ਅਰਬ ਦੇਸ਼ਾਂ ਦੇ ਜਨ-ਵਿਦਰੋਹਾਂ ਦਾ ਬਦਲਦਾ ਸਰੂਪ

ਛੋਟੇ ਜਿਹੇ ਉੱਤਰ-ਪੱਛਮੀ ਅਫਰੀਕੀ ਮੁਲਕ ਟਿਊਨੀਸ਼ਿਆ ਨੂੰ ਅਰਬ ਦੁਨੀਆ ਦਾ ਪਿਛਵਾੜਾ ਹੀ ਕਿਹਾ ਜਾਵੇਗਾ। ਇੱਥੇ ਦੇ ਇੱਕ ਅਨਜਾਣੇ ਸ਼ਹਿਰ ਸੀਦੀ ਬੂਅਜੀਦ ਵਿੱਚ 10 ਸਾਲ ਪਹਿਲਾਂ ਇੱਕ ਅਜਿਹੀ ਘਟਨਾ ਵਾਪਰੀ, ਜੋ ਕਈ ਪ੍ਰਗਤੀਸ਼ੀਲ ਦੇਸ਼ਾਂ ਵਿੱਚ ਖਬਰ ਬਣਾਉਣ ਲਾਇਕ ਵੀ ਨਹੀਂ ਸਮਝੀ ਜਾਂਦੀ। ਸੜਕਾਂ ਤੇ ਫਲ ਵੇਚਣ ਵਾਲੇ ਬੇਰੁਜਗਾਰ ਨੌਜਵਾਨ ਮੁਹੰਮਦ ਬੂਅਜੀਜੀ ਦਾ ਠੇਲਾ ਇੱਕ ਮਿਉਂਸਪਲ ਇੰਸਪੈਕਟਰ ਨੇ ਜਬਤ ਕਰ ਲਿਆ। ਅਜਿਹਾ ਉਸਨੇ ਕਿਉਂ ਕੀਤਾ, ਇਸਦੀ ਕੋਈ ਜਾਂਚ ਨਹੀਂ ਹੋ ਸਕੀ। ਦੁਨੀਆ ਇਸ ਬਾਰੇ ਜੋ ਵੀ ਜਾਣਦੀ ਹੈ, ਮੁਹੰਮਦ ਬੂਅਜੀਜੀ ਦੇ ਫੇਸਬੁਕ ਤੇ ਜਾਰੀ ਬਿਆਨ ਤੋਂ ਹੀ ਜਾਣਦੀ ਹੈ, ਜਿਸ ਵਿੱਚ ਉਸਨੇ ਕਿਹਾ ਸੀ-‘ਮਿਹਨਤ ਕਰਕੇ ਪੇਟ ਪਾਲਨਾ ਵੀ ਟਿਊਨੀਸ਼ਿਆ ਵਿੱਚ ਕਿੱਥੇ ਹੋ ਪਾਉਂਦਾ ਹੈ? ਸਰਕਾਰੀ ਅਮਲਾ ਕਦਮ-ਕਦਮ ਤੇ ਤੁਹਾਡੇ ਤੋਂ ਰਿਸ਼ਵਤ ਮੰਗਦਾ ਹੈ। ਨਾ ਦੇਣ ਤੇ ਮਾਰਦਾ-ਕੁੱਟਦਾ ਹੈ, ਰੋਜੀ ਦਾ ਜਰੀਆ ਖੋਹ ਲੈਂਦਾ ਹੈ ਉਹ ਵੱਖ। ਅਜਿਹੇ ਜਿਊਣ ਤੋਂ ਤਾਂ ਮਰਨਾ ਹੀ ਚੰਗਾ!’ ਸੀਮਿਤ ਦਾਇਰੇ ਵਿੱਚ ਲੋਕਾਂ ਨੇ ਉਸਦੀ ਗੱਲ ਸੁਣੀ, ਤੇਲ ਛਿੜਕ ਕੇ ਅੱਗ ਲਗਾਉਂਦੇ, ਮਿੱਟੀ ਹੁੰਦੇ, ਉਸਦੀਆਂ ਤਸਵੀਰਾਂ ਦੇਖੀਆਂ ਅਤੇ ਚਰਚਾ ਨੂੰ ਇਸ ਤਰ੍ਹਾਂ ਖੰਭ ਲੱਗੇ ਕਿ ਅਗਲੇ ਹੀ ਦਿਨ ਸਾਰਾ ਟਿਊਨੀਸ਼ਿਆ ਸੜਕ ਤੇ ਉਤਰ ਆਇਆ।

