ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਪ੍ਰਭਾਤ ਫੇਰੀ ਦਾ ਆਯੋਜਨ


ਐਸ ਏ ਐਸ ਨਗਰ,1 ਦਸੰਬਰ (ਸ.ਬ.) ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਬੁੱਢਾ ਦਲ ਦੇ ਸੱਤਵੇਂ ਜੱਥੇਦਾਰ  ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਵਿਸ਼ਾਲ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਗਿਆ| ਇਹ ਪ੍ਰਭਾਤ ਫੇਰੀ ਨਿੱਤਨੇਮ ਦੀ ਅਰਦਾਸ ਉਪਰੰਤ ਸਵੇਰੇ 5:30 ਵਜੇ ਅਰੰਭ ਹੋ ਕੇ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ  ਦੇ ਅਸਥਾਨ ਹੰਸਾਲੀ ਖੇੜਾ (ਫਤਹਿਗੜ੍ਹ ਸਾਹਿਬ) ਵਿਖੇ  ਸਮਾਪਤ ਹੋਈ|  ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੇ ਉਚੇਚੇ ਤੌਰ ਤੇ ਪ੍ਰਭਾਤ  ਫੇਰੀ ਵਿੱਚ ਆਉਣ ਵਾਲੀਆਂ ਸੰਗਤਾਂ ਦੇ ਦਰਸ਼ਨ ਕੀਤੇ|
ਇਸ ਪ੍ਰਭਾਤ ਫੇਰੀ ਵਿੱਚ ਸੰਗਤ ਵਲੋਂ ਬੱਸਾਂ, ਕਾਰਾਂ, ਟਰੱਕਾਂ, ਟਰੈਕਟਰ-ਟਰਾਲੀਆਂ, ਸਕੂਟਰਾਂ, ਮੋਟਰਸਾਈਕਲਾਂ ਰਾਹੀਂ ਸ਼ਮੂਲੀਅਤ ਕੀਤੀ ਗਈ| ਪ੍ਰਭਾਤ ਫੇਰੀ ਵਿੱਚ ਕੀਰਤਨੀ ਜੱਥੇ ਕੀਰਤਨ ਕਰਕੇ ਸੰਗਤਾਂ ਨੂੰ ਹਰਿ ਜਸ ਸਰਵਣ ਕਰਵਾ ਰਹੇ ਸਨ| ਰਸਤੇ ਵਿੱਚ ਸੰਗਤਾਂ ਵੱਲੋਂ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ|
ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ  2 ਦਸੰਬਰ ਨੂੰ ਇਸ ਅਸਥਾਨ ਤੇ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ  ਉਤਸ਼ਾਹ ਪੂਰਵਕ ਮਨਾਇਆ ਜਾ ਰਿਹਾ ਹੈ| ਇਸ ਸੰਬੰਧੀ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ  ਉਪਰੰਤ ਭਾਈ ਮਹਿਲ ਸਿੰਘ  ਦਾ ਇੰਟਰਨੈਸ਼ਨਲ ਕਵੀਸ਼ਰੀ ਜੱਥਾ, ਬੀਬੀ ਦਲੇਰ ਕੌਰ ਖਾਲਸਾ ਪੰਡੋਰੀ ਖਾਸ ਵਾਲਿਆਂ ਦਾ ਇੰਟਰਨੈਸ਼ਨਲ ਦਾ ਪੰਥਕ ਢਾਡੀ ਜੱਥਾ, ਭਾਈ ਗੁਰਪ੍ਰੀਤ ਸਿੰਘ ਦਾ ਇੰਨਟਰਨੇਸ਼ਨਲ ਪੰਥਕ ਢਾਡੀ ਜੱਥਾ, ਭਾਈ ਓਂਕਾਰ ਸਿੰਘ  ਊਨਾ ਵਾਲੇ, ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ  ਸ੍ਰੀ ਫਤਿਹਗੜ੍ਹ ਸਾਹਿਬ ਵਾਲੇ, ਭਾਈ ਬੰਤਾ ਸਿੰਘ  ਭਾਈ ਬਿਧੀ ਚੰਦ  ਸੰਪ੍ਰਦਾਇ             ਵਾਲੇ, ਭਾਈ ਪਿੰਦਰਪਾਲ ਸਿੰਘ  ਲੁਧਿਆਣੇ ਵਾਲੇ ਅਤੇ ਉੱਚ ਕੋਟੀ ਦੇ ਪੰਥ ਪ੍ਰਸਿੱਧ ਪ੍ਰਚਾਰਕ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕਰਨਗੇ | ਇਸ ਦਿਨ  ਖੂਨਦਾਨ ਕੈਂਪ ਦਾ ਆਯੋਜਨ ਸਵੇਰੇ 8:00 ਵਜੇ ਤੋਂ ਸ਼ਾਮ 6:00 ਵਜੇ ਤੱਕ ਕੀਤਾ ਜਾਵੇਗਾ| ਗੁਰੂ ਕਾ ਲੰਗਰ ਸਾਰਾ ਦਿਨ ਅਤੁੱਟ ਵਰਤਾਇਆ ਜਾਵੇਗਾ|

Leave a Reply

Your email address will not be published. Required fields are marked *