ਅਰਥ-ਵਿਵਸਥਾ ਦੀਆਂ ਸਮੱਸਿਆਵਾਂ ਜੇਟਲੀ ਲਈ ਚੁਣੌਤੀ

ਅਰੁਣ ਜੇਟਲੀ ਨੇ ਵਿੱਤ ਮੰਤਰੀ ਦਾ ਕਾਰਜਭਾਰ ਦੁਬਾਰਾ ਸੰਭਾਲ ਲਿਆ| ਕਿਡਨੀ ਟਰਾਂਸਪਲਾਂਟ ਦੀ ਵਜ੍ਹਾ ਨਾਲ ਤਿੰਨ ਮਹੀਨੇ ਉਹ ਕੰਮਕਾਜ ਤੋਂ ਦੂਰ ਰਹੇ ਅਤੇ ਵਿੱਤ ਮੰਤਰਾਲੇ ਦਾ ਜਿੰਮਾ ਰੇਲਮੰਤਰੀ ਪੀਯੂਸ਼ ਗੋਇਲ ਨੇ ਸੰਭਾਲਿਆ| ਇਹਨਾਂ ਤਿੰਨ ਮਹੀਨਿਆਂ ਵਿੱਚ ਅਰਥ ਵਿਵਸਥਾ ਦੀ ਸ਼ਕਲ ਇੰਨੀ ਬਦਲ ਗਈ ਹੈ ਕਿ ਅਰੁਣ ਜੇਟਲੀ ਨੂੰ ਵੀ ਇਹ ਸ਼ਾਇਦ ਅਜਨਬੀ ਜਿਹੀ ਲੱਗੇ| ਕਈ ਅਜਿਹੀਆਂ ਚੁਣੌਤੀਆਂ ਸਾਹਮਣੇ ਆ ਖੜੀਆਂ ਹੋਈਆਂ ਹਨ, ਜਿਨ੍ਹਾਂ ਦਾ ਅਨੁਮਾਨ ਅਪ੍ਰੈਲ-ਮਈ ਵਿੱਚ ਨਹੀਂ ਲਗਾਇਆ ਜਾ ਸਕਦਾ ਸੀ| ਚੁਣਾਵੀ ਸਾਲ ਵਿੱਚ ਜੇਟਲੀ ਨੂੰ ਨਾ ਸਿਰਫ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੈ ਬਲਕਿ ਜਨਤਾ ਨੂੰ ਲੁਭਾਉਣ ਲਈ ਕਈ ਰਾਹਤ ਉਪਾਅ ਕਰਨੇ ਹਨ ਅਤੇ ਨਾਲ ਹੀ ਆਪਣੀ ਸਰਕਾਰ ਦੇ ਵਿੱਤੀ ਅਨੁਸ਼ਾਸਨ ਦਾ ਰਿਕਾਰਡ ਵੀ ਬਿਹਤਰ ਦਿਖਾਉਣਾ ਹੈ| ਵਿਰੋਧੀ ਧਿਰ ਦੇ ਇਸ ਪ੍ਰਚਾਰ ਦੀ ਕਾਟ ਵੀ ਉਨ੍ਹਾਂ ਨੂੰ ਲੱਭਣੀ ਹੈ ਕਿ ਯੂਪੀਏ ਸ਼ਾਸਨ ਦੇ ਦੌਰਾਨ ਜੀਡੀਪੀ ਦੀ ਵਾਧਾ ਦਰ ਮੋਦੀ ਸਰਕਾਰ ਤੋਂ ਜ਼ਿਆਦਾ ਸੀ| ਉਸਦੇ ਦਾਅਵੇ ਦਾ ਆਧਾਰ ਨੈਸ਼ਨਲ ਸਟੈਟਿਸਟਿਕਲ ਕਮਿਸ਼ਨ (ਐਨਐਸਸੀ ) ਦੀ ਇੱਕ ਸਬ ਕਮੇਟੀ ਵੱਲੋਂ ਜਾਰੀ ਅੰਕੜੇ ਹਨ, ਜਿਨ੍ਹਾਂ ਦੇ ਮੁਤਾਬਕ 2006 – 07 