ਅਮਰੀਕੀ ਕਾਂਗਰਸ ਵਿੱਚ ਪਹਿਲੀ ਵਾਰ ਸ਼ਾਮਲ ਹੋਵੇਗੀ ਮੁਸਲਿਮ ਮਹਿਲਾ
ਵਾਸ਼ਿੰਗਟਨ , 9 ਅਗਸਤ (ਸ.ਬ.) ਅਮਰੀਕੀ ਕਾਂਗਰਸ ਵਿਚ ਪਹਿਲੀ ਵਾਰ ਘੱਟ ਗਿਣਤੀ ਭਾਈਚਾਰੇ ਦੀ ਮੁਸਲਿਮ ਮਹਿਲਾ ਉਮੀਦਵਾਰ ਸ਼ਾਮਲ ਹੋ ਸਕਦੀ ਹੈ| ਨਵੰਬਰ ਵਿਚ ਹੋਣ ਵਾਲੀਆਂ ਚੋਣਾਂ ਵਿਚ ਅਮਰੀਕਾ ਦੇ ਮਿਸ਼ੀਗਨ ਤੋਂ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ 42 ਸਾਲਾ ਰਾਸ਼ਿਦਾ ਤਲੀਬ ਨੇ ਆਪਣੇ ਵਿਰੋਧੀ ਜੂਨੀਅਰਸ ਜੌਨ ਨੂੰ ਹਰਾ ਕੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ|
ਤਲੀਬ ਨੇ ਮੰਗਲਵਾਰ ਨੂੰ 13ਵੇਂ ਕਾਂਗਰਸੀ ਜ਼ਿਲੇ ਵਿਚ ਜਿੱਤ ਪ੍ਰਾਪਤ ਕੀਤੀ| ਉਸ ਨੂੰ 33.6 ਫੀਸਦੀ ਵੋਟ ਮਿਲੇ| ਜੇ ਤਲੀਬ ਚੋਣ ਜਿੱਤ ਜਾਂਦੀ ਹੈ ਤਾਂ ਉਹ ਅਮਰੀਕੀ ਕਾਂਗਰਸ ਵਿਚ ਪਹੁੰਚਣ ਵਾਲੀ ਪਹਿਲੀ ਮੁਸਲਿਮ ਮਹਿਲਾ ਹੋਵੇਗੀ|
ਡੈਮੋਕ੍ਰੇਟਿਕ ਗੜ੍ਹ ਵਾਲੇ ਜ਼ਿਲੇ ਵਿਚ ਰੀਪਬਲਿਕਨ ਪਾਰਟੀ ਦਾ ਕੋਈ ਉਮੀਦਵਾਰ ਨਹੀਂ ਉਤਾਰਿਆ ਗਿਆ, ਜਿਸ ਮਗਰੋਂ ਹੁਣ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਤਲੀਬ ਇਸ ਸੀਟ ਤੋਂ ਜਿੱਤ ਹਾਸਲ ਕਰ ਸਕਦੀ ਹੈ| ਤਲੀਬ ਮੂਲ ਰੂਪ ਨਾਲ ਫਿਲਸਤੀਨੀ ਨਾਗਰਿਕ ਹੈ| ਤਲੀਬ ਨੇ ਸਾਲ 2009 ਵਿਚ ਮਿਸ਼ੀਗਨ ਹਾਊਸ ਵਿਚ ਸਾਲ 2014 ਤੱਕ ਸੇਵਾਵਾਂ ਦਿੱਤੀਆਂ ਹਨ|
ਤਲੀਬ ਨੇ ਇਕ ਟਵੀਟ ਕਰ ਕੇ ਆਪਣੇ ਸਾਥੀਆਂ ਦਾ ਧੰਨਵਾਦ ਕੀਤਾ ਹੈ| ਉਸ ਨੇ ਲਿਖਿਆ ਕਿ ਇਸ ਕਦੇ ਨਾ ਭੁੱਲੇ ਜਾ ਸਕਣ ਵਾਲੇ ਪਲ ਨੂੰ ਸੰਭਵ ਬਣਾਉਣ ਲਈ ਤੁਹਾਡਾ ਧੰਨਵਾਦ| ਮੇਰੇ ਕੋਲ ਸ਼ਬਦ ਥੋੜ੍ਹੇ ਪੈ ਗਏ ਹਨ| ਮੈਂ ਕਾਂਗਰਸ ਦੀ ਸੇਵਾ ਲਈ ਇੰਤਜ਼ਾਰ ਨਹੀਂ ਕਰ ਸਕਦੀ|