ਇਹ 18 ਦਸੰਬਰ 2010 ਦੀ ਗੱਲ ਹੈ। ਉਦੋਂ ਤੱਕ ਪੂਰੀ ਅਰਬ ਦੁਨੀਆ ਖਾਨਦਾਨੀ ਸ਼ਾਹਾਂ ਅਤੇ ਫੌਜੀ ਤਾਨਾਸ਼ਾਹਾਂ ਦੀ ਗ੍ਰਿਫਤ ਵਿੱਚ ਸੀ। ਇੰਝ ਹੀ ਇੱਕ ਸ਼ਾਸਕ ਜੈਨੁਲ ਆਬਿਦੀਨ ਬੇਨ ਅਲੀ ਦੀ ਹਕੂਮਤ ਟਿਊਨੀਸ਼ਿਆ ਵਿੱਚ 24 ਸਾਲ ਤੋਂ ਚੱਲ ਰਹੀ ਸੀ। ਸਾਫ ਹੈ, ਲੋਕਾਂ ਦਾ ਗੁੱਸਾ ਸ਼ਾਂਤ ਕਰਨ ਦੀ ਕੋਈ ਲੋੜ ਉਸਨੂੰ ਨਹੀਂ ਮਹਿਸੂਸ ਹੋਈ। ਸਿੱਧਾ ਬਿਆਨ ਜਾਰੀ ਕੀਤਾ ਕਿ ਮਰਨ ਵਾਲੇ ਦੇ ਨਾਲ ਇਨਸਾਫ ਹੋਵੇਗਾ, ਪਰ ਹੱਲਾ ਮਚਾਉਣ ਵਾਲੇ ਠੰਡੇ ਹੋ ਕੇ ਘਰ ਵਿੱਚ ਨਾ ਬੈਠੇ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਸ਼ਾਇਦ ਉਸਦੀ ਮਸ਼ੀਨਰੀ ਨੂੰ ਸੋਸ਼ਲ ਮੀਡੀਆ ਦੀ ਤਾਕਤ ਦਾ ਅੰਦਾਜਾ ਨਹੀਂ ਸੀ। ਨਾ ਹੀ ਇਸਦਾ ਕਿ 2008 ਦੀ ਮੰਦੀ ਨੇ ਲੋਕਾਂ ਦਾ ਜਿਊਣਾ ਇਸ ਪ੍ਰਕਾਰ ਹਰਾਮ ਕਰ ਰੱਖਿਆ ਹੈ ਕਿ ਲਾਠੀ-ਗੋਲੀ ਤੋਂ ਡਰਨ ਦੇ ਬਜਾਏ ਨਿਜਾਮ ਨਾਲ ਲੜਦੇ ਹੋਏ ਮਰ ਜਾਣਾ ਉਹ ਜ਼ਿਆਦਾ ਪਸੰਦ ਕਰਣਗੇ। ਸਿਰਫ 27 ਦਿਨ ਵਿੱਚ ਹਾਲਾਤ ਇਸ ਤਰ੍ਹਾਂ ਬੇਕਾਬੂ ਹੋਏ ਕਿ 14 ਜਨਵਰੀ ਨੂੰ ਬੇਨ ਅਲੀ ਟਿਊਨੀਸ਼ਿਆ ਨੂੰ ਆਪਣੇ ਹਾਲ ਤੇ ਛੱਡ ਕੇ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਦੇ ਨਾਲ ਰਾਤੋਂ-ਰਾਤ ਸਾਊਦੀ ਅਰਬ ਲਈ ਫਰਾਰ ਹੋ ਗਿਆ।

ਧਿਆਨ ਰਹੇ, ਇਸ ਅੰਦੋਲਨ ਨਾਲ ਜੁੜੇ ਸਾਰੇ ਸੁਨੇਹੇ ਸੋਸ਼ਲ ਮੀਡੀਆ ਤੇ ਅਰਬੀ ਭਾਸ਼ਾ ਵਿੱਚ ਹੀ ਜਾਰੀ ਹੋ ਰਹੇ ਸਨ। ਪਹਿਲੀ ਵਾਰ ਦੁਨੀਆ ਵਿੱਚ ਇੱਕ ਅਜਿਹੇ ਸੰਚਾਰ ਮਾਧਿਅਮ ਦਾ ਖੇਡ ਦਿਖਾਈ ਪੈ ਰਿਹਾ ਸੀ, ਜੋ ਕਾਫੀ ਹੱਦ ਤੱਕ ਸਰਕਾਰ ਦੇ ਕੰਟਰੋਲ ਤੋਂ ਬਾਹਰ ਸੀ ਅਤੇ ਭਾਸ਼ਾ ਤੋਂ ਇਲਾਵਾ ਜਿਸਦੀ ਹੋਰ ਕੋਈ ਹੱਦ ਨਹੀਂ ਸੀ। ਅਜਿਹੇ ਵਿੱਚ ਇਸਦਾ ਅਸਰ ਬਾਕੀ ਅਰਬ ਦੇਸ਼ਾਂ ਤੇ ਪੈਣਾ ਲਾਜਮੀ ਸੀ। ਇਸਦਾ ਪਹਿਲਾ ਝਟਕਾ ਇਜਿਪਟ ਨੂੰ ਲੱਗਿਆ, ਜਿੱਥੇ ਹੋਸਨੀ ਮੁਬਾਰਕ ਬੇਨ ਅਲੀ ਤੋਂ ਵੀ ਪਹਿਲਾਂ ਤੋਂ, ਪੂਰੇ 30 ਸਾਲਾਂ ਤੋਂ ਸੱਤਾ ਤੇ ਕਾਬਿਜ ਸੀ। ਉੱਥੇ ਰਾਜਧਾਨੀ ਕਾਹਿਰਾ ਦੇ ਵਿਸ਼ਾਲ ਮੈਦਾਨ ਤਹਰੀਰ ਚੌਂਕ ਤੇ 25 ਜਨਵਰੀ 2011 ਨੂੰ ਜਨਤਾ ਦਾ ਇੰਨਾ ਵੱਡਾ ਜਮਾਵੜਾ ਲੱਗਿਆ ਕਿ ਮੁਬਾਰਕ ਦੀ ਵਿਦਾਈ ਉਸੀ ਦਿਨ ਤੈਅ ਹੋ ਗਈ। ਅਰਬ ਦੇਸ਼ਾਂ ਦੇ ਇਸ ਜਨ-ਵਿਦਰੋਹ ਨੂੰ ‘ਅਰਬ ਸਪ੍ਰਿੰਗ’ ਦਾ ਨਾਮ ਦਿੱਤਾ ਅਤੇ ਦੁਨੀਆ ਭਰ ਦੇ ਸੰਚਾਰ ਮਾਧਿਅਮਾਂ ਵਿੱਚ ਇਸਨੂੰ ਭਰਪੂਰ ਕਵਰੇਜ ਵੀ ਉਦੋਂ ਤੋਂ ਮਿਲਣੀ ਸ਼ੁਰੂ ਹੋਈ। ਇਸਦੇ ਗਲੋਬਲ ਪ੍ਰਭਾਵ ਦਾ ਅੰਦਾਜਾ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਅਪ੍ਰੈਲ 2011 ਵਿੱਚ ਭਾਰਤ ਵਿੱਚ ਸ਼ੁਰੂ ਹੋਏ ਜਨ ਲੋਕਪਾਲ ਅੰਦੋਲਨ ਵਿੱਚ ਜੰਤਰ-ਮੰਤਰ ਦੀ ਤੁਲਣਾ ਤਹਰੀਰ ਚੌਂਕ ਨਾਲ ਅਕਸਰ ਕੀਤੀ ਜਾਂਦੀ ਸੀ।

