ਅਮਰੀਕੀ ਸੰਸਦ ਦਾ ਫੈਸਲਾ, ਕੁੱਤੇ ਅਤੇ ਬਿੱਲੀ ਖਾਣ ਉਤੇ ਲਗਾਈ ਪਾਬੰਦੀ

ਵਾਸ਼ਿੰਗਟਨ , 13 ਸਤੰਬਰ (ਸ.ਬ.) ਅਮਰੀਕੀ ਸਦਨ ਨੇ ਬੀਤੇ ਦਿਨੀਂ ਇਕ ਬਿੱਲ ਨੂੰ ਪਾਸ ਕੀਤਾ ਹੈ, ਜਿਸ ਦੇ ਤਹਿਤ ਇਨਸਾਨਾਂ ਦੇ ਭੋਜਨ ਲਈ ਕੁੱਤਿਆਂ ਅਤੇ ਬਿੱਲੀਆਂ ਦੇ ਕਤਲ ਕਰਨ ਉਤੇ ਰੋਕ ਲਗਾਈ ਜਾਵੇਗੀ| ਕੁੱਤਾ ਅਤੇ ਬਿੱਲੀ ਮਾਸ ਵਪਾਰਕ ਰੋਕਥਾਮ ਕਾਨੂੰਨ 2018 ਦੀ ਉਲੰਘਣਾ ਕਰਨ ਉਤੇ 5,000 ਅਮਰੀਕੀ ਡਾਲਰ ਦਾ ਜੁਰਮਾਨਾ ਲਾਇਆ ਜਾਵੇਗਾ| ਇਕ ਹੋਰ ਪ੍ਰਸਤਾਵ ਵਿਚ ਸਦਨ ਨੇ ਚੀਨ, ਦੱਖਣੀ ਕੋਰੀਆ ਅਤੇ ਭਾਰਤ ਸਮੇਤ ਸਾਰੇ ਦੇਸ਼ਾਂ ਨੂੰ ਕੁੱਤਿਆਂ ਅਤੇ ਬਿੱਲੀਆਂ ਦੇ ਮਾਸ ਦਾ ਵਪਾਰ ਬੰਦ ਕਰਨ ਦੀ ਬੇਨਤੀ ਕੀਤੀ ਹੈ| ਕਾਂਗਰਸ ਮੈਂਬਰ ਕਲਾਊਡੀਆ ਟੇਨੀ ਨੇ ਕਿਹਾ ਕਿ ਕੁੱਤੇ ਅਤੇ ਬਿੱਲੀ ਸਾਥੀ ਅਤੇ ਮਨੋਰੰਜਨ ਲਈ ਹੁੰਦੇ ਹਨ| ਬਦਕਿਸਮਤੀ ਨਾਲ ਚੀਨ ਵਿਚ ਹਰ ਸਾਲ ਇਨਸਾਨ ਦੇ ਭੋਜਨ ਲਈ ਇਕ ਕਰੋੜ ਵਧੇਰੇ ਕੁੱਤਿਆਂ ਨੂੰ ਮਾਰ ਦਿੱਤਾ ਜਾਂਦਾ ਹੈ| ਉਨ੍ਹਾਂ ਨੇ ਅੱਗੇ ਕਿਹਾ, ”ਇਨ੍ਹਾਂ ਚੀਜ਼ਾਂ ਲਈ ਸਾਡੇ ਸਮਾਜ ਵਿਚ ਕੋਈ ਥਾਂ ਨਹੀਂ ਹੈ| ਇਹ ਬਿੱਲ ਅਮਰੀਕਾ ਦੀਆਂ ਕਦਰਾਂ-ਕੀਮਤਾਂ ਨੂੰ ਪ੍ਰਤੀਬਿੰਬਤ ਕਰਦਾ ਹੈ ਅਤੇ ਸਾਰੇ ਦੇਸ਼ਾਂ ਨੂੰ ਇਕ ਸਖਤ ਸੰਦੇਸ਼ ਦਿੰਦਾ ਹੈ ਕਿ ਅਸੀਂ ਇਸ ਅਣਮਨੁੱਖੀ ਅਤੇ ਬੇਰਹਿਮੀ ਭਰੇ ਵਤੀਰੇ ਦਾ ਕਦੇ ਵੀ ਸਾਥ ਨਹੀਂ ਦੇਵਾਂਗੇ|
ਪ੍ਰਸਤਾਵ ਵਿਚ ਚੀਨ, ਦੱਖਣੀ ਕੋਰੀਆ, ਵੀਅਤਨਾਮ, ਥਾਈਲੈਂਡ, ਫਿਲਪੀਨਜ਼, ਇੰਡੋਨੇਸ਼ੀਆ, ਕੰਬੋਡੀਆ, ਲਾਓਸ, ਭਾਰਤ ਅਤੇ ਹੋਰ ਦੇਸ਼ਾਂ ਦੀਆਂ ਸਰਕਾਰਾਂ ਨੂੰ ਕੁੱਤਿਆਂ ਅਤੇ ਬਿੱਲੀਆਂ ਦੇ ਮਾਸ ਦੇ ਵਪਾਰ ਉਤੇ ਪਾਬੰਦੀ ਲਾਉਣ ਵਾਲੇ ਕਾਨੂੰਨਾਂ ਨੂੰ ਅਪਣਾਉਣ ਅਤੇ ਉਸ ਨੂੰ ਲਾਗੂ ਕਰਨ ਦੀ ਬੇਨਤੀ ਕੀਤੀ ਗਈ ਹੈ|

Leave a Reply

Your email address will not be published. Required fields are marked *