ਅਮਿੱਟ ਯਾਦਾਂ ਛੱਡਦਾ ਰੰਧਾਵਾ ਕਲਾ ਤੇ ਸਾਹਿਤ ਉਤਸਵ ਹੋਇਆ ਸਮਾਪਤ

ਚੰਡੀਗੜ੍ਹ, 9 ਫਰਵਰੀ (ਸ.ਬ.) ਪੰਜਾਬ ਕਲਾ ਪ੍ਰੀਸ਼ਦ ਵੱਲੋਂ ਕਰਵਾਇਆ ਗਿਆ ਸੱਤ ਰੋਜ਼ਾ ਡਾ. ਮਹਿੰਦਰ ਸਿੰਘ ਰੰਧਾਵਾ ਕਲਾ ਤੇ ਸਾਹਿਤ ਉਤਸਵ ਸਾਹਿਤ, ਕਲਾ, ਸੱਭਿਆਚਾਰ ਤੇ ਵਿਰਾਸਤੀ ਪੁਨਰ ਜਾਗ੍ਰਿਤੀ ਦੇ ਸੱਦੇ ਨਾਲ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ| ਬੀਤੀ ਦੇਰ ਸ਼ਾਮ ਸੰਪੰਨ ਹੋਏ ਉਤਸਵ ਦੀ ਸਮਾਪਤੀ ਤੇ ਪ੍ਰਸਿੱਧ ਲੋਕ ਗਾਇਕਾ ਗੁਰਮੀਤ ਬਾਵਾ ਅਤੇ ਉਸ ਦੀਆਂ ਧੀਆਂ ਲਾਚੀ ਤੇ ਗਲੋਰੀ ਵੱਲੋਂ ਪੇਸ਼ ਕੀਤਾ ਲੋਕ ਗਾਇਕੀ ਦਾ ਰੰਗ ਪ੍ਰੋਗਰਾਮ ਦਾ ਸਿਖਰ ਹੋ ਨਿਬੜਿਆ| ਗੁਰਮੀਤ ਬਾਵਾ ਵੱਲੋਂ 30 ਸਕਿੰਟਾਂ ਤੋਂ ਉਮਰ ਸਮੇਂ ਦੀ ਲਗਾਈ ਉਚੀ ਹੇਕ ਨਾਲ ਪੇਸ਼ ਕੀਤੀ ‘ਜੁਗਨੀ’ ਅਤੇ ਲਾਚੀ ਤੇ ਗਲੋਰੀ ਵੱਲੋਂ ਪੇਸ਼ ਕੀਤੇ ‘ਮਿੱਟੀ ਦਾ ਬਾਵਾ’ ਨਾਲ ਰੰਧਾਵਾ ਆਡੀਟੋਰੀਅਮ ਝੂਮ ਉਠਿਆ|
ਸੱਤ ਰੋਜ਼ਾ ਰੰਧਾਵਾ ਕਲਾ ਤੇ ਸਾਹਿਤ ਉਤਸਵ ਦੀ ਸਮਾਪਤੀ ਤੇ ਬੋਲਦਿਆਂ ਉਘੇ ਸਾਹਿਤਕਾਰ ਤੇ ਸੀਨੀਅਰ ਪੱਤਰਕਾਰ ਗੁਲਜ਼ਾਰ ਸਿੰਘ ਸੰਧੂ ਨੇ ਕਿਹਾ 40 ਵਰ੍ਹੇ ਪਹਿਲਾਂ ਉਨ੍ਹਾਂ ਗੁਰਮੀਤ ਬਾਵਾ ਨੂੰ ਸੁਣਿਆ ਸੀ ਅਤੇ ਅੱਜ ਵੀ ਉਸ ਦੀ ਆਵਾਜ਼ ਦਾ ਜਾਦੂ ਕਾਇਮ ਹੈ| ਉਨ੍ਹਾਂ ਮੇਲੇ ਦੇ ਸਫਲ ਪ੍ਰਬੰਧਨ ਲਈ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਉਤਸਵ ਨਿਰੰਤਰ ਮਨਾਉਂਦੇ ਰਹਿਣੇ ਚਾਹੀਦੇ ਹਨ| ਉਤਸਵ ਦੇ ਸੱਤੇ ਦਿਨ ਹਾਜ਼ਰੀ ਭਰਨ ਵਾਲੇ ਗੁਲਜ਼ਾਰ ਸਿੰਘ ਸੰਧੂ ਨੇ ਸਮਾਪਤੀ ਤੇ ਲੋਕ ਬੋਲੀ ‘ਅੱਧੀ ਮੰਜੀ ਛੱਡ ਮਿੱਤਰਾਂ, ਮੇਰਾ ਨਰਮ ਕਾਲਜਾ ਧੜਕੇ’ ਪਾਈ ਜਿਸ ਦਾ ਸਭ ਨੇ ਦਿਲ ਟੁੰਬਿਆ|
ਇਸ ਤੋਂ ਪਹਿਲਾਂ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ.ਸੁਰਜੀਤ ਪਾਤਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਸੱਤ ਰੋਜ਼ਾ ਮੇਲਾ ਪੰਜਾਬ ਵਿੱਚ ਸੱਭਿਆਚਾਰਕ, ਸਾਹਿਤਕ ਤੇ ਵਿਰਾਸਤੀ ਲਹਿਰ ਦੀ ਸ਼ੁਰੂਆਤ ਹੈ| ਉਨ੍ਹਾਂ ਕਿਹਾ ਕਿ ਪੰਜਾਬ ਦੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਜੋ ਸੁਫਨਾ ਲਿਆ ਹੈ ਉਸ ਨੂੰ ਪੂਰਾ ਕਰਨ ਲਈ ਅਜਿਹੇ ਮੇਲੇ ਹੁਣ ਪੰਜਾਬ ਦੇ ਪਿੰਡ-ਪਿੰਡ ਲਗਾਏ ਜਾਣਗੇ| ਡਾ.