ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਮੀਡੀਆ ਵਿਚਕਾਰ ਗਲਤਫਹਿਮੀ

ਅਮਰੀਕਾ ਦੇ ਕਰੀਬ ਸਾਢੇ ਤਿੰਨ ਸੌ ਅਖਬਾਰਾਂ ਨੇ ਬੀਤੇ ਦਿਨੀਂ ਸੰਪਾਦਕੀ ਲਿਖ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੀਡੀਆ ਵਿਰੋਧੀ ਬਿਆਨਾਂ ਦੀ ਆਲੋਚਨਾ ਕੀਤੀ| ਇਹਨਾਂ ਅਖਬਾਰਾਂ ਨੇ ਪ੍ਰੈਸ ਦੀ ਆਜ਼ਾਦੀ ਦੀ ਰੱਖਿਆ ਕਰਨ ਦਾ ਵਾਅਦਾ ਵੀ ਕੀਤਾ| ਟਰੰਪ ਨੇ ਹਾਲ ਵਿੱਚ ਕੁੱਝ ਮੀਡੀਆ ਵਿਰੋਧੀ ਟਿੱਪਣੀਆਂ ਕੀਤੀਆਂ ਸਨ, ਜੋ ਮੀਡੀਆ ਸੰਸਥਾਨਾਂ ਨੂੰ ਆਲੋਚਨਾਤਮਕ ਲੱਗੀਆਂ ਸਨ| ਤਮਾਮ ਸੰਸਥਾਵਾਂ ਨੇ ਇਸ ਤੇ ਆਪਣਾ ਵਿਰੋਧ ਜ਼ਾਹਿਰ ਕਰਨ ਲਈ ਅਮਰੀਕੀ ਰਾਸ਼ਟਰਪਤੀ ਦੇ ਖਿਲਾਫ ਸਮੂਹਿਕ ਰੂਪ ਨਾਲ ਸੰਪਾਦਕੀ ਲਿਖਣ ਦਾ ਫੈਸਲਾ ਕੀਤਾ| ਇਸਦੀ ਅਗਵਾਈ ਬੋਸਟਨ ਗਲੋਬ ਨਾਮ ਦੇ ਅਖਬਾਰ ਨੇ ਕੀਤੀ| ਸ਼ੁਰੂ ਵਿੱਚ 100 ਅਖਬਾਰ ਇਸਦੇ ਨਾਲ ਆਏ ਅਤੇ ਸੰਪਾਦਕੀ ਲਿਖਣ ਲਈ 16 ਅਗਸਤ ਦੀ ਤਾਰੀਖ ਤੈਅ ਕੀਤੀ ਗਈ| ਪਰ 16 ਤਾਰੀਖ ਆਉਂਦੇ – ਆਉਂਦੇ 343 ਅਖਬਾਰ ਇਸ ਮੁਹਿੰਮ ਨਾਲ ਜੁੜ ਗਈਆਂ| ਇਹ ਅਖਬਾਰ ਮਿਲ ਕੇ ਸੰਯੁਕਤ ਰਾਸ਼ਟਰ ਅਮਰੀਕਾ ਦੇ ਪੂਰੇ 50 ਰਾਜਾਂ ਨੂੰ ਕਵਰ ਕਰਦੇ ਹਨ| ਬੋਸਟਨ ਗਲੋਬ ਨੇ ਆਪਣੇ ਸੰਪਾਦਕੀ ਵਿੱਚ ਟਰੰਪ ਤੇ ਇਲਜ਼ਾਮ ਲਗਾਇਆ ਕਿ ਉਹ ਪ੍ਰੈਸ ਦੀ ਆਜ਼ਾਦੀ ਤੇ ਲਗਾਤਾਰ ਹਮਲਾ ਕਰ ਰਹੇ ਹਨ|
ਨਿਊਯਾਰਕ ਟਾਈਮਸ ਨੇ ਕਿਹਾ ਕਿ ਕਿਸੇ ਖਬਰ ਨੂੰ ਘੱਟ ਜਾਂ ਜ਼ਿਆਦਾ ਮਹੱਤਵ ਦੇਣ ਜਾਂ ਕਿਸੇ ਖਬਰ ਵਿੱਚ ਗਲਤੀ ਹੋਣ ਦੀ ਨਿੰਦਿਆ ਕਰਨ ਦਾ ਸਾਰਿਆ ਨੂੰ ਅਧਿਕਾਰ ਹੈ| ਰਿਪੋਰਟਰ ਅਤੇ ਸੰਪਾਦਕ ਵੀ ਇਨਸਾਨ ਹਨ ਅਤੇ ਗਲਤੀ ਕਰ ਸਕਦੇ ਹਨ| ਇਨ੍ਹਾਂ ਨੂੰ ਸੁਧਾਰਨਾ ਸਾਡਾ ਮੁੱਖ ਕੰਮ ਹੈ| ਪਰ ਜਿਸਨੂੰ ਤੁਸੀਂ ਪਸੰਦ ਨਹੀਂ ਕਰਦੇ,ਉਸਨੂੰ ਫੇਕ ਨਿਊਜ ਕਹਿਣਾ ਲੋਕਤੰਤਰ ਲਈ ਗਲਤ ਹੈ| ਅਸਲ ਵਿੱਚ ਟਰੰਪ ਨੇ ਕੁੱਝ ਖਬਰਾਂ ਨੂੰ ਫੇਕ ਨਿਊਜ ਦੱਸਿਆ ਸੀ| ਉਸ ਤੋਂ ਬਾਅਦ ਕੁੱਝ ਪੱਤਰਕਾਰਾਂ ਨਾਲ ਬਦਸਲੂਕੀ ਦੀਆਂ ਘਟਨਾਵਾਂ ਵੀ ਵਾਪਰੀਆਂ ਜਿਸਦੇ ਨਾਲ ਮੀਡੀਆ ਵਿੱਚ ਇਹ ਧਾਰਨਾ ਬਣੀ ਕਿ ਪੱਤਰਕਾਰਾਂ ਨਾਲ ਗਲਤ ਵਿਵਹਾਰ ਕਰਨ ਵਾਲਿਆਂ ਨੂੰ ਟਰੰਪ ਦੀ ਸ਼ਹਿ ਮਿਲ ਰਹੀ ਹੈ|
