ਅਮਰੀਕੀ ਚੋਣਾਂ ਨੂੰ ਪ੍ਰਭਾਵਿਤ ਕਰਨ ਦੇ ਪਿੱਛੇ ਹੈ ਪੁਤਿਨ ਦਾ ਹੱਥ

ਵਾਸ਼ਿੰਗਟਨ, 7 ਜਨਵਰੀ (ਸ.ਬ.) ਅਮਰੀਕੀ ਖੁਫੀਆ ਵਿਭਾਗ ਨੇ ਆਪਣੀ ਇਕ ਨਵੀਂ ਰਿਪੋਰਟ ਵਿੱਚ ਦੋਸ਼ ਲਾਇਆ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵ੍ਹਾਈਟ ਹਾਊਸ ਦੀ ਦੌੜ ਵਿਚ ਜਿੱਤ ਹਾਸਲ ਕਰਨ ਵਿੱਚ ਡੋਨਾਲਡ ਟਰੰਪ ਦੀ ਮਦਦ ਕਰਨ ਲਈ ਅਤੇ ਉਨ੍ਹਾਂ ਦੀ ਡੈਮੋਕ੍ਰੇਟਿਕ ਮੁਕਾਬਲੇਬਾਜ਼ ਹਿਲੇਰੀ ਕਲਿੰਟਨ ਨੂੰ ਬਦਨਾਮ ਕਰਨ ਲਈ ਇਕ ਮੁਹਿੰਮ ਚਲਾਉਣ ਦਾ ਹੁਕਮ ਦਿੱਤਾ ਸੀ| ਇਸ ਦੇ ਪਿੱਛੇ ਦਾ ਉਦੇਸ਼ ਅਮਰੀਕੀ ਲੋਕਤੰਤਰੀ ਪ੍ਰਕਿਰਿਆ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਕਮਜ਼ੋਰ ਕਰਨਾ ਸੀ| ਖੁਫੀਆ ਵਿਭਾਗ ਦੇ ਡਾਇਰੈਕਟਰ ਨੇ ਇਕ ਰਿਪੋਰਟ ਵਿੱਚ ਕਿਹਾ, ”ਸਾਡਾ ਮੁਲਾਂਕਣ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸਾਲ 2016 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਚੋਣ ਨੂੰ ਪ੍ਰਭਾਵਿਤ ਕਰਨ ਲਈ ਇਕ ਮੁਹਿੰਮ ਚਲਾਉਣ ਦਾ ਹੁਕਮ ਦਿੱਤਾ|” 31 ਪੰਨਿਆਂ ਵਾਲੀ ਇਸ ਰਿਪੋਰਟ ਵਿਚ ਦੋਸ਼ ਲਾਇਆ ਗਿਆ ਹੈ ਕਿ ਰੂਸ ਦਾ ਉਦੇਸ਼ ਅਮਰੀਕੀ ਲੋਕਤੰਤਰੀ ਪ੍ਰਕਿਰਿਆ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਕਮਜ਼ੋਰ ਕਰਨਾ, ਰਾਸ਼ਟਰਪਤੀ ਅਹੁਦੇ ਦੀ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਬਦਨਾਮ ਕਰਨਾ ਅਤੇ ਉਨ੍ਹਾਂ ਦੇ ਚੁਣੇ ਜਾਣ ਅਤੇ ਰਾਸ਼ਟਰਪਤੀ ਬਣ ਜਾਣ ਦੀ ਸੰਭਾਵਨਾ ਨੂੰ ਨੁਕਸਾਨ ਪਹੁੰਚਾਉਣਾ ਸੀ| ਅਮਰੀਕੀ ਖੁਫੀਆ ਵਿਭਾਗ ਨੇ ਕਿਹਾ, ”ਸਾਡਾ ਅੱਗੇ ਦਾ ਮੁਲਾਂਕਣ ਹੈ ਕਿ ਪੁਤਿਨ ਅਤੇ ਰੂਸੀ ਸਰਕਾਰ ਨੇ ਨਵੇਂ ਚੁਣੇ ਗਏ ਰਾਸ਼ਟਰਪਤੀ ਟਰੰਪ ਨੂੰ ਸਪੱਸ਼ਟ ਰੂਪ ਨਾਲ ਤਰਜ਼ੀਹ ਦਿੱਤੀ ਸੀ| ਸਾਨੂੰ ਇਸ ਮੁਲਾਂਕਣ ਤੇ ਪੂਰਾ ਵਿਸ਼ਵਾਸ ਹੈ|” ਰਿਪੋਰਟ ਨੂੰ ਵੀਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਾਹਮਣੇ ਪੇਸ਼ ਕੀਤਾ ਗਿਆ| ਓਬਾਮਾ ਨੇ ਰੂਸ ਵਲੋਂ ਡੈਮੋਕ੍ਰੇਟਿਕ ਪਾਰਟੀ ਦੀ ਈ-ਮੇਲ ਪ੍ਰਣਾਲੀ ਨੂੰ ਹੈਕ ਕਰਨ ਸੰਬੰਧੀ ਮਾਮਲੇ ਦੀ ਇਕ ਵਿਸਥਾਰਪੂਰਵਕ ਜਾਂਚ ਦਾ ਹੁਕਮ ਦਿੱਤਾ ਸੀ| ਖੁਫੀਆ ਅਧਿਕਾਰੀਆਂ ਦੇ ਇਕ ਦਲ ਨੇ ਰਿਪੋਰਟ ਬਾਰੇ ਨਿਊਯਾਰਕ ਵਿੱਚ ਟਰੰਪ ਅਤੇ ਨਵੇਂ ਚੁਣੇ ਗਏ ਉੱਪ ਰਾਸ਼ਟਰਪਤੀ ਮਾਈਕ ਪੇਂਸ ਨੂੰ ਸੂਚਿਤ ਕੀਤਾ|
ਬੈਠਕ ਤੋਂ ਬਾਅਦ ਟਰੰਪ ਨੇ ਇਕ ਬਿਆਨ ਵਿੱਚ ਕਿਹਾ, ”ਰੂਸ, ਚੀਨ, ਹੋਰ ਦੇਸ਼, ਬਾਹਰੀ ਸਮੂਹ ਅਤੇ ਲੋਕ ਡੈਮੋਕ੍ਰੇਟ ਨੈਸ਼ਨਲ ਕਮੇਟੀ ਸਮੇਤ ਸਾਡੀਆਂ ਸਰਕਾਰੀ ਸੰਸਥਾਵਾਂ, ਕਾਰੋਬਾਰਾਂ ਅਤੇ ਸੰਗਠਨਾਂ ਦੇ ਸਾਈਬਰ ਬੁਨਿਆਦੀ ਢਾਂਚੇ ਨੂੰ ਲਗਾਤਾਰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਚੋਣ ਦੇ ਨਤੀਜਿਆਂ ਤੇ ਇਸ ਦਾ ਕੋਈ ਪ੍ਰਭਾਵ ਨਹੀਂ ਪਿਆ ਹੈ| ਟਰੰਪ ਨੇ ਇਸ ਦੇ ਨਾਲ ਹੀ ਕਿਹਾ ਕਿ ਹੈਕਿੰਗ ਤੋਂ ਬਚਣ ਦੀ ਮਜ਼ਬੂਤ ਸੁਰੱਖਿਆ ਪ੍ਰਣਾਲੀ ਸੀ, ਇਸ ਲਈ ਹੈਕਰ ਅਸਫਲ ਰਹੇ| ਉਨ੍ਹਾਂ ਕਿਹਾ ਕਿ ਮੈਂ ਅਹੁਦਾ ਸੰਭਾਲਣ ਦੇ 90 ਦਿਨਾਂ ਦੇ ਅੰਦਰ ਇਸ ਤੇ ਇਕ ਯੋਜਨਾ ਬਣਾਉਣ ਲਈ ਇਕ ਦਲ ਦੀ ਨਿਯੁਕਤੀ ਕਰਾਂਗਾ| ਅਮਰੀਕਾ ਨੂੰ ਸੁਰੱਖਿਅਤ ਰੱਖਣ ਲਈ ਅਸੀਂ ਜਿਨ੍ਹਾਂ ਕਾਨੂੰਨਾਂ, ਯੰਤਰਾਂ ਅਤੇ ਰਣਨੀਤੀਆਂ ਦੀ ਵਰਤੋਂ ਕਰਦੇ ਹਾਂ, ਉਨ੍ਹਾਂ ਤੇ ਜਨਤਕ ਤੌਰ ਤੇ ਚਰਚਾ ਨਹੀਂ ਹੋਣੀ ਚਾਹੀਦੀ ਕਿਉਂਕਿ ਅਜਿਹਾ ਕਰਨ ਨਾਲ ਸਾਨੂੰ ਨੁਕਸਾਨ ਪਹੁੰਚਾਉਣ ਦੀ ਚਾਹਤ ਰੱਖਣ ਵਾਲਿਆਂ ਨੂੰ ਫਾਇਦਾ ਹੋਵੇਗਾ| ਅੱਜ ਤੋਂ ਦੋ ਹਫਤਿਆਂ ਬਾਅਦ ਮੈਂ ਆਪਣੇ ਅਹੁਦੇ ਦੀ ਸਹੁੰ ਲਵਾਂਗਾ ਅਤੇ ਅਮਰੀਕਾ ਦੀ ਸੁਰੱਖਿਆ ਮੇਰੀ ਪਹਿਲੀ ਤਰਜ਼ੀਹ ਹੋਵੇਗੀ| ਟਰੰਪ ਨੇ ਕਿਹਾ ਕਿ ਸਾਈਬਰ ਹਮਲਿਆਂ ਨੂੰ ਰੋਕਣ ਲਈ ਹਮਲਾਵਰ ਤਰੀਕੇ ਨਾਲ ਮੁਕਾਬਲਾ ਕਰਨ ਦੀ ਲੋੜ ਹੈ|

Leave a Reply

Your email address will not be published. Required fields are marked *