ਅਰੁਨਾ ਚੌਧਰੀ ਵੱਲੋਂ ਛਪਾਈ ਦਾ ਕੰਮ ਸਰਕਾਰੀ ਪ੍ਰੈਸਾਂ ਤੋਂ ਕਰਵਾਉਣ ਦੀ ਹਿਦਾਇਤ

ਚੰਡੀਗੜ੍ਹ, 31 ਜੁਲਾਈ (ਸ.ਬ.)  ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਅਤੇ ਇਸ ਅਧੀਨ ਸਮੂਹ ਕਮਿਸ਼ਨਾਂ ਦੇ ਉਚ ਅਧਿਕਾਰੀਆਂ ਨੂੰ ਵੱਖ-ਵੱਖ ਸਕੀਮਾਂ ਅਧੀਨ ਹੁੰਦਾ ਛਪਾਈ ਦਾ ਸਾਰਾ ਕੰਮ ਮੁਹਾਲੀ ਅਤੇ ਪਟਿਆਲਾ ਸਥਿਤ ਸਰਕਾਰੀ ਪ੍ਰੈਸਾਂ ਤੋਂ ਕਰਾਉਣ ਦੀ ਹਿਦਾਇਤ ਕੀਤੀ ਹੈ| ਇਸ ਸੰਬੰਧੀ ਸ੍ਰੀਮਤੀ ਚੌਧਰੀ ਨੇ ਵਿਭਾਗ ਦੇ ਡਾਇਰੈਕਟਰ ਸ੍ਰੀ ਦੀਪਰਵਾ ਲਾਕਰਾ ਨੂੰ ਕਿਹਾ ਹੈ ਕਿ ਉਹ ਹੈਡਕੁਆਰਟਰ ਅਤੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਦੀ ਹੰਗਾਮੀ ਮੀਟਿੰਗ ਕਰਕੇ ਵਿਭਾਗ ਅਧੀਨ ਚਲਦੀਆਂ ਵੱਖ-ਵੱਖ ਸਰਕਾਰੀ ਸਕੀਮਾਂ ਅਧੀਨ ਲੰਬਤ ਪਏ ਛਪਾਈ ਦੇ ਕੰਮਾਂ ਦੀ ਰਿਪੋਰਟ ਤਿਆਰ ਕਰਨ| 
ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ਦੀਆਂ ਸਰਕਾਰੀ ਪ੍ਰੈਸਾਂ ਨੂੰ ਕਾਰਆਮਦ ਰੱਖਣ ਅਤੇ ਕਰਦਾਤਾਵਾਂ ਦਾ ਪੈਸਾ ਬਚਾਉਣ ਦੇ ਸਨਮੁੱਖ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਛਪਾਈ ਦਾ ਕੰਮ ਸਿਰਫ਼ ਸਰਕਾਰੀ ਪ੍ਰੈਸਾਂ ਤੋਂ ਕਰਾਉਣ ਦਾ ਫ਼ੈਸਲਾ ਲਿਆ ਹੈ| ਸ੍ਰੀਮਤੀ ਅਰੁਨਾ ਚੌਧਰੀ ਨੇ ਕਿਹਾ ਕਿ ਮੁਹਾਲੀ ਅਤੇ ਪਟਿਆਲਾ ਸਥਿਤ ਸਰਕਾਰੀ ਪ੍ਰੈਸਾਂ ਖੁੱਲ੍ਹੀ ਥਾਂ ਤੇ ਬਣੀਆਂ ਹੋਈਆਂ ਹਨ ਅਤੇ ਇਨ੍ਹਾਂ ਪ੍ਰੈਸਾਂ ਵਿੱਚ ਲੋੜੀਂਦਾ ਸਟਾਫ਼ ਵੀ ਉਪਲਬਧ ਹੈ ਪਰ ਸੂਬੇ ਦੇ ਵਿਭਾਗਾਂ ਵੱਲੋਂ ਛਪਾਈ ਦਾ ਕੰਮ ਪ੍ਰਾਈਵੇਟ ਪ੍ਰੈਸਾਂ ਤੋਂ ਕਰਾਉਣ ਕਰ ਕੇ ਇਨ੍ਹਾਂ ਦਾ ਪੂਰਾ-ਪੂਰਾ ਉਪਯੋਗ ਨਹੀਂ ਹੋ ਰਿਹਾ|
ਕੈਬਨਿਟ ਮੰਤਰੀ ਨੇ ਕਿਹਾ ਕਿ ਹੰਗਾਮੀ ਹਾਲਾਤ ਦੇ ਸਨਮੁੱਖ ਜੇਕਰ ਛਪਾਈ ਦਾ ਕੋਈ ਕੰਮ ਪ੍ਰਾਈਵੇਟ ਪ੍ਰੈਸਾਂ ਤੋਂ ਕਰਵਾਇਆ ਜਾਣਾ ਜ਼ਰੂਰੀ ਹੈ ਤਾਂ ਉਸ ਸਬੰਧੀ ਛਪਾਈ ਤੇ ਲਿਖਣ ਸਮੱਗਰੀ ਵਿਭਾਗ ਤੋਂ ਇਤਰਾਜ਼ਹੀਣਤਾ ਸਰਟੀਫ਼ਿਕੇਟ ਲੈ ਲਿਆ ਜਾਵੇ| 

Leave a Reply

Your email address will not be published. Required fields are marked *