ਬਹਿਰਹਾਲ ਕਾਰਜ ਪਾਲਿਕਾ ਅਤੇ ਮੀਡੀਆ ਵਿੱਚ ਇਹ ਅਵਿਸ਼ਵਾਸ ਚੰਗੀ ਗੱਲ ਨਹੀਂ ਹੈ| ਇੱਕ ਲੋਕੰਤਤਰ ਵਿਵਸਥਾ ਵਿੱਚ ਦੋਵਾਂ ਨੂੰ ਇੱਕ-ਦੂਜੇ ਦੀ ਜ਼ਰੂਰਤ ਹੈ| ਅਮਰੀਕੀ ਲੋਕਤੰਤਰ ਨੇ ਪੂਰੇ ਸੰਸਾਰ ਨੂੰ ਰੌਸ਼ਨੀ ਵਿਖਾਉਣ ਦਾ ਕੰਮ ਕੀਤਾ ਹੈ| ਉੱਥੇ ਨਾਗਰਿਕਾਂ ਨੂੰ ਬੋਲਣ ਦੀ ਜਿੰਨੀ ਅਜਾਦੀ ਮਿਲੀ ਹੋਈ ਹੈ, ਉਸਨੂੰ ਪਾਉਣਾ ਅਨੇਕ ਦੇਸ਼ਾਂ ਦਾ ਸੁਫ਼ਨਾ ਹੈ| ਇਹੀ ਗੱਲ ਮੀਡੀਆ ਲਈ ਵੀ ਕਹੀ ਜਾ ਸਕਦੀ ਹੈ| ਉੱਥੇ ਪ੍ਰੈਸ ਦੀ ਜੋ ਹੈਸੀਅਤ ਹੈ, ਉਹ ਹੁਣ ਵੀ ਅਨੇਕ ਰਾਸ਼ਟਰਾਂ ਵਿੱਚ ਮੀਡੀਆ ਨੂੰ ਨਹੀਂ ਹਾਸਲ ਹੋ ਸਕੀ ਹੈ|
ਅਮਰੀਕਾ ਜਿਨ੍ਹਾਂ ਚੀਜਾਂ ਲਈ ਸੰਸਾਰ ਦਾ ਆਦਰਸ਼ ਹੈ, ਉਨ੍ਹਾਂ ਵਿੱਚ ਉਸਦਾ ਮੀਡੀਆ ਵੀ ਹੈ| ਅਜਿਹਾ ਨਹੀਂ ਮੰਨਿਆ ਜਾ ਸਕਦਾ ਕਿ ਟਰੰਪ ਨੂੰ ਇਹ ਗੱਲਾਂ ਪਤਾ ਨਹੀਂ ਹਨ ਜਾਂ ਉਹ ਇਹਨਾਂ ਚੀਜਾਂ ਦੀ ਪਰਵਾਹ ਨਹੀਂ ਕਰਦੇ| ਪ੍ਰੈਸ ਦੀਆਂ ਕੁੱਝ ਚੀਜਾਂ ਨਾਲ ਉਨ੍ਹਾਂ ਦੀ ਨਾਰਾਜਗੀ ਜਰੂਰ ਹੋ ਸਕਦੀ ਹੈ, ਪਰ ਪ੍ਰੈਸ ਦੀ ਅਜਾਦੀ ਦੀ ਕਿਸੇ ਤਰ੍ਹਾਂ ਉਲੰਘਣਾ ਹੋਵੇ, ਅਜਿਹੀ ਇੱਛਾ ਉਨ੍ਹਾਂ ਦੀ ਵੀ ਨਹੀਂ ਹੋਵੇਗੀ|
ਸਭ ਤੋਂ ਵੱਡੀ ਗੱਲ ਇਹ ਕਿ ਜਿਨ੍ਹਾਂ ਨਾਗਰਿਕਾਂ ਨੇ ਉਨ੍ਹਾਂ ਨੂੰ ਚੁਣਿਆ ਹੈ ਅਤੇ ਸਿਰ-ਅੱਖਾਂ ਤੇ ਬਿਠਾਇਆ ਹੈ, ਉਹ ਵੀ ਨਹੀਂ ਚਾਹੁਣਗੇ ਕਿ ਮੀਡੀਆ ਤੇ ਕਿਸੇ ਤਰ੍ਹਾਂ ਦੀ ਬੰਦਸ਼ ਲੱਗੇ| ਉਮੀਦ ਕੀਤੀ ਜਾਣੀ ਚਾਹੀਦੀ ਕਿ ਰਾਸ਼ਟਰਪਤੀ ਅਤੇ ਮੀਡੀਆ ਦੇ ਵਿਚਾਲੇ ਜੋ ਵੀ ਗਲਤਫਹਮੀ ਪੈਦਾ ਹੋ ਗਈ ਹੈ ਉਹ ਛੇਤੀ ਹੀ ਦੂਰ ਕਰ ਲਈ ਜਾਵੇਗੀ ਅਤੇ ਰਿਸ਼ਤਿਆਂ ਦੀ ਇਹ ਕੁੜੱਤਣ ਖਤਮ ਹੋਵੇਗੀ|
ਅਨਿਲ ਕੁਮਾਰ

Leave a Reply

Your email address will not be published. Required fields are marked *