ਵਿੱਚ ਵਾਧਾ ਦਰ 9.57 ਫੀਸਦੀ ਅਤੇ 2011-12 ਵਿੱਚ 10.08 ਫ਼ੀਸਦੀ ਸੀ| ਅਰੁਣ ਜੇਟਲੀ ਅਜਿਹੇ ਸਮੇਂ ਵਿੱਚ ਵਾਪਸੀ ਕਰ ਰਹੇ ਹਨ ਜਦੋਂ ਅੰਤਰਰਾਸ਼ਟਰੀ ਹਾਲਾਤ ਸਾਡੀ ਅਰਥ ਵਿਵਸਥਾ ਉਤੇ ਕਾਫ਼ੀ ਮਾੜਾ ਅਸਰ ਪਾ ਰਹੇ ਹਨ| ਤੁਰਕੀ ਦੀ ਮੌਦਰਿਕ ਗਿਰਾਵਟ ਅਤੇ ਅਮਰੀਕਾ ਅਤੇ ਚੀਨ ਵਿੱਚ ਸ਼ੁਰੂ ਹੋਏ ਕਰੰਸੀ ਵਾਰ ਦਾ ਅਸਰ ਇਹ ਦਿਖ ਰਿਹਾ ਹੈ ਕਿ ਉਭਰਦੀ ਅਰਥ ਵਿਵਸਥਾ ਦੀਆਂ ਮੁਦਰਾਵਾਂ ਡਾਲਰ ਦੇ ਮੁਕਾਬਲੇ ਕਮਜੋਰ ਹੋ ਰਹੀਆਂ ਹਨ| ਰੁਪਏ ਦੀ ਹਾਲਤ ਵੀ ਇਸ ਵਜ੍ਹਾ ਨਾਲ ਖਸਤਾ ਚੱਲ ਰਹੀ ਹੈ| ਬੀਤੇ ਹਫਤੇ ਅੰਤਰਰਾਸ਼ਟਰੀ ਮੁਦਰਾ ਬਾਜ਼ਾਰ ਵਿੱਚ ਡਾਲਰ ਦੇ ਮੁਕਾਬਲੇ ਰੁਪਿਆ 70 . 32 ਪ੍ਰਤੀ ਡਾਲਰ ਤੱਕ ਹੇਠਾਂ ਆ ਗਿਆ| ਕੱਚੇ ਤੇਲ ਦੀਆਂ ਅੰਤਰਰਾਸ਼ਟਰੀ ਕੀਮਤਾਂ ਲਗਾਤਾਰ ਉਚੀਆਂ ਹੋ ਹੀ ਰਹੀਆਂ ਹਨ| ਇਨ੍ਹਾਂ ਦੋਵਾਂ ਸੰਕਟਾਂ ਦੇ ਕਾਰਨ ਭਾਰਤ ਦਾ ਚਾਲੂ ਖਾਤਾ ਘਾਟਾ ਵੱਧ ਗਿਆ ਹੈ | ਇਸਨੂੰ ਰੋਕਣ ਦੇ ਆਪਾਤ ਉਪਾਅ ਨਾ ਕੀਤੇ ਗਏ ਤਾਂ ਕੁੱਝ ਸਮੇਂ ਬਾਅਦ ਭਾਰਤ ਦੀ ਕਹਾਣੀ ਲਈ ਇਹ ਇੱਕ ਵੱਡਾ ਖਲਨਾਇਕ ਬਣ ਜਾਵੇਗਾ| ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦਾ ਵੱਡਾ ਹਿੱਸਾ 30 ਤੋਂ 50 ਡਾਲਰ ਪ੍ਰਤੀ ਬੈਰਲ ਦੇ ਤੇਲ ਅਤੇ 60 ਤੋਂ 65 ਰੁਪਏ ਵਿੱਚ ਮਿਲਣ ਵਾਲੇ ਡਾਲਰ ਦੇ ਨਾਲ ਗੁਜ਼ਾਰਿਆ ਹੈ, ਲਿਹਾਜਾ ਮਹਿੰਗਾਈ ਉਸਦੇ ਲਈ ਕੋਈ ਵੱਡੀ ਸਮੱਸਿਆ ਨਹੀਂ ਰਹੀ| ਇਹ ਸਹੂਲਤ ਅਗਲੀਆਂ ਆਮ ਚੋਣਾਂ ਤੱਕ ਉਸਨੂੰ ਨਹੀਂ ਮਿਲਣ ਵਾਲੀ| ਈਰਾਨ ਉਤੇ ਅਮਰੀਕੀ ਪਾਬੰਦੀ ਦਾ ਅਸਰ ਅਜੇ ਪੂਰਾ ਖੁਲਣਾ ਬਾਕੀ ਹੈ ਅਤੇ ਇਹ ਸਾਡੀਆਂ ਮੁਸ਼ਕਿਲਾਂ ਹੋਰ ਵਧਾ ਸਕਦਾ ਹੈ| ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਮਲਾਵਰ ਰੁਖ਼ ਨਾਲ ਭਾਰਤੀ ਨਿਰਯਾਤਕਾਂ ਵਿੱਚ ਬੇਚੈਨੀ ਵੱਖ ਦਿਖਾਈ ਪੈ ਰਹੀ ਹੈ| ਚੁਣਾਵੀ ਸਾਲ ਵਿੱਚ ਮਹਿੰਗਾਈ ਰੋਕਣਾ ਅਤੇ ਨਿਵੇਸ਼ ਵਧਾਉਣਾ ਹਰ ਸਰਕਾਰ ਦੇ ਅਜੇਂਡੇ ਵਿੱਚ ਸਭ ਤੋਂ ਉੱਪਰ ਹੁੰਦਾ ਹੈ| ਅਰੁਣ ਜੇਟਲੀ ਇਹ ਕੰਮ ਕਿਵੇਂ ਕਰਦੇ ਹਨ, ਇਸ ਉਤੇ ਸਭ ਦੀ ਨਜ਼ਰ ਹੋਵੇਗੀ| ਮੋਦੀ ਸਰਕਾਰ ਦੇ ਕਈ ਵਾਅਦੇ ਅਜੇ ਅਧੂਰੇ ਹਨ| 100 ਸਮਾਰਟ ਸਿਟੀ, ਇੰਸ਼ੋਰੈਂਸ ਫਾਰ ਆਲ ਅਤੇ ਹੈਲਥ ਇੰਸ਼ੋਰੈਂਸ ਵਰਗੀਆਂ ਵੱਡੀਆਂ ਯੋਜਨਾਵਾਂ ਨੂੰ ਅਮਲੀ ਜਾਮਾ ਪੁਆਇਆ ਜਾਣਾ ਬਾਕੀ ਹੈ| ਜੇਟਲੀ ਦੇ ਦੁਬਾਰਾ ਵਿੱਤ ਮੰਤਰਾਲਾ ਸੰਭਾਲਣ ਤੋਂ ਪਹਿਲਾਂ ਭਾਰਤੀਆਂ ਦੇ ਵਿਦੇਸ਼ਾਂ ਵਿੱਚ ਜਮਾਂ ਕਾਲੇ ਧਨ ਵਿੱਚ ਗਿਰਾਵਟ ਦੀ ਖਬਰ ਆ ਗਈ ਹੈ| ਉਨ੍ਹਾਂ ਦੇ ਵਿੱਤ ਮੰਤਰੀ ਰਹਿੰਦੇ ਅਜਿਹੀਆਂ ਖਬਰਾਂ ਦਾ ਟੋਟਾ ਨਹੀਂ ਪੈਣ ਵਾਲਾ|
ਮਾਨਵ

Leave a Reply

Your email address will not be published. Required fields are marked *