ਦੇਖਦੇ-ਦੇਖਦੇ ਅਰਬ ਦੇ ਇਸ ਰਾਜਨੀਤਕ ਬਸੰਤ ਦਾ ਅਸਰ ਲੀਬਿਆ, ਅਲਜੀਰਿਆ, ਮੋਰਕੋ, ਸੂਡਾਨ, ਸੀਰਿਆ, ਲੇਬਨਾਨ, ਜਾਰਡਨ, ਫਲਸਤੀਨ, ਇਰਾਕ, ਕੁਵੈਤ, ਸਾਊਦੀ ਅਰਬ, ਬਹਰੀਨ, ਓਮਾਨ ਅਤੇ ਯਮਨ ਤੱਕ ਦਿੱਖਣ ਲੱਗਿਆ, ਹਾਲਾਂਕਿ ਇਸਦੀ ਜ਼ਮੀਨੀ ਸ਼ਕਲ ਹਰ ਥਾਂ ਵੱਖਰੀ ਸੀ। ਲਗਾਤਾਰ 18 ਦਿਨਾਂ ਦੇ ਉਗਰ ਪ੍ਰਦਰਸ਼ਨ ਤੋਂ ਬਾਅਦ 11 ਫਰਵਰੀ 2010 ਨੂੰ ਇਜਿਪਟ ਦੇ ਤਾਨਾਸ਼ਾਹ ਹੋਸਨੀ ਮੁਬਾਰਕ ਨੇ ਗੱਦੀ ਛੱਡੀ। ਲੀਬੀਆ ਵਿੱਚ 38 ਸਾਲਾਂ ਤੋਂ ਕਾਇਮ ਮੁਅੰਮਰ ਗੱਦਾਫੀ ਦੀ ਸੱਤਾ ਦਾ ਆਧਾਰ ਕਬਿਲਾਈ ਸਵਾਮੀਭਗਤੀ ਵਾਲਾ ਸੀ, ਲਿਹਾਜਾ ਉੱਥੇ ਬਾਕੀ ਕਬੀਲਿਆਂ ਨੇ ਬਗਾਵਤ ਕੀਤੀ ਅਤੇ ਛੇ ਮਹੀਨੇ ਚਲੇ ਗ੍ਰਹਿ ਯੁੱਧ ਤੋਂ ਬਾਅਦ 23 ਅਗਸਤ 2011 ਨੂੰ ਉਸਨੂੰ ਸੱਤਾ ਤੋਂ ਹਟਾਉਣ ਵਿੱਚ ਸਫਲਤਾ ਹਾਸਿਲ ਕੀਤੀ। ਇਸਤੋਂ ਵੀ ਤਿੰਨ ਮਹੀਨੇ ਬਾਅਦ ਉਸਦੇ ਗ੍ਰਹਿਨਗਰ ਸਿਰਤੇ ਵਿੱਚ ਉਸਨੂੰ ਭੇਸ ਬਦਲ ਕੇ ਭੱਜਦੇ ਹੋਏ ਫੜਿਆ ਗਿਆ ਅਤੇ ਬਹੁਤ ਬੁਰੀ ਮੌਤ ਮਾਰਿਆ ਗਿਆ। ਅਫਸੋਸ ਕਿ ਲੀਬਿਆ ਵਿੱਚ ਅਰਬ ਸਪ੍ਰਿੰਗ ਦੇ ਨਾਲ ਸ਼ੁਰੂ ਹੋਇਆ ਗ੍ਰਹਿ ਯੁੱਧ ਹੁਣ ਤੱਕ ਜਾਰੀ ਹੈ। ਯਮਨ ਵਿੱਚ 22 ਸਾਲ ਤੋਂ ਸੱਤਾਸੀਨ ਅਲੀ ਅਬਦੁੱਲਾ ਸਾਲੇਹ ਨੇ ਸੱਤਾ ਛੱਡਣ ਵਿੱਚ ਦੇਰ ਕੀਤੀ ਅਤੇ ਫਰਵਰੀ 2012 ਵਿੱਚ ਸ਼ਿਆ-ਸੁੰਨੀ ਟਕਰਾਅ ਆਪਣੇ ਪਿੱਛੇ ਛੱਡ ਗਿਆ।

ਬਾਕੀ ਅਰਬ ਦੇਸ਼ਾਂ ਵਿਚੋਂ ਕੁਝ ਇੱਕ ਵਿੱਚ ਸ਼ਾਸਕਾਂ ਨੇ ਛੇਤੀ ਹੀ ਸੱਤਾ ਛੱਡਣ ਦੀ ਗੱਲ ਕਹਿ ਕੇ ਆਪਣੀ ਜਾਨ ਬਚਾਈ। 22 ਸਾਲ ਤੋਂ ਸੱਤਾ ਤੇ ਕਾਬਿਜ ਸੂਡਾਨ ਦੇ ਰਾਸ਼ਟਰਪਤੀ ਉਮਰ ਅਲ ਬਸ਼ੀਰ ਨੇ ਘੋਸ਼ਣਾ ਕੀਤੀ ਕਿ ਉਹ 2015 ਵਿੱਚ ਹੋਣ ਵਾਲੀਆਂ ਅਗਲੀਆਂ ਚੋਣਾਂ ਨਹੀਂ ਲੜਨਗੇ। ਬਾਅਦ ਵਿੱਚ ਉਹ ਆਪਣੀ ਗੱਲ ਤੋਂ ਪਲਟ ਗਿਆ ਅਤੇ ਕੁੱਲ 30 ਸਾਲ ਰਾਜ ਕਰਨ ਤੋਂ ਬਾਅਦ 2019 ਵਿੱਚ ਫੌਜੀ ਤਖਤਾਪਲਟ ਰਾਹੀਂ ਸੱਤਾ ਤੋਂ ਹਟਾਇਆ ਗਿਆ। ਇਰਾਕ ਦੇ ਪ੍ਰੋ-ਅਮਰੀਕੀ ਪ੍ਰਧਾਨ ਮੰਤਰੀ ਨੂਰੀ ਅਲ-ਮਲਿਕੀ ਨੂੰ ਉੱਥੇ ਦੇ ਉਥੇ ਹੀ ਅਸਤੀਫਾ ਦਵਾਉਣ ਲਈ ਕਈ ਉਗਰ ਅੰਦੋਲਨ 2011 ਵਿੱਚ ਚਲੇ ਜਦੋਂ ਕਿ ਉਹ 2014 ਦੀਆਂ ਚੋਣਾਂ ਨਾ ਲੜਨ ਦੀ ਗੱਲ ਕਹਿੰਦੇ ਰਹੇ। ਜਾਰਡਨ ਵਿੱਚ ਸਰਕਾਰ ਵਿਰੋਧੀ ਅੰਦੋਲਨਾਂ ਦੇ ਪ੍ਰਭਾਵ ਵਿੱਚ ਕੁੱਲ ਚਾਰ ਸਰਕਾਰਾਂ ਕਿੰਗ ਅਬਦੁਲਾ ਨੇ ਬਰਖਾਸਤ ਕੀਤੀਆਂ ਅਤੇ ਕੁਵੈਤ ਵਿੱਚ ਪ੍ਰਧਾਨ ਮੰਤਰੀ ਨਾਸਿਰ ਅਲੀ ਸਬਾਹ ਨੂੰ ਆਪਣੀ ਕੈਬੀਨੇਟ ਸਮੇਤ ਅਸਤੀਫਾ ਦੇਣਾ ਪਿਆ। ਇੰਨੇ ਸਾਰੇ ਸਰਵਸੱਤਾਵਾਦੀ ਸ਼ਾਸਕਾਂ ਨੂੰ ਧੂੜ ਚਟਾਉਣ ਵਿੱਚ ਕਾਮਯਾਬੀ ਇੰਨੇ ਘੱਟ ਸਮੇਂ ਅਤੇ ਇੰਨੇ ਵੱਡੇ ਭੂਗੋਲ ਵਿੱਚ ਸ਼ਾਇਦ ਹੀ ਕਿਸੇ ਜਨ ਅੰਦੋਲਨ ਨੂੰ ਹਾਸਿਲ ਹੋਈ ਹੋਵੇ।

