ਅਮਰੀਕੀ ਚੈਨਲ ਨੇ ਰਾਮ ਸੇਤੂ ਵਿਵਾਦ ਹੋਰ ਭਖਾਇਆ

ਇੱਕ ਅਮਰੀਕੀ ਸਾਇੰਸ ਚੈਨਲ ਉਤੇ ਟੈਲੀਕਾਸਟ ਹੋਣ ਜਾ ਰਹੇ ਇੱਕ ਪ੍ਰੋਗਰਾਮ ਦੇ ਪ੍ਰੋਮੋ ਨੇ ਦੇਸ਼ ਵਿੱਚ ਰਾਮ ਸੇਤੂ ਵਿਵਾਦ ਨੂੰ ਨਵੀਂ ਹਵਾ ਦੇ ਦਿੱਤੀ ਹੈ| ਇਸ ਪ੍ਰੋਮੋ ਨਾਲ ਸੰਕੇਤ ਮਿਲਦਾ ਹੈ ਕਿ ਉਪਗ੍ਰਹਿ ਤੋਂ ਲਏ ਗਏ ਚਿਤਰਾਂ ਵਿੱਚ ਭਾਰਤ ਅਤੇ ਸ਼੍ਰੀਲੰਕਾ ਦੇ ਵਿਚਾਲੇ ਦਿੱਖਣ ਵਾਲੇ ਜਿਸ ਢਾਂਚੇ ਨੂੰ ਰਾਮ ਸੇਤੂ ਜਾਂ ਏਡੰਸ ਬ੍ਰਿਜ ਕਿਹਾ ਜਾਂਦਾ ਹੈ, ਉਹ ਮਨੁੱਖ ਨਿਰਮਿਤ ਹੋ ਸਕਦਾ ਹੈ| ਪ੍ਰੋਮੋ ਵਿੱਚ ਇੱਕ ਆਰਕਿਆਲਜਿਸਟ ਇਹ ਕਹਿੰਦੇ ਦਿਖ ਰਹੇ ਹਨ ਕਿ ‘ਰੇਤ ਦੇ ਉਤੇ ਪਈਆਂ ਚੱਟਾਨਾਂ ਰੇਤ ਤੋਂ 3000 ਸਾਲ ਜ਼ਿਆਦਾ ਪੁਰਾਣੀਆਂ ਹਨ|’ ਭਾਰਤ ਵਿੱਚ ਕਰੋੜਾਂ ਹਿੰਦੂ ਬਹੁਤ ਪਹਿਲਾਂ ਤੋਂ ਮੰਨਦੇ ਆਏ ਹਨ ਕਿ ਭਗਵਾਨ ਸ਼੍ਰੀਰਾਮ ਨੇ ਆਪਣੀ ਪਤਨੀ ਸੀਤਾ ਨੂੰ ਰਾਵਣ ਦੀ ਕੈਦ ਤੋਂ ਛਡਾਉਣ ਲਈ ਸਮੁੰਦਰ ਵਿੱਚ ਇਹ ਪੁੱਲ ਬਣਾਇਆ ਸੀ| ਪਰੰਤੂ ਇਸ ਮਾਨਤਾ ਦੀ ਇਤਿਹਾਸਿਕਤਾ ਉਤੇ ਸਵਾਲ ਉਠਦੇ ਰਹੇ ਹਨ|
2008 ਵਿੱਚ ਇਹ ਵਿਵਾਦ ਕਾਫੀ ਉਗਰ ਹੋ ਗਿਆ ਜਦੋਂ ਤਤਕਾਲੀਨ ਕੇਂਦਰ ਸਰਕਾਰ ਨੇ ਕੋਰਟ ਨੂੰ ਦੱਸਿਆ ਕਿ ਭਾਰਤ ਅਤੇ ਸ਼੍ਰੀਲੰਕਾ ਦੇ ਵਿਚਾਲੇ ਕੋਈ ਪੁੱਲ ਨਹੀਂ ਹੈ ਅਤੇ ਜੋ ਢਾਂਚਾ ਪਾਇਆ ਗਿਆ ਹੈ ਉਹ ਮਨੁੱਖ ਨਿਰਮਿਤ ਨਹੀਂ ਹੈ| ਉਦੋਂ ਵਿਰੋਧੀ ਧਿਰ ਵਿੱਚ ਬੈਠੀ ਭਾਜਪਾ ਨੇ ਇਸਨੂੰ ਸਰਾਸਰ ਗਲਤ ਦੱਸਦੇ ਹੋਏ ਹਿੰਦੂਆਂ ਦੀ ਸ਼ਰਧਾ ਦੀ ਬੇਇੱਜ਼ਤੀ ਕਰਾਰ ਦਿੱਤਾ ਸੀ| ਉਸ ਵਿਵਾਦ ਦਾ ਸਾਇਆ ਅਮਰੀਕੀ ਚੈਨਲ ਦੇ ਇਸ ਪ੍ਰੋਮੋ ਤੇ ਵੀ ਮਹਿਸੂਸ ਕੀਤਾ ਜਾ ਸਕਦਾ ਹੈ| ਕੇਂਦਰੀ ਮੰਤਰੀ ਸਿਮ੍ਰਤੀ ਇਰਾਨੀ ਨੇ ਟਵਿਟਰ ਉਤੇ ਪ੍ਰੋਮੋ ਦਾ ਵੀਡੀਓ ਸ਼ੇਅਰ ਕਰਦਿਆਂ ਲਿਖਿਆ – ‘ਜੈ ਸ਼੍ਰੀ ਰਾਮ’| ਜਾਹਿਰ ਹੈ, ਉਹ ਇਸਨੂੰ ਹਿੰਦੂ ਸ਼ਰਧਾ ਦੀ ਜਿੱਤ ਦੇ ਰੂਪ ਵਿੱਚ ਪੇਸ਼ ਕਰਨਾ ਚਾਹੁੰਦੇ ਹਨ| ਪਰੰਤੂ ਇਹ ਕੋਸ਼ਿਸ਼ ਇਸ ਪੁਰਾਸਾਰੀ ਖੋਜ ਲਈ ਮੁਸ਼ਕਿਲਾਂ ਖੜੀਆਂ ਕਰ ਸਕਦੀ ਹੈ| ਧਿਆਨ ਰਹੇ , ਭਾਰਤ ਦੇ ਉਲਟ ਸ਼੍ਰੀਲੰਕਾ ਵਿੱਚ ਇਸ ਢਾਂਚੇ ਨੂੰ ਲੈ ਕੇ ਕੋਈ ਧਾਰਮਿਕ ਸ਼ਰਧਾ ਨਹੀਂ ਹੈ|
ਆਪਣੀ ਪ੍ਰਾਚੀਨ ਸਭਿਅਤਾ ਵਿੱਚ ਵਿਗਿਆਨ ਦੀ ਤਰੱਕੀ ਦੇ ਅਸੀਂ ਚਾਹੇ ਜੋ ਵੀ ਦਾਅਵੇ ਕਰੀਏ, ਉਨ੍ਹਾਂ ਦਾਅਵਿਆਂ ਨੂੰ ਠੀਕ ਸਿੱਧ ਕਰਨ ਵਾਲਾ ਕੋਈ ਸਬੂਤ ਸਾਡੇ ਕੋਲ ਨਹੀਂ ਹੈ| ਇਸਦੇ ਉਲਟ ਇਜਿਪਟ ਦੇ ਪਿਰਾਮਿਡ ਅਤੇ ਬ੍ਰਿਟੇਨ ਦੇ ਸਟੋਨਹੇਂਜ ਵਰਗੇ ਹੋਰ ਪ੍ਰਾਚੀਨ ਸਭਿਅਤਾਵਾਂ ਦੇ ਸਮਾਰਕ ਅੱਜ ਵੀ ਅਚਰਜ ਦੇ ਰੂਪ ਵਿੱਚ ਖੜੇ ਹਨ| ਜੇਕਰ ਰਾਮ ਸੇਤੂ ਦੇ ਮਨੁੱਖ ਨਿਰਮਿਤ ਹੋਣ ਦੀ ਗੱਲ ਠੀਕ ਪਾਈ ਜਾਂਦੀ ਹੈ ਤਾਂ ਇਹ ਨਾ ਸਿਰਫ ਦੁਨੀਆ ਭਰ ਵਿੱਚ ਆਪਣੇ ਢੰਗ ਦੀ ਸਭਤੋਂ ਪੁਰਾਣੀ ਮਨੁੱਖੀ ਰਚਨਾ ਹੋਵੇਗੀ, ਬਲਕਿ ਇਸ ਨਾਲ ਪ੍ਰਾਚੀਨ ਭਾਰਤੀ ਸਭਿਅਤਾ ਦਾ ਗੌਰਵ ਵੀ ਵਧੇਗਾ| ਅਜਿਹੇ ਵਿੱਚ ਫਟਾਫਟ ਪਾਇੰਟ ਸਕੋਰ ਕਰ ਲੈਣ ਤੋਂ ਕਿਤੇ ਚੰਗਾ ਹੋਵੇਗਾ ਕਿ ਵਿਗਿਆਨ ਨੂੰ ਇਸ ਮਾਮਲੇ ਵਿੱਚ ਆਪਣਾ ਕੰਮ ਕਰਨ ਦਿੱਤਾ ਜਾਵੇ|
ਕਪਿਲ ਕੁਮਾਰ

Leave a Reply

Your email address will not be published. Required fields are marked *