ਅਮਰੀਕੀ ਨਾਗਰਿਕਤਾ ਹਾਸਲ ਕਰਨ ਲਈ ਇੱਕ ਭਾਰਤੀ ਨੂੰ ਫਰਜ਼ੀ ਪਹਿਚਾਣ ਦੀ ਵਰਤੋਂ ਕਰਨ ਦਾ ਦੋਸ਼ੀ ਠਹਿਰਾਇਆ

ਵਾਸ਼ਿੰਗਟਨ, 22 ਜੁਲਾਈ (ਸ.ਬ.)  ਇਕ ਭਾਰਤੀ ਨੂੰ ਅਮਰੀਕੀ ਨਾਗਰਿਕਤਾ ਹਾਸਲ ਕਰਨ ਲਈ ਫਰਜ਼ੀ ਪਹਿਚਾਣ ਦੀ ਵਰਤੋਂ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ| ਵਿਅਕਤੀ ਨੂੰ ਪਹਿਲਾਂ ਦੇਸ਼ ਨਿਕਾਲੇ ਦਾ ਹੁਕਮ ਦਿੱਤਾ ਗਿਆ ਸੀ| ਬਲਬੀਰ ਸਿੰਘ ਉਰਫ ਰਣਜੀਤ ਸਿੰਘ (50) ਨੂੰ 10 ਸਾਲ ਤੱਕ ਦੀ ਸਜ਼ਾ, 2,50,000 ਡਾਲਰ ਜੁਰਮਾਨਾ ਹੋ ਸਕਦਾ ਹੈ ਅਤੇ ਇਸ ਦੇ ਨਾਲ ਹੀ ਉਸ ਦੀ ਨਾਗਰਿਕਤਾ ਰੱਦ ਕਰਨ ਅਤੇ ਉਸ ਦੇ ਦੇਸ਼ ਨਿਕਾਲੇ ਸੰਬੰਧਤ ਪੈਂਡਿੰਗ ਹੁਕਮ ਲਾਗੂ ਹੋ ਸਕਦਾ ਹੈ| ਅਮਰੀਕਾ ਦੇ ਕਾਰਜਕਾਰੀ ਅਟਾਰਨੀ ਅਬੇ ਮਾਰਟਨਿਜੇ ਨੇ ਦੱਸਿਆ ਕਿ ਬਲਬੀਰ ਸਿੰਘ ਨੇ ਝੂਠੇ ਬਹਾਨੇ ਬਣਾ ਕੇ ਸ਼ਰਣ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਸੀ| ਉਸ ਦੀ ਇਹ ਕੋਸ਼ਿਸ਼ ਜਦੋਂ ਨਾਕਾਮ ਹੋ ਗਈ ਤਾਂ ਇਕ ਇਮੀਗ੍ਰੇਸ਼ਨ ਜੱਜ ਨੇ ਉਸ ਨੂੰ ਅਮਰੀਕਾ ਵਿਚੋਂ ਕੱਢਣ ਦਾ ਹੁਕਮ ਦਿੱਤਾ| ਇਸ ਕਾਰਨ ਬਲਬੀਰ ਸਿੰਘ ਅਮਰੀਕੀ ਨਾਗਰਿਕ ਬਣਨ ਦੇ ਅਯੋਗ ਹੋ ਗਿਆ ਸੀ| ਦੱਸਣਯੋਗ ਹੈ ਕਿ ਹਿਊਸਟਨ ਦੇ ਵਾਸੀ ਬਲਬੀਰ ਸਿੰਘ ਨੇ ਦੇਸ਼ ਛੱਡ ਕੇ ਜਾਣ ਦੀ ਬਜਾਏ ਆਪਣਾ ਨਾਂ, ਜਨਮ ਤਰੀਕ ਅਤੇ ਅਮਰੀਕਾ ਵਿਚ ਐਂਟਰੀ ਕਰਨ ਦਾ ਤਰੀਕਾ ਅਤੇ ਆਪਣੇ ਪਰਿਵਾਰ ਦਾ ਇਤਿਹਾਸ ਬਦਲ ਕੇ ਦਿਖਾਉਂਦੇ ਹੋਏ ਫਰਜ਼ੀ ਪਹਿਚਾਣ ਪੱਤਰ ਬਣਵਾਏ ਤਾਂ ਕਿ ਉਹ ਕਾਨੂੰਨੀ ਪ੍ਰਵਾਸੀ ਦਾ ਦਰਜਾ ਪ੍ਰਾਪਤ ਕਰ ਸਕੇ ਅਤੇ ਬਾਅਦ ਵਿਚ ਕਿਸੇ ਅਮਰੀਕੀ ਨਾਗਰਿਕ ਨਾਲ ਵਿਆਹ ਕਰਨ ਦੇ ਆਧਾਰ ਤੇ ਨਾਗਰਿਕਤਾ ਹਾਸਲ ਕਰ ਸਕੇ| ਨਾਗਰਿਕਤਾ ਹਾਸਲ ਕਰਨ ਦੀ ਪ੍ਰਕਿਰਿਆ ਵਿਚ ਉਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਸ ਨੂੰ ਦੇਸ਼ ਨਿਕਾਲਾ ਦਾ ਕਦੇ ਹੁਕਮ ਦਿੱਤਾ ਗਿਆ ਸੀ, ਉਸ ਨੇ ਕਦੇ ਸ਼ਰਣ ਮੰਗੀ ਸੀ ਜਾਂ ਉਸ ਨੇ ਵੱਖਰੀ ਪਹਿਚਾਣ ਦੀ ਵਰਤੋਂ ਕੀਤੀ| ਸਿੰਘ ਨੇ ਅਮਰੀਕਾ ਵਿਚ ਨਾਗਰਿਕਤਾ ਹਾਸਲ ਕਰਨ ਲਈ ਅਮਰੀਕਾ ਨੂੰ ਹੀ ਚੱਕਰਾਂ ਵਿਚ ਪਾਈ ਰੱਖਿਆ| ਨਿਆਂ ਵਿਭਾਗ ਨੇ ਕਿਹਾ ਕਿ ਸਿੰਘ ਨੇ ਗ੍ਰਹਿ ਸੁਰੱਖਿਆ ਵਿਭਾਗ ਨੂੰ ਸਾਲ 2013 ਵਿਚ ਇਕ ਚਿੱਠੀ ਭੇਜ ਕੇ ਸ਼ਿਕਾਇਤ ਕੀਤੀ ਸੀ ਕਿ ਉਹ ਜਦੋਂ ਵੀ ਕਿਸੇ ਕੌਮਾਂਤਰੀ ਯਾਤਰਾ ਤੋਂ ਆਉਂਦਾ ਹੈ ਤਾਂ ਉਸ ਦੀ ਬਾਇਓਮੈਟ੍ਰਿਕ ਸੂਚਨਾ ਵਿਚ ਗੜਬੜੀ ਹੋਣ ਕਾਰਨ ਹਵਾਈ ਅੱਡੇ ਤੇ ਹਰ ਵਾਰ ਉਸ ਨੂੰ ਲੰਬੇ ਸਮੇਂ ਉਡੀਕ ਕਰਨੀ ਪੈਂਦੀ ਹੈ, ਜਿਸ ਕਾਰਨ ਉਸ ਨੂੰ  ਪਰੇਸ਼ਾਨੀ ਹੁੰਦੀ ਹੈ| ਉਸ ਨੇ ਵਿਭਾਗ ਤੋਂ ਇਨ੍ਹਾਂ ਗੜਬੜੀਆਂ ਨੂੰ ਦੂਰ ਕਰਨ ਦੀ ਬੇਨਤੀ ਕੀਤੀ ਸੀ|
ਨਾਗਰਿਕਤਾ ਹਾਸਲ ਕਰਨ ਤੋਂ ਬਾਅਦ ਇਕ ਫਿੰਗਰਪ੍ਰਿੰਟ ਦੀ ਤੁਲਨਾ ਵਿਚ ਇਹ ਪਤਾ ਲੱਗਾ ਕਿ ਜਿਸ ਵਿਅਕਤੀ (ਬਲਬੀਰ ਸਿੰਘ) ਨੂੰ ਦੇਸ਼ ਨਿਕਾਲੇ ਦਾ ਹੁਕਮ ਦਿੱਤਾ ਗਿਆ ਸੀ ਅਤੇ ਜੋ ਵਿਅਕਤੀ ਰਣਜੀਤ ਸਿੰਘ ਬਾਅਦ ਵਿਚ ਨਾਗਰਿਕ ਬਣਿਆ, ਉਹ ਦੋਵੇਂ ਇਕ ਹੀ ਹਨ| ਅਮਰੀਕਾ ਦੇ ਜ਼ਿਲਾ ਜੱਜ ਈਵਿੰਗ ਵਲੀਨ ਨੇ ਸਜ਼ਾ ਸੁਣਾਉਣ ਲਈ 13 ਅਕਤੂਬਰ ਦੀ ਤਰੀਕ ਤੈਅ ਕੀਤੀ ਹੈ|

Leave a Reply

Your email address will not be published. Required fields are marked *