ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ ਜੀ-7 ਸਿਖਰ ਸੰਮੇਲਨ ਵਿੱਚ ਕੀਤਾ ਦੁਰਵਿਵਹਾਰ

ਕੈਨੇਡਾ ਦੇ ਕਿਊਬੇਕ ਵਿੱਚ ਹੋਏ ਜੀ – 7 ਦੇਸ਼ਾਂ ਦੇ ਸਿਖਰ ਸਮੇਲਨ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਨੀਆ ਦੇ ਇਸ ਸਭ ਤੋਂ ਅਮੀਰ ਮੰਚ ਤੇ ਖਲਬਲੀ ਪੈਦਾ ਕਰ ਦਿੱਤੀ ਹੈ| ਹਾਲਾਂਕਿ ਇਸਦੇ ਬਾਕੀ ਛੇ ਮੈਂਬਰਾਂ ਵਿੱਚ ਅਮਰੀਕਾ ਦੇ ਪ੍ਰਤੀ ਨਾਰਾਜਗੀ ਪਹਿਲਾਂ ਤੋਂ ਹੀ ਸੀ| ਸ਼ੁਰੂ ਵਿੱਚ ਲੱਗ ਰਿਹਾ ਸੀ ਕਿ ਟਰੰਪ ਇਸ ਸੰਮੇਲਨ ਵਿੱਚ ਹਿੱਸਾ ਹੀ ਨਹੀਂ ਲੈਣਗੇ| ਉਨ੍ਹਾਂ ਨੇ ਇਸ ਵਿੱਚ ਹਿੱਸਾ ਤਾਂ ਲਿਆ ਪਰੰਤੂ ਇਸਪਾਤ ਅਤੇ ਐਲੀਉਮਿਨਿਅਮ ਦੇ ਆਯਾਤ ਤੇ ਨਵੇਂ ਟੈਕਸ ਲਗਾਉਣ ਦਾ ਐਲਾਨ ਵੀ ਕਰ ਦਿੱਤਾ| ਇੰਨਾ ਹੀ ਨਹੀਂ, ਟਰੰਪ ਨੇ ਇੱਥੇ ਇੱਕ ਨਿਜੀ ਗੱਲਬਾਤ ਨੂੰ ਜਨਤਕ ਕਰਦੇ ਹੋਏ ਭਾਰਤੀ ਪ੍ਰਧਾਨ ਮੰਤਰੀ ਦਾ ਮਜਾਕ ਉੜਾਇਆ, ਜਿਸ ਵਿੱਚ ਫੋਨ ਕਰਕੇ ਉਨ੍ਹਾਂ ਨੂੰ ਮੋਟਰਸਾਈਕਲ ਤੇ ਲੱਗਣ ਵਾਲੀ ਇੰਪੋਰਟ ਡਿਊਟੀ ਅੱਧੀ ਕਰ ਦੇਣ ਦੀ ਸੂਚਨਾ ਦਿੱਤੀ ਗਈ ਸੀ| ਦੋ ਦੇਸ਼ਾਂ ਦੇ ਵਿਚਾਲੇ ਹੋਣ ਵਾਲੇ ਵਪਾਰ ਵਿੱਚ ਇੱਕ ਸਮਾਨ ਟੈਕਸ ਦੀ ਵਕਾਲਤ ਕਰਦੇ ਹੋਏ ਟਰੰਪ ਨੇ ਇੱਥੇ ਤੱਕ ਕਹਿ ਦਿੱਤਾ ਕਿ ਹਰ ਕੋਈ ਅਮਰੀਕਾ ਨੂੰ ਲੁੱਟ ਰਿਹਾ ਹੈ ਅਤੇ ਅਜਿਹਾ ਹੀ ਹੁੰਦਾ ਰਿਹਾ ਤਾਂ ਅਮਰੀਕਾ ਅਜਿਹੇ ਸਾਰੇ ਦੇਸ਼ਾਂ ਨਾਲ ਵਪਾਰ ਰੋਕ ਦੇਵੇਗਾ| ਆਪਣੀ ਗੱਲ ਪੂਰੀ ਕਰਕੇ ਟਰੰਪ ਅੱਧ ਵਿੱਚ ਹੀ ਸੰਮੇਲਨ ਛੱਡ ਕੇ ਚਲੇ ਗਏ| ਜੀ – 7 ਸਿਖਰ ਸੰਮੇਲਨ ਦਾ ਪ੍ਰਸਤਾਵ ਉਨ੍ਹਾਂ ਦੇ ਜਾਣ ਤੋਂ ਬਾਅਦ ਪਾਸ ਹੋਇਆ, ਜਿਸਨੂੰ ਪੜ੍ਹਦੇ ਹੀ ਟਰੰਪ ਭੜਕ ਉਠੇ ਅਤੇ ਆਪਣੇ ਟਵੀਟ ਵਿੱਚ ਦੋਸ਼ਾਂ ਦੀ ਝੜੀ ਲਗਾ ਦਿੱਤੀ| ਇਸਤੋਂ ਬਾਅਦ ਤਾਂ ਪੂਰਾ ਮਾਹੌਲ ਹੀ ਸਖਤ ਹੋ ਗਿਆ| ਜਰਮਨੀ, ਫ਼ਰਾਂਸ ਅਤੇ ਕੈਨੇਡਾ ਨੇ ਟਰੰਪ ਦੇ ਵਿਵਹਾਰ ਨੂੰ ਬਚਕਾਨਾ ਦੱਸਦੇ ਹੋਏ ਉਨ੍ਹਾਂ ਦੀਆਂ ਹਰਕਤਾਂ ਦਾ ਸਖਤ ਵਿਰੋਧ ਸ਼ੁਰੂ ਕਰ ਦਿੱਤਾ| ਜਰਮਨੀ ਦੀ ਚਾਂਸਲਰ ਏਜੇਲਾ ਮਾਰਕੇਲ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਕਿ ਯੂਰਪ ਨੂੰ ਹੁਣ ਆਪਣੀ ਕਿਸਮਤ ਆਪਣੇ ਹੱਥ ਵਿੱਚ ਲੈਣੀ ਪਵੇਗੀ| ਜੀ – 7 ਦੇਸ਼ਾਂ ਦੇ ਸੰਮੇਲਨ ਵਿੱਚ ਟਰੰਪ ਨੇ ਜੋ ਵਿਵਹਾਰ ਕੀਤਾ, ਉਸਦੇ ਪਿੱਛੇ ਦੋ ਗੱਲਾਂ ਬਿਲਕੁਲ ਸਾਫ ਹਨ| ਪਹਿਲੀ, ਅਮਰੀਕਾ ਦੀ ਜੀਡੀਪੀ ਡਿੱਗਣ ਦਾ ਅਨੁਮਾਨ ਅਤੇ ਦੂਜੀ, ਇਸ ਸਾਲ ਅਮਰੀਕਾ ਵਿੱਚ ਹੋਣ ਵਾਲੀਆਂ ਮੱਧ ਵਰਤੀ ਚੋਣਾਂ, ਜਿਨ੍ਹਾਂ ਵਿੱਚ ਉੱਥੇ ਦੀ ਲਗਭਗ ਅੱਧੀ ਸੰਸਦ ਚੁਣੀ ਜਾਣੀ ਹੈ| ਜੀਡੀਪੀ ਸੁਧਾਰਣ ਲਈ ਟਰੰਪ ਨੇ ਪੈਰਿਸ ਵਿੱਚ ਜਲਵਾਯੂ ਸੰਧੀ ਅਤੇ ਇਰਾਨ ਨਾਲ ਹੋਈ ਡੀਲ ਤੋੜੀ, ਨਾਟੋ ਦਾ ਬਜਟ ਘੱਟ ਕੀਤਾ ਅਤੇ ਚੀਨ ਅਤੇ ਯੂਰਪ ਦੇ ਨਾਲ ਸੀਮਾ ਕਰ ਨੂੰ ਲੈ ਕੇ ਯੁੱਧ ਕੀਤਾ| ਇਸਦਾ ਫਾਇਦਾ ਵੀ ਦਿਖਿਆ ਅਤੇ ਪਿਛਲੇ ਸਾਲ ਅਮਰੀਕਾ ਦੀ ਜੀਡੀਪੀ 3.5 ਫੀਸਦੀ ਪਾਰ ਕਰਦੀ ਦਿਖੀ| ਪਰੰਤੂ ਉਸ ਤੋਂ ਬਾਅਦ ਤੋਂ ਇਸਦੇ ਹੌਲੀ ਪੈਣ ਦਾ ਰੁਝਾਨ ਦੇਖਿਆ ਜਾ ਰਿਹਾ ਹੈ| ਇਹ ਸਿਲਸਿਲਾ ਜਾਰੀ ਰਿਹਾ ਤਾਂ ਨਵੰਬਰ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਵੀ ਇਸਦਾ ਅਸਰ ਸਾਫ਼ ਦਿਖੇਗਾ| ਜਾਹਿਰ ਹੈ, ਟਰੰਪ ਹਾਰਨਾ ਨਹੀਂ ਚਾਹੁੰਦੇ, ਪਰੰਤੂ ਜੀ-7 ਦੇ ਮੰਚ ਨਾਲ ਉਨ੍ਹਾਂ ਨੂੰ ਅੰਦਾਜਾ ਹੋ ਗਿਆ ਹੋਵੇਗਾ ਕਿ ਹਾਰਨਾ ਤਾਂ ਬਾਕੀ ਲੋਕ ਵੀ ਨਹੀਂ ਚਾਹੁੰਦੇ|
ਜਸਵੰਤ ਰਾਏ

Leave a Reply

Your email address will not be published. Required fields are marked *