ਬਹਿਰਹਾਲ, ਅਰਬ ਸਪ੍ਰਿੰਗ ਦੀਆਂ ਨਾਕਾਮੀਆਂ ਇਨ੍ਹਾਂ ਸਫਲਤਾਵਾਂ ਤੋਂ ਕਾਫੀ ਵੱਡੀਆਂ ਹਨ। ਸਿਰਿਆ ਅਤੇ ਇਰਾਕ, ਦੋਵਾਂ ਦੇਸ਼ਾਂ ਦੀਆਂ ਸ਼ਿਆ ਬਹੁਲ ਸੱਤਾਵਾਂ ਦੇ ਖਿਲਾਫ 2011 ਵਿੱਚ ਜਾਹਿਰ ਰੋਸ ਵਿੱਚ ਇੱਕ ਸੁੰਨੀ ਰੰਗ ਵੀ ਮੌਜੂਦ ਸੀ, ਜਿਸਦੇ ਲਈ ਬਦਲਾਅ ਦਾ ਮਤਲਬ ਕੁਝ ਹੋਰ ਸੀ। ਸਮਾਜ ਦੇ ਇਸ ਹਿੱਸੇ ਨੇ ਕਿਤੇ ਅਲਕਾਇਦਾ ਤੇ ਕਿਤੇ ਇਸਲਾਮਿਕ ਸਟੇਟ ਦੇ ਝੰਡੇ ਹੇਠਾਂ ਬਗਾਵਤ ਕੀਤੀ ਅਤੇ 2015 ਆਉਂਦੇ-ਆਉਂਦੇ ਇਸਦਾ ਘਾਤਕ, ਫਿਰਕੂ ਚਿਹਰਾ ਜਗਜਾਹਿਰ ਹੋਣ ਲੱਗਿਆ। ਇਸਤੋਂ ਵੀ ਅਫਸੋਸਨਾਕ ਗੱਲ ਇਹ ਰਹੀ ਕਿ ਸਾਊਦੀ ਅਰਬ, ਤੁਰਕੀ ਅਤੇ ਬਰਾਕ ਓਬਾਮਾ ਦੀ ਅਮਰੀਕੀ ਸੱਤਾ ਨੇ ਲਗਾਤਾਰ ਕਿਸੇ ਨਾ ਕਿਸੇ ਪੱਧਰ ਤੇ ਇਸਲਾਮਿਕ ਸਟੇਟ ਨੂੰ ਆਪਣਾ ਸਮਰਥਨ ਦਿੱਤਾ। ਇਸ ਗਿਰੋਹ ਨੇ ਪੂਰੇ ਅਰਬ ਵਿਸ਼ਵ ਵਿੱਚ ਗੈਰ-ਸੁੰਨੀ ਆਬਾਦੀ ਦੇ ਖਿਲਾਫ ਕਈ ਅਸਭਿਅ ਕਤਲੇਆਮਾਂ ਨੂੰ ਅੰਜਾਮ ਦਿੱਤਾ ਅਤੇ ਸਿਰਫ ਪੰਜ ਸਾਲ ਵਿੱਚ ਅਰਬ ਸਪ੍ਰਿੰਗ ਦੀ ਭਾਵਨਾ ਨੂੰ ਬਹੁਤ ਦੂਰ ਅਤੀਤ ਦੀ ਚੀਜ ਬਣਾ ਦਿੱਤਾ। ਇਹ ਸਿਲਸਿਲਾ ਅੱਗੇ ਵੀ ਜਾਰੀ ਰਹਿੰਦਾ, ਪਰ 2016 ਵਿੱਚ ਰੂਸੀ ਦਖਲ ਨਾਲ ਇਸਲਾਮਿਕ ਸਟੇਟ ਦੇ ਮਦਦਗਾਰਾਂ ਦੀ ਪੋਲਪੱਟੀ ਖੁੱਲ ਗਈ।