ਪਾਤਰ ਨੇ ਜੈਪੁਰ ਲਿਟਰੇਚਰ ਫੈਸਟੀਵਲ, ਕੰਲੋਬੀਆ ਕਾਵਿ ਸੰਮੇਲਨ ਦੀਆਂ ਉਦਾਹਰਨਾਂ ਪੇਸ਼ ਕਰਦਿਆਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਹੁਣ ਸਾਹਿਤਕ ਮੇਲਿਆਂ ਲਈ ਵੀ ਲੋਕ ਜੁੜਨ ਲੱਗੇ ਹਨ|
ਉਤਸਵ ਦੀ ਸਮਾਪਤੀ ਦੀ ਸ਼ਾਮ ਗੁਰਮੀਤ ਬਾਵਾ ਅਤੇ ਉਸ ਦੀਆਂ ਧੀਆਂ ਲਾਚੀ ਤੇ ਗਲੋਰੀ ਨੇ ਖੂਬ ਰੰਗ ਬੰਨ੍ਹਿਆ| ਸੈਫਉਲ ਮਲੂਕ ਤੋਂ ਪ੍ਰੋਗਰਾਮ ਦੀ ਸੁਰੂਆਤ ਕਰ ਕੇ ਸ਼ਗਨਾਂ ਦੇ ਗੀਤ ਗਾਏ ਅਤੇ ਫੇਰ ‘ਜੁਗਨੀ’, ‘ਮਿੱਟੀ ਦਾ ਬਾਵਾ’ ਗਾਇਆ| ਬੋਲੀਆਂ ਤੇ ਪੂਰਾ ਰੰਧਾਵਾ ਆਡੀਟੋਰੀਅਮ ਨੱਚ ਉੱਠਿਆ ਅਤੇ ਅੰਤ ਵਿੱਚ ਦਰਸ਼ਕਾਂ ਦੀ ਮੰਗ ਤੇ ਬਾਵਾ ਮਾਵਾਂ ਧੀਆਂ ਨੇ ਬੁਲੰਦ ਆਵਾਜ਼ ਵਿੱਚ ‘ਮਿਰਜ਼ਾ’ ਗਾਇਆ| ਗੁਲਜ਼ਾਰ ਸਿੰਘ ਸੰਧੂ ਤੇ ਡਾ.ਪਾਤਰ ਨੇ ਗੁਰਮੀਤ ਬਾਵਾ ਤੇ ਉਸ ਦੇ ਪਤੀ ਕਿਰਪਾਲ ਬਾਵਾ ਅਤੇ ਲਾਚੀ ਤੇ ਗਲੋਰੀ ਨੂੰ ਫੁਲਕਾਰੀ ਨਾਲ ਸਨਮਾਨਤ ਕੀਤਾ| ਪ੍ਰੋਗਰਾਮ ਦਾ ਮੰਚ ਸੰਚਾਲਨ ਡਾ.ਨਿਰਮਲ ਜੌੜਾ ਤੇ ਦੀਪਕ ਸ਼ਰਮਾ ਚਨਰਾਥਲ ਨੇ ਕੀਤਾ|
ਇਸ ਤੋਂ ਪਹਿਲਾਂ ਕਲਾ ਭਵਨ ਦੇ ਵਿਹੜੇ ਵਿੱਚ ਬਜ਼ੁਰਗਾਂ ਦੇ ਪੁਆਧੀ ਜਲਸੇ ਨੇ ਖੂਬ ਰੰਗ ਬੰਨ੍ਹਿਆ| ਪੁਆਧ ਦੀ ਇਸ ਰਵਾਇਤ ਨੂੰ ਦੇਖਣ ਲਈ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਵਿੱਚ ਵੱਡੀ ਉਤਸੁਕਤਾ ਦੇਖਣ ਨੂੰ ਮਿਲੀ| ਮੇਲੇ ਦੇ ਆਖਰੀ ਦਿਨ ਕਲਾ ਪ੍ਰੀਸ਼ਦ ਦੇ ਉਪ ਚੇਅਰਪਰਸਨ ਡਾ.ਨੀਲਮ ਮਾਨ ਸਿੰਘ ਚੌਧਰੀ, ਸਕੱਤਰ ਜਨਰਲ ਡਾ.ਲਖਵਿੰਦਰ ਸਿੰਘ ਜੌਹਲ, ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਡਾ.ਸਰਬਜੀਤ ਕੌਰ ਸੋਹਲ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਤੇ ਸਕੱਤਰ ਪ੍ਰੀਤਮ ਰੁਪਾਲ, ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਦੀਵਾਨ ਮੰਨਾ, ਸਾਹਿਤਕਾਰ ਡਾ.ਸੁਰਿੰਦਰ ਗਿੱਲ, ਹਰਦਿਆਲ ਸਿੰਘ ਧੂਹੀ, ਭੋਲਾ ਕਲੈਹਿਰੀ ਵੀ ਹਾਜ਼ਰ ਸਨ|

Leave a Reply

Your email address will not be published. Required fields are marked *