਆ ਹੈ ਕਿ ਅਮਰੀਕਾ ਬਿਨਾਂ ਕਿਸੇ ਮੌਕੇ ਦੇ ਸਿੱਧੀ ਕਾਰਵਾਈ ਕਰ ਸਕਦਾ ਹੈ|
ਟਰੰਪ ਦੀ ਇਸ ਕਾਰਵਾਈ ਕਾਰਨ ਉੱਤਰੀ ਕੋਰੀਆ, ਈਰਾਨ ਅਤੇ ਅਜਿਹੀਆਂ ਹੀ ਹੋਰ ਉਭਰ ਰਹੀਆਂ ਤਾਕਤਾਂ ਨੂੰ ਇਕ ਸੰਦੇਸ਼ ਮਿਲ ਗਿਆ ਹੈ ਕਿ ਟਰੰਪ ਪ੍ਰਸ਼ਾਸਨ ਹਮਲੇ ਦੀ ਜਵਾਬੀ ਕਾਰਵਾਈ ਲਈ ਪੂਰੀ ਤਰ੍ਹਾਂ ਤਿਆਰ ਹੈ| ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਟਰੰਪ ਨੂੰ ਆਖਰ ਇਹ ਕਦਮ ਇਸ ਲਈ ਚੁੱਕਣਾ ਪਿਆ ਕਿਉਂਕਿ ਹੋਰ ਕੋਈ ਹੱਲ ਨਹੀਂ ਮਿਲ ਰਿਹਾ ਸੀ|

Leave a Reply

Your email address will not be published. Required fields are marked *