ਸਬਕ ਇਹ ਕਿ ਵੱਡੇ ਦਾਇਰਿਆਂ ਦਾ ਕੋਈ ਵੀ ਜਨ ਅੰਦੋਲਨ ਚਾਹੇ ਕਿੰਨੀਆਂ ਵੀ ਸਹੀ ਮੰਗਾਂ ਅਤੇ ਪਵਿਤਰ ਇਰਾਦਿਆਂ ਦੇ ਨਾਲ ਸ਼ੁਰੂ ਕੀਤਾ ਗਿਆ ਹੋਵੇ, ਉਸਨੂੰ ਲੋਕਾਂ ਦੇ ਧਾਰਮਿਕ ਵਿਚਾਰਾਂ ਨੂੰ ਲੈ ਕੇ ਹਮੇਸ਼ਾ ਚੇਤੰਨ ਰਹਿਣਾ ਚਾਹੀਦਾ ਹੈ। ਬਾਹਰ ਖੜੀਆਂ ਤਾਕਤਾਂ, ਚਾਹੇ ਉਹ ਕਿੰਨੀਆਂ ਵੀ ਪਾਕ-ਸਾਫ਼ ਕਿਉਂ ਨਾ ਲੱਗਦੀਆਂ ਹੋਣ, ਆਪਣੇ ਛੋਟੇ-ਮੋਟੇ ਫਾਇਦਿਆਂ ਲਈ ਵੀ ਉਹਨਾਂ ਦੇ ਸਾਰੇ ਕੀਤੇ ਕਰਾਏ ਤੇ ਪਾਣੀ ਫੇਰ ਸਕਦੀਆਂ ਹਨ, ਇਸ ਗੱਲ ਨੂੰ ਲੈ ਕੇ ਵੀ ਅਜਿਹੇ ਅੰਦੋਲਨਾਂ ਨੂੰ ਹਮੇਸ਼ਾ ਜਾਗਰੂਕ ਰਹਿਣਾ ਚਾਹੀਦਾ ਹੈ। ਅਤੀਤ ਦੇ ਉਪਨਿਵੇਸ਼ਵਾਦ ਵਿਰੋਧੀ ਅੰਦੋਲਨ ਜਾਂ ਹੋਰ ਲੋਕੰਤਾਂਤਰਿਕ ਅੰਦੋਲਨਾਂ ਦੀ ਤਰ੍ਹਾਂ ਕੋਈ ਸੰਗਠਿਤ ਅਗਵਾਈ ਨਵੇਂ ਜਨ ਅੰਦੋਲਨਾਂ ਵਿੱਚ ਨਹੀਂ ਦਿਖਾਈ ਪੈਂਦੀ। ਇਹ ਸ਼ੁਰੂ ਵਿੱਚ ਬੇਸ਼ੱਕ ਹੀ ਇਹਨਾਂ ਦੀ ਤਾਕਤ ਲੱਗਦੀ ਹੋਵੇ ਪਰ ਬਾਅਦ ਵਿੱਚ ਇਹਨਾਂ ਦੀ ਸਭਤੋਂ ਵੱਡੀ ਕਮਜੋਰੀ ਸਾਬਿਤ ਹੁੰਦੀ ਹੈ। ਸਾਫ ਹੈ, ਵਿਚਾਰਧਾਰਾ ਅਤੇ ਸੰਗਠਨ ਅਗਵਾਈ ਨਾਲ ਇਨ੍ਹਾਂ ਦੀ ਐਲਰਜੀ ਦਾ ਹੱਲ ਸਮਾਂ ਰਹਿੰਦੇ ਲਭਿਆ ਜਾਣਾ ਚਾਹੀਦਾ ਹੈ।

ਚੰਦਰਭੁਸ਼ਣ

Leave a Reply

Your email address will not be published. Required fields are marked *